ਸ਼ਰਮਨਾਕ ਵਾਰਦਾਤ: ਨਾਬਾਲਿਗ ਲੜਕੀ ਨਾਲ ਜਬਰ-ਜਨਾਹ, ਪੇਟ ਦਰਦ ਹੋਣ 'ਤੇ ਹਸਪਤਾਲ ਜਾਂਚ ਦੌਰਾਨ ਹੋਇਆ ਖ਼ੁਲਾਸਾ; ਮੁਲਜ਼ਮ ਨੌਜਵਾਨ ਫ਼ਰਾਰ ਮਾਮਲੇ ਦੀ ਤਫ਼ਤੀਸ਼ੀ ਅਫ਼ਸਰ ਐੱਸਆਈ ਰਾਜ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਲੰਘੇ ਜੂਨ ਮਹੀਨੇ ’ਚ ਉਹ ਆਪਣੇ ਘਰੋਂ ਕਿਸੇ ਕੰਮ ਲਈ ਮਦਨਪੁਰ ਜਾ ਰਹੀ ਸੀ। ਇਸ ਦੌਰਾਨ ਰਸਤੇ ’ਚ ਉਸ ਨੂੰ ਮੁਲਜ਼ਮ ਰਾਜ ਕੁਮਾਰ ਉਰਫ਼ ਰਾਜਾ ਮਿਲ ਗਿਆ।
Publish Date: Wed, 18 Nov 2026 11:29 AM (IST)
Updated Date: Wed, 18 Nov 2026 11:31 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਕਰੀਬ ਪੌਣੇ ਪੰਦਰਾਂ ਸਾਲਾ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਣ ਅਤੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜ ਕੁਮਾਰ ਉਰਫ਼ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਨੰਗਲ ਚੰਡੀਮੰਦਰ, ਪੰਚਕੂਲਾ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਨ ਉਪਰੰਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜੋ ਫ਼ਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ।
ਮਾਮਲੇ ਦੀ ਤਫ਼ਤੀਸ਼ੀ ਅਫ਼ਸਰ ਐੱਸਆਈ ਰਾਜ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਲੰਘੇ ਜੂਨ ਮਹੀਨੇ ’ਚ ਉਹ ਆਪਣੇ ਘਰੋਂ ਕਿਸੇ ਕੰਮ ਲਈ ਮਦਨਪੁਰ ਜਾ ਰਹੀ ਸੀ। ਇਸ ਦੌਰਾਨ ਰਸਤੇ ’ਚ ਉਸ ਨੂੰ ਮੁਲਜ਼ਮ ਰਾਜ ਕੁਮਾਰ ਉਰਫ਼ ਰਾਜਾ ਮਿਲ ਗਿਆ।
ਮੁਲਜ਼ਮ ਨੇ ਉਸ ਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਮੋਟਰਸਾਈਕਲ 'ਤੇ ਬਿਠਾ ਲਿਆ ਤੇ ਥਾਣਾ ਡੇਰਾਬੱਸੀ ਅਧੀਨ ਪੈਂਦੇ ਪਿੰਡ ਦੱਫਰਪੁਰ ਦੀ ਪੰਜਾਬ ਕਾਲੋਨੀ ਸਥਿਤ ਇਕ ਮਕਾਨ ’ਚ ਲੈ ਗਿਆ। ਪੀੜਤਾ ਅਨੁਸਾਰ ਉੱਥੇ ਮੁਲਜ਼ਮ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਡਰ ਕਾਰਨ ਨਾਬਾਲਿਗਾ ਨੇ ਇਸ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ।
ਬੀਤੀ 12 ਨਵੰਬਰ ਨੂੰ ਅਚਾਨਕ ਪੀੜਤਾ ਦੇ ਪੇਟ ’ਚ ਤੇਜ਼ ਦਰਦ ਹੋਣ 'ਤੇ ਉਸ ਦੀ ਮਾਤਾ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਸੈਕਟਰ-6, ਪੰਚਕੂਲਾ ਵਿਖੇ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਉਸ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ। ਇਸ ਉਪਰੰਤ ਪੀੜਤਾ ਵੱਲੋਂ ਸਾਰੀ ਘਟਨਾ ਬਾਰੇ ਪਰਿਵਾਰ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਡੇਰਾਬੱਸੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰਾਜ ਕੁਮਾਰ ਉਰਫ਼ ਰਾਜਾ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।