
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਸ਼ੂ ਪਾਲਣ ਵਿਭਾਗ ਨੇ ਮਾਮਲੇ ਸਾਹਮਣੇ ਆਉਣ ਮਗਰੋਂ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਕਿਹਾ ਕਿ ਪੰਜਾਬ ’ਚ ਕਿਤੇ-ਕਿਤੇ ਮਾਮਲੇ ਸਾਹਮਣੇ ਆਏ ਹਨ ਪਰ ਸਥਿਤੀ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਲੰਪੀ ਸਕਿਨ ਦੇ ਮਾਮਲੇ ਸਾਹਮਣੇ ਆਉਣ ਨਾਲ ਪਸ਼ੂ ਪਾਲਕਾਂ ਅਤੇ ਗਊਸ਼ਾਲਾ ਪ੍ਰਬੰਧਕਾਂ ਦੀ ਚਿੰਤਾ ਵਧ ਗਈ ਹੈ। ਬਰਸਾਤ ਦੇ ਮੌਸਮ ’ਚ ਬਿਮਾਰੀ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਡੇਅਰੀ ਫਾਰਮਿੰਗ ਨਾਲ ਜੁੜੇ ਪਸ਼ੂ ਪਾਲਕਾਂ ਨੂੰ ਇਸ ਦਾ ਅਸਰ ਦੁੱਧ ਦੀ ਪੈਦਾਵਾਰ ’ਤੇ ਪੈਣ ਦਾ ਡਰ ਹੈ। ਦੂਜੇ ਪਾਸੇ, ਗਊਸ਼ਾਲਾਵਾਂ ’ਚ ਵੱਡੀ ਗਿਣਤੀ ’ਚ ਪਸ਼ੂ ਇਕੱਠੇ ਰਹਿਣ ਕਾਰਨ ਬਿਮਾਰੀ ਦੀ ਲਾਗ ਫੈਲਣ ਦੀ ਚਿੰਤਾ ਬਣੀ ਹੋਈ ਹੈ।
ਪਸ਼ੂ ਪਾਲਣ ਵਿਭਾਗ ਨੇ ਮਾਮਲੇ ਸਾਹਮਣੇ ਆਉਣ ਮਗਰੋਂ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਕਿਹਾ ਕਿ ਪੰਜਾਬ ’ਚ ਕਿਤੇ-ਕਿਤੇ ਮਾਮਲੇ ਸਾਹਮਣੇ ਆਏ ਹਨ ਪਰ ਸਥਿਤੀ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ।
ਮੁਹਾਲੀ ਦੀ ਬਾਲ ਗੋਪਾਲ ਗਊਸ਼ਾਲਾ ਬਲੌਂਗੀ, ਗੌਰੀ ਸ਼ੰਕਰ ਗਊਸ਼ਾਲਾ ਫੇਜ਼-1 ਅਤੇ ਨਗਰ ਨਿਗਮ ਦੀ ਸਰਕਾਰੀ ਗਊਸ਼ਾਲਾ ’ਚ ਸੈਂਕੜੇ ਪਸ਼ੂ ਰੱਖੇ ਹੋਏ ਹਨ। ਗੌਰੀ ਸ਼ੰਕਰ ਗਊਸ਼ਾਲਾ ’ਚ ਦਰਜਨ ਦੇ ਕਰੀਬ ਪਸ਼ੂ ਲੰਪੀ ਸਕਿਨ ਤੋਂ ਪੀੜਤ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਵੱਖਰੇ ਵਾੜੇ ’ਚ ਰੱਖਿਆ ਗਿਆ ਹੈ। ਸੈਕਟਰ-66, ਸੈਕਟਰ-70 ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੜਕ ਕਿਨਾਰੇ ਘੁੰਮ ਰਹੀਆਂ ਗਊਆਂ ’ਚ ਵੀ ਬਿਮਾਰੀ ਦੇ ਲੱਛਣ ਮਿਲਣ ਦੀ ਗੱਲ ਸਾਹਮਣੇ ਆਈ ਹੈ।
ਮਹਿੰਗੀ ਪੈ ਰਹੀ ਬਿਮਾਰੀ ਦੀ ਰੋਕਥਾਮ
ਡੇਅਰੀ ਫਾਰਮਰ ਗਿਆਨ ਸਿੰਘ ਧੜਾਕ ਨੇ ਦੱਸਿਆ ਕਿ ਲੰਪੀ ਸਕਿਨ ਦਾ ਪ੍ਰਭਾਵ ਗਊਆਂ ’ਚ ਵਧੇਰੇ ਦੇਖਣ ਨੂੰ ਮਿਲਦਾ ਹੈ। ਪੀੜਤ ਪਸ਼ੂ ਦੇ ਸਰੀਰ ’ਤੇ ਗੰਢਾਂ ਅਤੇ ਜ਼ਖ਼ਮ ਬਣ ਜਾਂਦੇ ਹਨ। ਦੁਧਾਰੂ ਗਾਵਾਂ ਦੇ ਥਣਾਂ ’ਤੇ ਛਾਲੇ ਪੈਣ ਕਾਰਨ ਦੁੱਧ ਚੁਆਉਣ ’ਚ ਵੀ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੀਕਾਕਰਨ ਨਾ ਹੋਣ ’ਤੇ ਗੰਭੀਰ ਮਾਮਲਿਆਂ ’ਚ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ।
ਉਨ੍ਹਾਂ ਸਰਕਾਰ ਤੋਂ ਪਸ਼ੂ ਮੰਡੀਆਂ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ, ਤਾਂ ਜੋ ਵੱਖ-ਵੱਖ ਥਾਵਾਂ ਤੋਂ ਪਸ਼ੂਆਂ ਦੀ ਆਵਾਜਾਈ ਰਾਹੀਂ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
45 ਫੀਸਦੀ ਪਸ਼ੂਆਂ ਦਾ ਟੀਕਾਕਰਨ
ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਕਰੀਬ 23 ਲੱਖ ਗਾਵਾਂ ਹਨ ਅਤੇ ਵਿਭਾਗ ਕੋਲ ਲੋੜੀਂਦੀ ਦਵਾਈ ਉਪਲਬਧ ਹੈ। ਉਨ੍ਹਾਂ ਮੁਤਾਬਕ ਹਫ਼ਤਾ ਪਹਿਲਾਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ ਕਰੀਬ 45 ਫੀਸਦੀ ਟੀਕਾਕਰਨ ਹੋ ਚੁੱਕਾ ਹੈ। ਫਰਵਰੀ ’ਚ ਵੀ ਟੀਕਾਕਰਨ ਕੀਤਾ ਗਿਆ ਸੀ ਅਤੇ ਛੇ ਮਹੀਨੇ ਬਾਅਦ ਮੁੜ ਟੀਕਾਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਪ੍ਰਬੰਧਕ ਪੀੜਤ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖ ਰੱਖਣ ਅਤੇ ਬਿਮਾਰੀ ਦੀ ਰੋਕਥਾਮ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ।
ਗੌਰੀ ਸ਼ੰਕਰ ਗਊਸ਼ਾਲਾ ਦੇ ਸੰਚਾਲਕ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਪੀੜਤ ਪਸ਼ੂਆਂ ਨੂੰ ਵੱਖਰੇ ਵਾੜੇ ’ਚ ਰੱਖਿਆ ਗਿਆ ਹੈ। ਉੱਥੇ ਹੀ ‘ਗਊ ਗਰਾਸ ਸੇਵਾ ਸੰਮਤੀ’ ਵੱਲੋਂ ਚਲਾਏ ਜਾ ਰਹੇ ਗਊ ਹਸਪਤਾਲ ਦੀ ਪ੍ਰਬੰਧਕ ਵਿਜੇਤਾ ਮਹਾਜਨ ਨੇ ਦੱਸਿਆ ਕਿ ਹੈਲਪਲਾਈਨ ’ਤੇ ਲਗਾਤਾਰ ਫੋਨ ਆ ਰਹੇ ਹਨ। ਹਸਪਤਾਲ ’ਚ ਇਸ ਵੇਲੇ ਕਰੀਬ 233 ਪਸ਼ੂ ਹਨ, ਜਿਸ ਕਾਰਨ ਬਿਮਾਰ ਪਸ਼ੂਆਂ ਨੂੰ ਵੱਖਰਾ ਰੱਖਣ ਲਈ ਵਾਧੂ ਜਗ੍ਹਾ ਅਤੇ ਪ੍ਰਬੰਧਾਂ ਦੀ ਲੋੜ ਹੈ।