- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੇ ਕਿਹਾ ਕਿ ਮੰਡੀਆਂ ’ਚ ਹਾਲੇ ਬਰਦਾਨਾ ਨਹੀਂ ਪੁੱਜਿਆ ਅਤੇ ਖ਼ਰੀਦ ਏਜੰਸੀਆਂ ਦੇ ਮੁਲਾਜ਼ਮ ਵੀ ਨਜ਼ਰ ਨਹੀਂ ਆ ਰਹੇ। ਫ਼ਸਲ ਦੀ ਰਾਖੀ ਲਈ ਕਿਸਾਨਾਂ ਨੂੰ ਮੰਡੀ ’ਚ ਹੀ ਬੈਠਣਾ ਪੈ ਰਿਹਾ ਹੈ। ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਅਗੇਤਾ ਝੋਨਾ ਲਾਉਣ ਲਈ ਕਿਹਾ ਸੀ ਤਾਂ ਖ਼ਰੀਦ ਦੇ ਪ੍ਰਬੰਧ ਵੀ ਪਹਿਲਾਂ ਕੀਤੇ ਜਾਣੇ ਚਾਹੀਦੇ ਸਨ। ਜੇ ਮੌਸਮ ਖ਼ਰਾਬ ਹੋ ਗਿਆ ਤਾਂ ਫ਼ਸਲ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ’ਚ ਅਗੇਤੇ ਝੋਨੇ ਦੀ ਫ਼ਸਲ ਪੱਕਣ ਤੋਂ ਬਾਅਦ ਮੁਹਾਲੀ ਸਮੇਤ ਵੱਖ-ਵੱਖ ਮੰਡੀਆਂ ’ਚ ਆਮਦ ਸ਼ੁਰੂ ਹੋ ਗਈ ਹੈ, ਪਰ ਸਰਕਾਰੀ ਖ਼ਰੀਦ ਪਹਿਲੀ ਅਕਤੂਬਰ ਤੋਂ ਹੋਣ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਉਡੀਕ ਕਰਨੀ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖ਼ਰੀਦ ’ਚ ਦੇਰੀ ਨਾਲ ਫ਼ਸਲ ਜ਼ਿਆਦਾ ਸੁੱਕਣ ਕਾਰਨ ਵਜ਼ਨ ਘਟਣ ਦਾ ਖ਼ਦਸ਼ਾ ਹੈ।
ਪੰਜਾਬੀ ਜਾਗਰਣ ਦੀ ਟੀਮ ਨੇ ਸੋਮਵਾਰ ਨੂੰ ਖਰੜ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਉੱਥੇ ਪੀਆਰ-126 ਤੇ ਪੀਆਰ-777 ਕਿਸਮਾਂ ਦਾ ਝੋਨਾ ਪੁੱਜਿਆ ਹੋਇਆ ਸੀ। ਫ਼ਸਲ ਖੁੱਲ੍ਹੇ ਅਸਮਾਨ ਹੇਠ ਪਈ ਸੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਸਾਬਕਾ ਸਰਪੰਚ ਸੰਜੀਵ ਕੁਮਾਰ ਰੂਬੀ, ਇਕਬਾਲ ਸਿੰਘ ਮੱਕੜਿਆਂ, ਭੁਪਿੰਦਰ ਸਿੰਘ ਮਦਨਹੇੜੀ, ਅਮਰਿੰਦਰ ਸਿੰਘ ਖਰੜ, ਗੋਲਡੀ ਸਕਰੁਲਾਪੁਰ ਤੇ ਹੋਰਨਾਂ ਨੇ ਦੱਸਿਆ ਕਿ ਸਰਕਾਰ ਦੀ ਅਪੀਲ ’ਤੇ ਕਿਸਾਨਾਂ ਨੇ ਅਗੇਤਾ ਝੋਨਾ ਲਾਇਆ ਸੀ। ਹੁਣ ਫ਼ਸਲ ਪੱਕਣ ’ਤੇ ਮੰਡੀ ਲਿਆਉਣ ਦੇ ਬਾਵਜੂਦ ਖ਼ਰੀਦ ਦੇ ਪ੍ਰਬੰਧ ਨਹੀਂ ਹਨ।
ਕਿਸਾਨਾਂ ਨੇ ਕਿਹਾ ਕਿ ਮੰਡੀਆਂ ’ਚ ਹਾਲੇ ਬਰਦਾਨਾ ਨਹੀਂ ਪੁੱਜਿਆ ਅਤੇ ਖ਼ਰੀਦ ਏਜੰਸੀਆਂ ਦੇ ਮੁਲਾਜ਼ਮ ਵੀ ਨਜ਼ਰ ਨਹੀਂ ਆ ਰਹੇ। ਫ਼ਸਲ ਦੀ ਰਾਖੀ ਲਈ ਕਿਸਾਨਾਂ ਨੂੰ ਮੰਡੀ ’ਚ ਹੀ ਬੈਠਣਾ ਪੈ ਰਿਹਾ ਹੈ। ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਅਗੇਤਾ ਝੋਨਾ ਲਾਉਣ ਲਈ ਕਿਹਾ ਸੀ ਤਾਂ ਖ਼ਰੀਦ ਦੇ ਪ੍ਰਬੰਧ ਵੀ ਪਹਿਲਾਂ ਕੀਤੇ ਜਾਣੇ ਚਾਹੀਦੇ ਸਨ। ਜੇ ਮੌਸਮ ਖ਼ਰਾਬ ਹੋ ਗਿਆ ਤਾਂ ਫ਼ਸਲ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ।
