- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਜੀਵ ਕੁਮਾਰ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਬੰਧਤ ਵਿਭਾਗ ਨੂੰ ਇਸ ਸਮੱਸਿਆ ਬਾਰੇ ਬਾਰ-ਬਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਧਿਕਾਰੀਆਂ ਦੀ ਕੁੰਭਕਰਨੀ ਨੀਂਦ ਕਾਰਨ ਕੋਈ ਪੁਖ਼ਤਾ ਹੱਲ ਨਹੀਂ ਕੱਢਿਆ ਗਿਆ। ਪ੍ਰਸ਼ਾਸਨ ਦੀ ਇਸ ਅਣਦੇਖੀ ਕਾਰਨ ਵਾਰਡ ਨਿਵਾਸੀਆਂ ਵਿਚ ਨਗਰ ਕੌਂਸਲ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਦੇ ਵਾਰਡ ਨੰ. 2 ਵਿਚ ਪਿਛਲੇ ਦੋ ਮਹੀਨਿਆਂ ਤੋਂ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਲੋਕਾਂ ਦਾ ਜੀਣਾ ਦੂਭਰ ਹੋ ਗਿਆ ਹੈ। ਗੰਦੇ ਅਤੇ ਬਦਬੂਦਾਰ ਪਾਣੀ ਦੀ ਵਰਤੋਂ ਕਾਰਨ ਵਾਰਡ ਦੇ ਕਈ ਬੱਚੇ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ, ਪਰ ਨਗਰ ਕੌਂਸਲ ਦੇ ਉੱਚ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਾਰਡ ਨੰ. 2 ਦੇ ਨਿਵਾਸੀ ਪਿਛਲੇ ਦੋ ਮਹੀਨਿਆਂ ਤੋਂ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਘਰਾਂ ਵਿਚ ਸਪਲਾਈ ਹੋ ਰਿਹਾ ਪਾਣੀ ਇੰਨਾ ਦੂਸ਼ਿਤ ਹੈ ਕਿ ਇਹ ਪੀਣ ਦੇ ਯੋਗ ਤਾਂ ਦੂਰ, ਹੋਰ ਵਰਤੋਂ ਵਿਚ ਲਿਆਉਣ ਦੇ ਲਾਇਕ ਵੀ ਨਹੀਂ ਹੈ। ਦੂਸ਼ਿਤ ਪਾਣੀ ਦੇ ਸੇਵਨ ਕਾਰਨ ਵਾਰਡ ਦੇ ਛੋਟੇ-ਛੋਟੇ ਬੱਚੇ ਪੇਟ ਦੀਆਂ ਬਿਮਾਰੀਆਂ, ਉਲਟੀਆਂ-ਦਸਤ ਅਤੇ ਹੋਰ ਇਨਫੈਕਸ਼ਨਾਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਇਲਾਕੇ ਵਿਚ ਕਿਸੇ ਭਿਆਨਕ ਬਿਮਾਰੀ ਜਾਂ ਮਹਾਂਮਾਰੀ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ।
ਸੰਜੀਵ ਕੁਮਾਰ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਬੰਧਤ ਵਿਭਾਗ ਨੂੰ ਇਸ ਸਮੱਸਿਆ ਬਾਰੇ ਬਾਰ-ਬਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਧਿਕਾਰੀਆਂ ਦੀ ਕੁੰਭਕਰਨੀ ਨੀਂਦ ਕਾਰਨ ਕੋਈ ਪੁਖ਼ਤਾ ਹੱਲ ਨਹੀਂ ਕੱਢਿਆ ਗਿਆ। ਪ੍ਰਸ਼ਾਸਨ ਦੀ ਇਸ ਅਣਦੇਖੀ ਕਾਰਨ ਵਾਰਡ ਨਿਵਾਸੀਆਂ ਵਿਚ ਨਗਰ ਕੌਂਸਲ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਮਾਜ ਸੇਵੀ ਸੰਜੀਵ ਕੁਮਾਰ ਅਤੇ ਇਲਾਕਾ ਨਿਵਾਸੀਆਂ ਨੇ ਹਲਕਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਾਰਡ ਨੰ. 2 ਵਿਚ ਲੀਕੇਜ ਦੀ ਤੁਰੰਤ ਚੈਕਿੰਗ ਕੀਤੀ ਜਾਵੇ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਇਲਾਕਾ ਨਿਵਾਸੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਦੀ ਹੋਵੇਗੀ।