- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਤੋਂ ਕਾਫ਼ੀ ਦੂਰ ਨਜ਼ਰ ਆ ਰਹੇ ਹਨ। ਨਗਰ ਕੌਂਸਲ ਵੱਲੋਂ ਆਵਾਰਾ ਕੁੱਤਿਆਂ ਨੂੰ ਫੜਨ ਲਈ ਵਿਸ਼ੇਸ਼ ਵਾਹਨ ਖ਼ਰੀਦਣ ਦੇ ਬਾਵਜੂਦ, ਸੜਕਾਂ 'ਤੇ ਆਵਾਰਾ ਕੁੱਤਿਆਂ ਦੀ ਗਿਣਤੀ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਖੇਤਰ ’ਚ ਆਵਾਰਾ ਕੁੱਤਿਆਂ ਦੀ ਲਗਾਤਾਰ ਵੱਧਦੀ ਆਬਾਦੀ ਸਥਾਨਕ ਵਸਨੀਕਾਂ ਲਈ ਵੱਡੀ ਚਿੰਤਾ ਅਤੇ ਦਹਿਸ਼ਤ ਦਾ ਕਾਰਨ ਬਣਦੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਤੋਂ ਕਾਫ਼ੀ ਦੂਰ ਨਜ਼ਰ ਆ ਰਹੇ ਹਨ। ਨਗਰ ਕੌਂਸਲ ਵੱਲੋਂ ਆਵਾਰਾ ਕੁੱਤਿਆਂ ਨੂੰ ਫੜਨ ਲਈ ਵਿਸ਼ੇਸ਼ ਵਾਹਨ ਖ਼ਰੀਦਣ ਦੇ ਬਾਵਜੂਦ, ਸੜਕਾਂ 'ਤੇ ਆਵਾਰਾ ਕੁੱਤਿਆਂ ਦੀ ਗਿਣਤੀ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
ਤਾਜ਼ਾ ਮਾਮਲਾ ਡੇਰਾਬੱਸੀ ਦੇ ਅਧੀਨ ਆਉਂਦੇ ਮੁਬਾਰਕਪੁਰ ਖੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗਲੀਆਂ ’ਚ ਲਗਭਗ ਇਕ ਦਰਜਨ ਆਵਾਰਾ ਕੁੱਤਿਆਂ ਦਾ ਝੁੰਡ ਘੁੰਮਦਾ ਦੇਖਿਆ ਗਿਆ। ਇਕ ਸਥਾਨਕ ਨਿਵਾਸੀ ਨੇ ਇਸ ਖ਼ੌਫ਼ਨਾਕ ਦ੍ਰਿਸ਼ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਅਤੇ ਕਾਰਵਾਈਆਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਮੁਬਾਰਕਪੁਰ ਦੀਆਂ ਗਲੀਆਂ ਅਤੇ ਮੁੱਖ ਬਾਜ਼ਾਰਾਂ ਵਿਚ ਇੰਨੀ ਵੱਡੀ ਗਿਣਤੀ ’ਚ ਕੁੱਤਿਆਂ ਦੇ ਝੁੰਡ ਇਕੱਠੇ ਭੱਜਦੇ ਅਤੇ ਘੁੰਮਦੇ ਦੇਖ ਕੇ ਲੋਕ ਬਹੁਤ ਡਰੇ ਹੋਏ ਹਨ। ਵਾਇਰਲ ਵੀਡੀਓ ਵਿਚ ਕੁੱਤੇ ਇਕ ਥਾਂ ਤੋਂ ਦੂਜੀ ਥਾਂ ਤੇਜ਼ੀ ਨਾਲ ਭੱਜਦੇ ਨਜ਼ਰ ਆ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੁਣ ਦਿਨ ਵੇਲੇ ਵੀ ਸੜਕਾਂ 'ਤੇ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਇਸ ਸਥਿਤੀ ਕਾਰਨ ਪਰਿਵਾਰਾਂ ਵਿਚ ਆਪਣੇ ਛੋਟੇ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਭੇਜਣ ਅਤੇ ਬਜ਼ੁਰਗਾਂ ਦੇ ਸਵੇਰ-ਸ਼ਾਮ ਦੀ ਸੈਰ ਕਰਨ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਵਸਨੀਕਾਂ ਅਨੁਸਾਰ, ਇਹ ਸਮੱਸਿਆ ਕੋਈ ਨਵੀਂ ਨਹੀਂ ਹੈ, ਬਲਕਿ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਕਈ ਵਾਰ ਆਵਾਰਾ ਕੁੱਤੇ ਪੈਦਲ ਲੰਘਣ ਵਾਲੇ ਰਾਹੀਆਂ ਅਤੇ ਦੁਪਹੀਆ ਵਾਹਨ ਚਾਲਕਾਂ ਦੇ ਪਿੱਛੇ ਪੈ ਜਾਂਦੇ ਹਨ, ਜਿਸ ਨਾਲ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਦੱਸਣਯੋਗ ਹੈ ਕਿ ਨਗਰ ਕੌਂਸਲ ਨੇ ਆਵਾਰਾ ਕੁੱਤਿਆਂ ਨੂੰ ਫੜਨ ਅਤੇ ਉਨ੍ਹਾਂ ਦੀ ਨਸਬੰਦੀ/ਸੰਭਾਲ ਲਈ ਵਾਹਨ ਖਰੀਦਣ ਦਾ ਦਾਅਵਾ ਕੀਤਾ ਸੀ ਪਰ ਮੁਬਾਰਕਪੁਰ ਦੀ ਵਾਇਰਲ ਵੀਡੀਓ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਮੁਹਿੰਮ ਸਿਰਫ਼ ਕਾਗ਼ਜ਼ਾਂ ਜਾਂ ਸਰਕਾਰੀ ਖ਼ਰੀਦੋ-ਫਰੋਖਤ ਤੱਕ ਹੀ ਸੀਮਿਤ ਹੈ, ਜਦਕਿ ਧਰਾਤਲ 'ਤੇ ਕੋਈ ਢੁਕਵਾਂ ਕੰਮ ਨਹੀਂ ਹੋ ਰਿਹਾ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਸਿਰਫ਼ ਵਾਹਨ ਖ਼ਰੀਦ ਕੇ ਆਪਣੇ ਕਰਤੱਵਾਂ ਤੋਂ ਮੁਕਤ ਨਾ ਹੋਵੇ, ਸਗੋਂ ਨਿਯਮਤ ਤੌਰ 'ਤੇ ਵਿਸ਼ੇਸ਼ ਚੈਕਿੰਗ ਅਤੇ ਫੜਨ ਦੀਆਂ ਮੁਹਿੰਮਾਂ ਚਲਾ ਕੇ ਆਵਾਰਾ ਕੁੱਤਿਆਂ ਦੀ ਵੱਧਦੀ ਆਬਾਦੀ 'ਤੇ ਠੱਲ੍ਹ ਪਾਵੇ। ਮੁਬਾਰਕਪੁਰ ਅਤੇ ਡੇਰਾਬੱਸੀ ਦੇ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਪੱਕਾ ਹੱਲ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੇ ਦਿਨਾਂ ਵਿਚ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਵੇਗੀ।