17 ਏਕੜ ਸ਼ਾਮਲਾਤ ਜ਼ਮੀਨ ਦਾ ਵਿਵਾਦ ਗਰਮਾਇਆ, ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਉੱਠੀ ਮੰਗ
ਨਗਰ ਕੌਂਸਲ ਜ਼ੀਰਕਪੁਰ ਅਧੀਨ ਆਉਂਦੇ ਪਿੰਡ ਸਨੌਲੀ ’ਚ ਕਰੀਬ 17 ਏਕੜ ਸ਼ਾਮਲਾਤ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਗਿਆ ਹੈ। 'ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਇੰਡੀਆ ਟਰੱਸਟ' ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਬਾਜ਼ਾਰੂ ਮੁੱਲ ਅਨੁਸਾਰ ਕਰੀਬ 200 ਕਰੋੜ ਰੁਪਏ ਦੀ ਇਸ ਬੇਸ਼ਕੀਮਤੀ ਸਰਕਾਰੀ ਜ਼ਮੀਨ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Publish Date: Tue, 30 Jun 2026 12:08 PM (IST)
Updated Date: Tue, 30 Jun 2026 12:13 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਨਗਰ ਕੌਂਸਲ ਜ਼ੀਰਕਪੁਰ ਅਧੀਨ ਆਉਂਦੇ ਪਿੰਡ ਸਨੌਲੀ ’ਚ ਕਰੀਬ 17 ਏਕੜ ਸ਼ਾਮਲਾਤ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਗਿਆ ਹੈ। 'ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਇੰਡੀਆ ਟਰੱਸਟ' ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਬਾਜ਼ਾਰੂ ਮੁੱਲ ਅਨੁਸਾਰ ਕਰੀਬ 200 ਕਰੋੜ ਰੁਪਏ ਦੀ ਇਸ ਬੇਸ਼ਕੀਮਤੀ ਸਰਕਾਰੀ ਜ਼ਮੀਨ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਰਾਹੀਂ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਸੌਂਪਿਆ ਹੈ।
ਬਿਨਾਂ ਕਾਨੂੰਨੀ ਪ੍ਰਕਿਰਿਆ ਕਬਜ਼ਾ ਲੈਣ ਦੇ ਦੋਸ਼
ਮੀਡੀਆ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਨਗਲਾ ਨੇ ਦੱਸਿਆ ਕਿ ਦਿੱਲੀ ਵਰਲਡ ਸਕੂਲ ਦੇ ਨਾਲ ਲੱਗਦੀ ਇਹ 17 ਏਕੜ ਸ਼ਾਮਲਾਤ ਜ਼ਮੀਨ ਲੰਬੇ ਸਮੇਂ ਤੋਂ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਮਜ਼ਦੂਰ ਸੋਮਨਾਥ ਦੀ ਕਾਸ਼ਤ ਹੇਠ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਦਸੰਬਰ 2022 ਵਿਚ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਿਨਾਂ ਕੋਈ ਢੁਕਵੀਂ ਕਾਨੂੰਨੀ ਪ੍ਰਕਿਰਿਆ ਅਪਣਾਏ ਇਸ ਜ਼ਮੀਨ ਦਾ ਕਬਜ਼ਾ ਆਪਣੇ ਹੱਥ ’ਚ ਲੈ ਲਿਆ ਸੀ।
ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ (ਜਮ੍ਹਾਂਬੰਦੀ) ਵਿਚ ਅੱਜ ਵੀ ਇਸ ਜ਼ਮੀਨ 'ਤੇ ਸੋਮਨਾਥ ਦਾ ਕਬਜ਼ਾ ਦਰਜ ਹੈ, ਜਿਸ ਕਾਰਨ ਨਗਰ ਕੌਂਸਲ ਦੀ ਕਾਰਵਾਈ 'ਤੇ ਵੱਡੇ ਕਾਨੂੰਨੀ ਸਵਾਲ ਖੜ੍ਹੇ ਹੁੰਦੇ ਹਨ।
ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼
ਨਗਲਾ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਸ਼ਾਮਲਾਤ ਜ਼ਮੀਨ ਦੇ ਆਲੇ-ਦੁਆਲੇ ਕਈ ਨਿੱਜੀ ਬਿਲਡਰਾਂ ਦੇ ਪ੍ਰੋਜੈਕਟ ਹਨ, ਜਿਨ੍ਹਾਂ ਨੂੰ ਕੋਈ ਸਰਕਾਰੀ ਰਸਤਾ ਨਹੀਂ ਲੱਗਦਾ। ਹੁਣ ਕੁਝ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਨਿੱਜੀ ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਸ ਸਰਕਾਰੀ ਜ਼ਮੀਨ ਦੇ ਵਿਚਕਾਰ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ’ਚ ਪਿੰਡ ਦੇ ਦੋ ਸਾਬਕਾ ਸਰਪੰਚਾਂ ਦੀ ਭੂਮਿਕਾ ਵੀ ਸ਼ੱਕੀ ਹੈ। ਇਨ੍ਹਾਂ ਵਿਚੋਂ ਇਕ ਸਾਬਕਾ ਸਰਪੰਚ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਹੈ, ਜੋ ਕਿ ਇਸ ਵੇਲੇ ਡੇਰਾਬੱਸੀ ਅਦਾਲਤ ਵਿਚ ਵਿਚਾਰ ਅਧੀਨ ਹੈ।
ਇਨਸਾਫ਼ ਲਈ 2 ਸਾਲਾਂ ਤੋਂ ਧਰਨੇ 'ਤੇ ਹਨ ਅਵਤਾਰ ਨਗਲਾ
ਦੱਸਣਯੋਗ ਹੈ ਕਿ ਪਿੰਡ ਸਨੌਲੀ ਨਵੰਬਰ 2016 ਵਿਚ ਨਗਰ ਕੌਂਸਲ ਜ਼ੀਰਕਪੁਰ ’ਚ ਸ਼ਾਮਲ ਹੋਇਆ ਸੀ, ਜਿਸ ਤੋਂ ਬਾਅਦ ਇੱਥੇ ਜ਼ਮੀਨਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਅਵਤਾਰ ਸਿੰਘ ਨਗਲਾ ਅਜਿਹੀਆਂ ਸਰਕਾਰੀ ਜ਼ਮੀਨਾਂ ਦੀ ਸੁਰੱਖਿਆ ਤੇ ਜਾਂਚ ਲਈ ਬੀਤੇ ਕਰੀਬ 2 ਸਾਲਾਂ ਤੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਲਗਾਤਾਰ ਧਰਨੇ ’ਤੇ ਬੈਠੇ ਹਨ। ਉਨ੍ਹਾਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਕਿ ਇਸ ਸਾਂਝੀ ਸੰਪਤੀ ਨੂੰ ਧਨਾਢ ਬਿਲਡਰਾਂ ਦੇ ਹੱਥਾਂ ’ਚ ਜਾਣ ਤੋਂ ਬਚਾਇਆ ਜਾਵੇ।
''ਉਸ ਜਗ੍ਹਾ ਤੋਂ ਮਾਸਟਰ ਪਲਾਨ ਦੀ ਸੜਕ ਵੀ ਨਿਕਲਦੀ ਹੈ। ਅਸੀਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ 'ਤੇ ਇੰਸਪੈਕਟਰ ਨੂੰ ਭੇਜ ਕੇ ਪੂਰੀ ਰਿਪੋਰਟ ਮੰਗੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ 'ਤੇ ਅਗਲੀ ਕਾਰਵਾਈ ਜਾਂ ਕੋਈ ਅਧਿਕਾਰਤ ਟਿੱਪਣੀ ਕੀਤੀ ਜਾਵੇਗੀ।''
ਪਰਵਿੰਦਰ ਸਿੰਘ ਭੱਟੀ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਜ਼ੀਰਕਪੁਰ।