- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਧਿਆਪਕਾਂ ਦੀ ਇਸ ਅਨੁਸ਼ਾਸਨਹੀਣਤਾ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਵਿਭਾਗ ਨੇ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਇਕ ਹੋਰ ਅੰਤਿਮ ਮੌਕਾ ਦਿੱਤਾ ਹੈ। ਜੇਕਰ ਉਹ ਹੁਣ ਵੀ ਨਿਰਧਾਰਤ ਸਮੇਂ ਅੰਦਰ ਪੜਤਾਲੀਆ ਅਫਸਰ ਸਾਹਮਣੇ ਪੇਸ਼ ਨਹੀਂ ਹੁੰਦੇ ਜਾਂ ਲਿਖਤੀ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ, 1970 ਦੇ ਰੂਲ 8 (ਰੈੱਡ ਵਿੱਦ ਰੂਲ 5) ਤਹਿਤ ਅਗਲੇਰੀ ਇਕਤਰਫ਼ਾ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਜਿਸ ’ਚ ਉਨ੍ਹਾਂ ਦੀ ਸਰਵਿਸ ਬਰਖ਼ਾਸਤਗੀ ਵੀ ਸ਼ਾਮਲ ਹੋ ਸਕਦੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਸਿੱਖਿਆ ਵਿਭਾਗ ਨੇ ਬਿਨਾਂ ਦੱਸੇ ਤੇ ਗ਼ੈਰ ਕਾਨੂੰਨੀ ਤੌਰ 'ਤੇ ਲਗਾਤਾਰ ਛੁੱਟੀ 'ਤੇ ਚੱਲ ਰਹੇ ਦੋ ਅਧਿਆਪਕਾਂ ਵਿਰੁੱਧ ਸਖ਼ਤ ਰੁਖ਼ ਅਪਣਾਉਂਦਿਆਂ ਦੋਸ਼ ਪੱਤਰ (ਚਾਰਜਸ਼ੀਟ) ਜਾਰੀ ਕੀਤਾ ਹੈ। ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਅਨੁਸ਼ਾਸਨੀ ਕਾਰਵਾਈ ਤੋਂ ਪਹਿਲਾਂ ਆਪਣਾ ਪੱਖ ਰੱਖਣ ਲਈ ਇਕ ਹੋਰ ਅੰਤਿਮ ਮੌਕਾ ਦਿੱਤਾ ਗਿਆ ਹੈ। ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦੇ ਦਫ਼ਤਰ ਵੱਲੋਂ ਜਾਰੀ ਪਬਲਿਕ ਨੋਟਿਸ ਮੁਤਾਬਕ ਸਰਕਾਰੀ ਹਾਈ ਸਕੂਲ, ਭਿੰਡੀ ਔਲਖ, (ਅੰਮ੍ਰਿਤਸਰ) ਦਾ ਅਧਿਆਪਕ ਹਰਪ੍ਰੀਤ ਸਿੰਘ ਤੇ ਸਰਕਾਰੀ ਸਕੂਲ ਅੰਬਾਲਾ ਜੱਟਾਂ (ਹੁਸ਼ਿਆਰਪੁਰ) ਦੀ ਅਧਿਆਪਕਾ ਰੋਮੀ ਰਾਣੀ ਲੰਬੇ ਸਮੇਂ ਤੋਂ ਬਿਨਾਂ ਕਿਸੇ ਉੱਚ ਅਧਿਕਾਰੀ ਦੀ ਮਨਜ਼ੂਰੀ ਤੋਂ ਆਪਣੀ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿ ਰਹੇ ਹਨ। ਵਿਭਾਗ ਵੱਲੋਂ ਇਸ ਤੋਂ ਪਹਿਲਾਂ ਵੀ ਇਨ੍ਹਾਂ ਅਧਿਆਪਕਾਂ ਨੂੰ ਕਈ ਵਾਰ ਨੋਟਿਸ ਜਾਰੀ ਕਰ ਕੇ ਪੜਤਾਲੀਆ ਅਫ਼ਸਰ ਸਾਹਮਣੇ ਪੇਸ਼ ਹੋ ਕੇ ਆਪਣੀ ਸਫ਼ਾਈ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਹੁਣ ਤੱਕ ਨਾ ਤਾਂ ਇਹ ਅਧਿਆਪਕ ਵਿਭਾਗੀ ਜਾਂਚ ਦੌਰਾਨ ਸਮਰੱਥ ਪੜਤਾਲੀਆਂ ਅਫ਼ਸਰ ਅੱਗੇ ਪੇਸ਼ ਹੋਏ ਹਨ ਤੇ ਨਾ ਹੀ ਉਨ੍ਹਾਂ ਲਿਖਤੀ ਰੂਪ ’ਚ ਆਪਣਾ ਕੋਈ ਸਪੱਸ਼ਟੀਕਰਨ ਹੀ ਦਿੱਤਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਕਰਮਚਾਰੀ ਦੀ ਸਰਕਾਰੀ ਨੌਕਰੀ ’ਚ ਦਿਲਚਸਪੀ ਨਹੀਂ ਹੈ।
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਧਿਆਪਕਾਂ ਦੀ ਇਸ ਅਨੁਸ਼ਾਸਨਹੀਣਤਾ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਵਿਭਾਗ ਨੇ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਇਕ ਹੋਰ ਅੰਤਿਮ ਮੌਕਾ ਦਿੱਤਾ ਹੈ। ਜੇਕਰ ਉਹ ਹੁਣ ਵੀ ਨਿਰਧਾਰਤ ਸਮੇਂ ਅੰਦਰ ਪੜਤਾਲੀਆ ਅਫਸਰ ਸਾਹਮਣੇ ਪੇਸ਼ ਨਹੀਂ ਹੁੰਦੇ ਜਾਂ ਲਿਖਤੀ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ, 1970 ਦੇ ਰੂਲ 8 (ਰੈੱਡ ਵਿੱਦ ਰੂਲ 5) ਤਹਿਤ ਅਗਲੇਰੀ ਇਕਤਰਫ਼ਾ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਜਿਸ ’ਚ ਉਨ੍ਹਾਂ ਦੀ ਸਰਵਿਸ ਬਰਖ਼ਾਸਤਗੀ ਵੀ ਸ਼ਾਮਲ ਹੋ ਸਕਦੀ ਹੈ।
ਪਬਲਿਕ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ-ਅੰਦਰ ਸਬੰਧਤ ਅਧਿਆਪਕ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਦੇ ਸਾਹਮਣੇ ਕਿਸੇ ਵੀ ਕੰਮ ਵਾਲੇ ਦਿਨ ਪੇਸ਼ ਹੋ ਕੇ ਲਿਖਤੀ ਰੂਪ ’ਚ ਆਪਣਾ ਪੱਖ ਪੇਸ਼ ਕਰ ਸਕਦਾ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮਿਥੇ ਸਮੇਂ ’ਚ ਜਵਾਬ ਨਾ ਦੇਣ ਦੀ ਸੂਰਤ ’ਚ ਇਹ ਸਮਝਿਆ ਜਾਵੇਗਾ ਕਿ ਕਰਮਚਾਰੀ ਆਪਣੇ ਪੱਖ ’ਚ ਕੁੱਝ ਵੀ ਨਹੀਂ ਕਹਿਣਾ ਚਾਹੁੰਦਾ ਹੈ।
ਸਕੂਲਾਂ ’ਚ ਅਸਾਮੀਆਂ ਦੀ ਘਾਟ ਕਾਰਨ ਪੜ੍ਹਾਈ ਦਾ ਨੁਕਸਾਨ
ਉਧਰ, ਇਕ ਪਾਸੇ ਅਧਿਆਪਕ ਬਿਨਾਂ ਦੱਸੇ ਗ਼ੈਰ-ਹਾਜ਼ਰ ਚੱਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਹਿਲਾਂ ਹੀ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਦੀਆਂ ਅਸਾਮੀਆਂ ਵੱਡੀ ਗਿਣਤੀ ’ਚ ਖਾਲੀ ਪਈਆਂ ਹਨ। ਸਕੂਲਾਂ ’ਚ ਸਟਾਫ਼ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਅਜਿਹੇ ’ਚ ਲਗਾਤਾਰ ਗ਼ੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਦੇ ਰਵੱਈਏ ਨੇ ਸਿੱਖਿਆ ਪ੍ਰਬੰਧਾਂ 'ਤੇ ਹੋਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਜਿਸ ਕਾਰਨ ਵਿਭਾਗ ਹੁਣ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਕੰਮ ਕਰ ਰਿਹਾ ਹੈ।