
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੀੜਤ ਪਰਿਵਾਰ ਦੇ ਮੁਤਾਬਕ, ਮੁੱਖ ਮੁਲਜ਼ਮ ਕਾਫੀ ਸਮੇਂ ਤੋਂ ਨਾਬਾਲਗ ਕੁੜੀ 'ਤੇ ਜ਼ਬਰਦਸਤੀ ਗੱਲ ਕਰਨ ਦਾ ਦਬਾਅ ਬਣਾ ਰਿਹਾ ਸੀ। ਬੀਤੇ ਦਿਨੀਂ ਮੁਲਜ਼ਮ ਉਨ੍ਹਾਂ ਦੇ ਘਰ ਪਹੁੰਚਿਆ ਤੇ ਕੁੜੀ ਨੂੰ ਉਸਦੇ ਚਾਚੇ ਦੇ ਕਮਰੇ 'ਚ ਬੰਦ ਕਰ ਦਿੱਤਾ। ਚਾਚੇ ਨੇ ਮੁਲਜ਼ਮ ਦਾ ਵਿਰੋਧ ਕੀਤਾ ਤੇ ਹੱਥੋਪਾਈ ਤੋਂ ਬਾਅਦ ਕੁੜੀ ਨੂੰ ਉਸਦੇ ਚੁੰਗਲ 'ਚੋਂ ਛੁਡਾਇਆ।

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਸਥਿਤ ਗੁਰੂ ਨਾਨਕ ਕਾਲੋਨੀ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨਾਬਾਲਗ ਕੁੜੀ ਨੂੰ ਉਸਦੇ ਘਰ 'ਚ ਵੜ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਛੇੜਛਾੜ ਦਾ ਵਿਰੋਧ ਕਰਨ 'ਤੇ ਤਿੰਨ ਨੌਜਵਾਨਾਂ ਨੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ 'ਚ ਕੁੜੀ ਦਾ ਸਰੀਰ ਕਰੀਬ 80 ਫੀਸਦ ਤਕ ਝੁਲਸ ਗਿਆ ਹੈ ਤੇ ਉਸਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਪੀੜਤ ਪਰਿਵਾਰ ਦੇ ਮੁਤਾਬਕ, ਮੁੱਖ ਮੁਲਜ਼ਮ ਕਾਫੀ ਸਮੇਂ ਤੋਂ ਨਾਬਾਲਗ ਕੁੜੀ 'ਤੇ ਜ਼ਬਰਦਸਤੀ ਗੱਲ ਕਰਨ ਦਾ ਦਬਾਅ ਬਣਾ ਰਿਹਾ ਸੀ। ਬੀਤੇ ਦਿਨੀਂ ਮੁਲਜ਼ਮ ਉਨ੍ਹਾਂ ਦੇ ਘਰ ਪਹੁੰਚਿਆ ਤੇ ਕੁੜੀ ਨੂੰ ਉਸਦੇ ਚਾਚੇ ਦੇ ਕਮਰੇ 'ਚ ਬੰਦ ਕਰ ਦਿੱਤਾ। ਚਾਚੇ ਨੇ ਮੁਲਜ਼ਮ ਦਾ ਵਿਰੋਧ ਕੀਤਾ ਤੇ ਹੱਥੋਪਾਈ ਤੋਂ ਬਾਅਦ ਕੁੜੀ ਨੂੰ ਉਸਦੇ ਚੁੰਗਲ 'ਚੋਂ ਛੁਡਾਇਆ। ਇਸ ਘਟਨਾ ਤੋਂ ਬਾਅਦ ਕੁੜੀ ਦੇ ਪਿਤਾ ਅਤੇ ਚਾਚਾ ਕੰਮ 'ਤੇ ਚਲੇ ਗਏ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਿਤਾ ਤੇ ਚਾਚੇ ਦੇ ਘਰੋਂ ਜਾਣ ਤੋਂ ਬਾਅਦ ਮੁਲਜ਼ਮ ਆਪਣੇ ਦੋ ਚਚੇਰੇ ਭਰਾਵਾਂ ਨਾਲ ਦੁਬਾਰਾ ਉੱਥੇ ਪਹੁੰਚਿਆ। ਉਸ ਸਮੇਂ ਕੁੜੀ ਘਰ 'ਚ ਇਕੱਲੀ ਸੀ। ਤਿੰਨਾਂ ਨੇ ਉਸਨੂੰ ਘੇਰ ਲਿਆ ਅਤੇ ਇਸ ਦੌਰਾਨ ਮੁੱਖ ਮੁਲਜ਼ਮ ਨੇ ਕੁੜੀ 'ਤੇ ਸੈਨੀਟਾਈਜ਼ਰ ਛਿੜਕ ਕੇ ਅੱਗ ਲਗਾ ਦਿੱਤੀ।
ਅੱਗ ਲੱਗਦੇ ਹੀ ਕੁੜੀ ਚੀਕਣ ਲੱਗ ਪਈ। ਮੁਲਜ਼ਮ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਏ। ਕੁੜੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਗੁਆਂਢੀਆਂ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਤਾਲਾ ਤੋੜ ਕੇ ਕੁੜੀ ਨੂੰ ਬਾਹਰ ਕੱਢਿਆ। ਉਸ ਸਮੇਂ ਤੱਕ ਉਸਦਾ ਸਰੀਰ 80 ਫੀਸਦੀ ਝੁਲਸ ਚੁੱਕਾ ਸੀ।
ਪਰਿਵਾਰ ਵਾਲੇ ਤੁਰੰਤ ਕੁੜੀ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਲੈ ਕੇ ਪਹੁੰਚੇ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੇ ਇਲਾਜ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਕਾਫੀ ਸਮੇਂ ਤੋਂ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਕਈ ਵਾਰ ਰਾਹ ਚਲਦੇ ਛੇੜਛਾੜ ਕਰਦਾ ਸੀ। ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਉਦੋਂ ਮੁਲਜ਼ਮ ਨੇ ਮਾਫ਼ੀ ਮੰਗ ਲਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਫੇਜ਼-8ਬੀ ਪੁਲਿਸ ਚੌਕੀ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਦੀ ਜਾਂਚ ਕਰ ਕੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹਨ ਤੇ ਪੁਲਿਸ ਉਨ੍ਹਾਂ ਨੂੰ ਫੜਨ ਲਈ ਸੰਭਾਵੀ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਪੂਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।