ਅਕਾਲੀ-ਭਾਜਪਾ ਗੱਠਜੋੜ ਦੇ ਅਗਲੇ ਹੀ ਦਿਨ ਵੱਡੀ ਕਾਰਵਾਈ, ਖਰੜ ਦੇ ਹਲਕਾ ਇੰਚਾਰਜ ਰਵਿੰਦਰ ਖੇੜਾ ਦੀ ਰਿਹਾਇਸ਼ 'ਤੇ ਈਡੀ ਦੀ ਛਾਪੇਮਾਰੀ
ਸੂਤਰਾਂ ਦੀ ਜਾਣਕਾਰੀ ਅਨੁਸਾਰ ਕਿਸੇ ਪੁਰਾਣੇ ਮਾਮਲੇ ਵਿੱਚ ਈਡੀ ਦੀ ਟੀਮ ਨੇ ਅਕਾਲੀ ਆਗੂ ਦੇ ਘਰ ਦਸਤਕ ਦਿੱਤੀ ਹੈ। ਇਹ ਮਾਮਲਾ ਸੈਲਰ ਘੁਟਾਲੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
Publish Date: Wed, 25 Nov 2026 11:29 AM (IST)
Updated Date: Wed, 25 Nov 2026 11:41 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਕੱਲ੍ਹ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਿਆਸੀ ਗੱਠਜੋੜ ਕੀਤਾ ਗਿਆ ਹੈ ਪ੍ਰੰਤੂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਖਰੜ ਦੇ ਇਕ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ ਪਹੁੰਚ ਗਈ। ਖੇੜਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਹੁਤ ਕਰੀਬ ਹੈ। ਪਿੱਛੇ ਜਿਹੇ ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਖਰੜ ਦਾ ਹਲਕਾ ਇੰਚਾਰਜ ਲਾਇਆ ਗਿਆ ਸੀ। ਈਡੀ ਦੀ ਰੇਡ ਮੌਕੇ ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਵੀ ਤਾਇਨਾਤ ਹਨ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਕਿਸੇ ਪੁਰਾਣੇ ਮਾਮਲੇ ਵਿੱਚ ਈਡੀ ਦੀ ਟੀਮ ਨੇ ਅਕਾਲੀ ਆਗੂ ਦੇ ਘਰ ਦਸਤਕ ਦਿੱਤੀ ਹੈ। ਇਹ ਮਾਮਲਾ ਸੈਲਰ ਘੁਟਾਲੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਈਡੀ ਕੋਲ ਟਰਾਇਲ ਚੱਲ ਰਿਹਾ ਸੀ।
ਦੱਸ ਦਈਏ ਬੀਤੇ ਦਿਨੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਚ ਭਾਜਪਾ ਨਾਲ ਸਿਆਸੀ ਗੱਠਜੋੜ ਜੋੜ ਕੀਤਾ ਗਿਆ ਤਾਂ ਉਸ ਤੋਂ ਬਾਅਦ ਖੁਸ਼ੀ ਵਿੱਚ ਖੀਵੇ ਹੋਏ ਰਵਿੰਦਰ ਸਿੰਘ ਖੇੜਾ ਨੇ ਹੋਰਨਾਂ ਆਗੂਆਂ ਨਾਲ ਮਿਲ ਕੇ ਮੁਹਾਲੀ ਵਿਖੇ ਪਾਰਟੀ ਦਫ਼ਤਰ ਵਿੱਚ ਜਸ਼ਨ ਮਨਾਇਆ ਅਤੇ ਲੱਡੂ ਵੰਡਣ ਵਾਲਿਆਂ ਵਿੱਚ ਸਭ ਤੋਂ ਅੱਗੇ ਸੀ। ਈਡੀ ਦੀ ਇਸ ਕਾਰਵਾਈ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।