ਪੰਜਾਬ ਸਰਕਾਰ ਨੇ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਪੁੱਜੀ ਫ਼ਸਲ ਨੂੰ ਉਦੋਂ ਤੱਕ ਉਡੀਕ ਕਰਨੀ ਪਵੇਗੀ। ਕਿਸਾਨਾਂ ਦੀ ਚਿੰਤਾ ਹੈ ਕਿ ਇਸ ਦੌਰਾਨ ਫ਼ਸਲ ਸੁੱਕਣ ਨਾਲ ਵਜ਼ਨ ਘਟ ਸਕਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਅਗੇਤੇ ਝੋਨੇ ਦੀ ਖ਼ਰੀਦ ਲਈ ਤੁਰੰਤ ਪ੍ਰਬੰਧ ਕੀਤੇ ਜਾਣ।
ਉਧਰ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ’ਚ ਨਮੀ ਦੀ ਮਾਤਰਾ ਨੂੰ ਕਾਬੂ ਕਰਨ ਲਈ ਰਾਤ ਸਮੇਂ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ਅਨੁਸਾਰ ਸ਼ਾਮ 7 ਵਜੇ ਤੋਂ ਅਗਲੇ ਦਿਨ ਸਵੇਰੇ 9 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਪੂਰਨ ਪਾਬੰਦੀ ਰਹੇਗੀ।
ਸਾਰੇ ਪ੍ਰਬੰਧ ਮੁਕੰਮਲ : ਡਾਇਰੈਕਟਰ
ਖ਼ੁਰਾਕ, ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਵੇਗੀ। ਸੂਬੇ ’ਚ ਲਗਭਗ 1867 ਮੰਡੀਆਂ ਹਨ ਅਤੇ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਰਦਾਨੇ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪੰਜ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਝੋਨੇ ਦੀ ਖ਼ਰੀਦ ਲਈ ਪਾਬੰਦ ਕੀਤਾ ਗਿਆ ਹੈ। ਸੀਜ਼ਨ 2026-27 ਲਈ 180 ਲੱਖ ਮੀਟਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਹੈ। ਭਰਾਈ ਲਈ ਲੋੜੀਂਦੀਆਂ 5.09 ਲੱਖ ਗੰਢਾਂ ਦੇ ਮੁਕਾਬਲੇ 4.20 ਲੱਖ ਗੰਢਾਂ ਪਹਿਲਾਂ ਹੀ ਉਪਲਬਧ ਹਨ, ਜੋ ਕੁੱਲ ਲੋੜ ਦਾ 82 ਫ਼ੀਸਦ ਹਨ।
ਮੰਡੀਆਂ ’ਚ ਸਹੂਲਤਾਂ ਦੇਣ ਦਾ ਦਾਅਵਾ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਮੰਗਲਵਾਰ ਸਵੇਰੇ 11 ਵਜੇ ਵੱਖ-ਵੱਖ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਦੀ ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲਾ ਪਾਣੀ, ਪਖਾਨੇ ਅਤੇ ਬੈਠਣ ਲਈ ਛਾਂ ਸਮੇਤ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦਾ ਇਕ-ਇਕ ਦਾਣਾ ਖ਼ਰੀਦਣ ਲਈ ਤਿਆਰ ਹੈ।