- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੰਸਦ ਨੂੰ ਦਿੱਤੀ। ਸਤਨਾਮ ਸੰਧੂ ਨੇ ਕੇਂਦਰੀ ਰਾਜ ਮੰਤਰੀ ਤੋਂ 2021 ਤੋਂ ਲੈ ਕੇ ਹੁਣ ਤੱਕ ਸਟੈਂਡ-ਅੱਪ ਇੰਡੀਆ ਸਕੀਮ ਤਹਿਤ ਪੰਜਾਬ ਵਿਚ ਐੱਸਸੀ/ਐੱਸਟੀ ਲਾਭਪਾਤਰੀਆਂ ਦੀ ਸਾਲ-ਵਾਰ ਗਿਣਤੀ ਬਾਰੇ ਪੁੱਛਿਆ ਸੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਅਪ੍ਰੈਲ 2016 ਵਿਚ ਸ਼ੁਰੂ ਕੀਤੀ ਗਈ ਸਟੈਂਡ-ਅੱਪ ਇੰਡੀਆ ਸਕੀਮ ਤਹਿਤ ਕੇਂਦਰ ਸਰਕਾਰ ਨੇ 2021-22 ਤੋਂ 2024-25 ਤੱਕ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਐੱਸਸੀ/ਐੱਸਟੀ) ਲਾਭਪਾਤਰੀਆਂ ਨੂੰ 1,418 ਕਰਜ਼ੇ ਮਨਜ਼ੂਰ ਕੀਤੇ ਹਨ। ਇਸ ਸਕੀਮ ਦਾ ਮੰਤਵ ਹਰ ਬੈਂਕ ਸ਼ਾਖਾ ਵੱਲੋਂ ਘੱਟੋ-ਘੱਟ ਇਕ ਐੱਸਸੀ/ਐੱਸਟੀ ਕਰਜ਼ਦਾਰ ਅਤੇ ਇਕ ਮਹਿਲਾ ਕਰਜ਼ਦਾਰ ਨੂੰ ਨਿਰਮਾਣ, ਸੇਵਾਵਾਂ ਜਾਂ ਵਪਾਰਕ ਖੇਤਰ ਜਿਸ ਵਿਚ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਵੀ ਸ਼ਾਮਲ ਹਨ, ਗਰੀਨ-ਫੀਲਡ ਉੱਦਮ ਸਥਾਪਤ ਕਰਨ ਲਈ ਅਨੁਸੂਚਿਤ ਵਪਾਰਕ ਬੈਂਕਾਂ (ਐੱਸਸੀਬੀ) ਤੋਂ 10 ਲੱਖ ਰੁਪਏ ਤੋਂ ਲੈ ਕੇ ਇਕ ਕਰੋੜ ਰੁਪਏ ਤੱਕ ਦੇ ਕਰਜ਼ੇ ਦਿਵਾਉਣਾ ਹੈ।
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੰਸਦ ਨੂੰ ਦਿੱਤੀ। ਸਤਨਾਮ ਸੰਧੂ ਨੇ ਕੇਂਦਰੀ ਰਾਜ ਮੰਤਰੀ ਤੋਂ 2021 ਤੋਂ ਲੈ ਕੇ ਹੁਣ ਤੱਕ ਸਟੈਂਡ-ਅੱਪ ਇੰਡੀਆ ਸਕੀਮ ਤਹਿਤ ਪੰਜਾਬ ਵਿਚ ਐੱਸਸੀ/ਐੱਸਟੀ ਲਾਭਪਾਤਰੀਆਂ ਦੀ ਸਾਲ-ਵਾਰ ਗਿਣਤੀ ਬਾਰੇ ਪੁੱਛਿਆ ਸੀ। ਉਨ੍ਹਾਂ ਨੇ ਸੂਬੇ ਵਿਚ ਮੌਜੂਦਾ ਵਿੱਤੀ ਸਾਲ ਦੌਰਾਨ ਐੱਸਸੀ/ਐੱਸਟੀ ਮਹਿਲਾ ਉੱਦਮੀਆਂ ਨੂੰ ਵੰਡੇ ਗਏ ਕਰਜ਼ਿਆਂ ਦੀ ਕੁੱਲ ਰਕਮ, ਪੇਂਡੂ ਜ਼ਿਲ੍ਹਿਆਂ ਵਿਚ ਜਾਗਰੂਕਤਾ ਕੈਂਪ ਲਗਾਉਣ ਲਈ ਚੁੱਕੇ ਗਏ ਕਦਮਾਂ ਅਤੇ ਐੱਸਸੀ/ਐੱਸਟੀ ਸਟਾਰਟਅੱਪਸ ਲਈ ਬਿਨਾਂ ਜ਼ਮਾਨਤ ਕਰਜ਼ੇ ਸੁਖਾਲੇ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਬਾਰੇ ਵੀ ਸਵਾਲ ਕੀਤਾ।
ਸਤਨਾਮ ਸੰਧੂ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਲਿਖਤੀ ਜਵਾਬ ਵਿਚ ਦੱਸਿਆ ਕਿ ਪੰਜਾਬ ਵਿਚ 2021-22 ਤੋਂ 2024-25 ਦੌਰਾਨ ਸਟੈਂਡ-ਅੱਪ ਇੰਡੀਆ ਸਕੀਮ ਤਹਿਤ 1,418 ਐੱਸਸੀ/ਐੱਸਟੀ ਲਾਭਪਾਤਰੀਆਂ ਨੂੰ ਕਰਜ਼ੇ ਮਨਜ਼ੂਰ ਕੀਤੇ ਗਏ ਹਨ। ਸੂਬੇ ਵਿਚ ਇਸ ਸਕੀਮ ਤਹਿਤ ਐੱਸਸੀ/ਐੱਸਟੀ ਲਾਭਪਾਤਰੀਆਂ ਦੀ ਸਾਲ-ਵਾਰ ਗਿਣਤੀ ਸਾਂਝੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 2021-22 ਵਿਚ 153 ਐੱਸਸੀ/ਐੱਸਟੀ ਉੱਦਮੀਆਂ ਨੂੰ 153 ਕਰਜ਼ੇ ਮਨਜ਼ੂਰ ਕੀਤੇ ਗਏ, 2022-23 ਵਿਚ 321, 2023-24 ਵਿਚ 327 ਅਤੇ 2024-25 ਵਿਚ 617 ਐੱਸਸੀ/ਐੱਸਟੀ ਲਾਭਪਾਤਰੀਆਂ ਨੂੰ ਕਰਜ਼ੇ ਦਿੱਤੇ ਗਏ। ਮੰਤਰੀ ਨੇ ਦੱਸਿਆ ਕਿ ਸਟੈਂਡ-ਅੱਪ ਇੰਡੀਆ ਸਕੀਮ ਮਾਰਚ 2025 ਤੱਕ ਲਾਗੂ ਸੀ। ਪੇਂਡੂ ਜ਼ਿਲ੍ਹਿਆਂ ਵਿਚ ਜਾਗਰੂਕਤਾ ਕੈਂਪ ਲਗਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਆਮ ਵਿੱਤੀ ਸਾਖਰਤਾ ਲਈ ਜਾਗਰੂਕਤਾ ਕੈਂਪ ਵਿੱਤੀ ਸਾਖਰਤਾ ਕੇਂਦਰਾਂ (ਐੱਫਐੱਲਸੀ), ਸੈਂਟਰ ਫਾਰ ਫਾਈਨੈਂਸ਼ੀਅਲ ਲਿਟਰੇਸੀ (ਸੀਐੱਫਐੱਲ) ਅਤੇ ਸੂਬੇ ਦੇ ਪੇਂਡੂ ਜ਼ਿਲ੍ਹਿਆਂ ਦੀਆਂ ਬੈਂਕ ਸ਼ਾਖਾਵਾਂ ਰਾਹੀਂ ਲਗਾਏ ਜਾ ਰਹੇ ਹਨ।
---
ਬਿਨਾਂ ਜ਼ਮਾਨਤ ਕਰਜ਼ੇ ਸੁਖਾਲੇ ਬਣਾਉਣ ਲਈ ਠੋਸ ਕਦਮ ਚੁੱਕੇ
ਕੇਂਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਸੰਦਨ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਐੱਸਸੀ/ਐੱਸਟੀ ਸਟਾਰਟਅੱਪਸ ਲਈ ਬਿਨਾਂ ਜ਼ਮਾਨਤ ਕਰਜ਼ੇ ਸੁਖਾਲੇ ਬਣਾਉਣ ਲਈ ਠੋਸ ਕਦਮ ਚੁੱਕੇ ਹਨ। ਸਟਾਰਟਅੱਪ ਇੰਡੀਆ ਪਹਿਲਕਦਮੀ ਜਨਵਰੀ 2016 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੰਤਵ ਨਵੀਨਤਾ ਅਤੇ ਸਟਾਰਟਅੱਪਸ ਨੂੰ ਪਾਲਣ-ਪੋਸ਼ਣ ਦੇਣ ਲਈ ਮਜ਼ਬੂਤ ਈਕੋਸਿਸਟਮ ਬਣਾਉਣਾ ਅਤੇ ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਵਿਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਸੀ।
---
ਬਿਨਾਂ ਫੰਡ ਵਾਲਿਆਂ ਨੂੰ ਫੰਡ ਦਿੱਤਾ
ਸਟੈਂਡ-ਅੱਪ ਇੰਡੀਆ ਸਕੀਮ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਸਤਨਾਮ ਸੰਧੂ ਨੇ ਕਿਹਾ, “ਸਟੈਂਡ-ਅੱਪ ਇੰਡੀਆ ਸਕੀਮ ਨੇ ਐੱਸਸੀ/ਐੱਸਟੀ ਅਤੇ ਮਹਿਲਾ ਉੱਦਮੀਆਂ ਨੂੰ ਕਰਜ਼ੇ ਦੀ ਉਪਲਬਧਤਾ ਯਕੀਨੀ ਬਣਾ ਕੇ ‘ਬਿਨਾਂ ਫੰਡ ਵਾਲਿਆਂ ਨੂੰ ਫੰਡ ਦਿੱਤਾ’ ਹੈ। ਇਹ ਸਕੀਮ 2016 ਵਿਚ ਇਸ ਗੱਲ ਨੂੰ ਪਛਾਣਦਿਆਂ ਸ਼ੁਰੂ ਕੀਤੀ ਗਈ ਸੀ ਕਿ ਊਰਜਾਵਾਨ, ਉਤਸ਼ਾਹੀ ਅਤੇ ਅਭਿਲਾਸ਼ੀ ਐੱਸਸੀ, ਐੱਸਟੀ ਤੇ ਮਹਿਲਾ ਉੱਦਮੀਆਂ ਨੂੰ ਆਪਣੇ ਸੁਪਨੇ ਹਕੀਕਤ ਵਿਚ ਬਦਲਣ ਸਮੇਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਕੀਮ ਨੇ ਉੱਦਮੀਆਂ, ਉਨ੍ਹਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।