ਮੁਹਾਲੀ 'ਚ Airbnb ਫਲੈਟਾਂ 'ਚ ਦੇਰ ਰਾਤ ਤਕ ਪਾਰਟੀਆਂ, ਨੌਜਵਾਨ-ਮੁਟਿਆਰਾਂ ਕਰਦੇ ਨੇ ਹੰਗਾਮਾ; Bigg Boss ਫੇਮ ਜੋੜੇ ਨੇ ਲਾਏ ਦੋਸ਼
ਅਰਮਾਨ ਮਲਿਕ ਅਤੇ ਕ੍ਰਿਤਿਕਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਦੋਸ਼ ਲਾਇਆ ਕਿ ਪਿਛਲੇ ਲਗਪਗ ਤਿੰਨ ਮਹੀਨਿਆਂ ਤੋਂ ਸਬੰਧਤ ਫਲੈਟ 'ਚ ਦੇਰ ਰਾਤ ਤੱਕ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਕਈ ਵਾਰ ਵੱਡੀ ਗਿਣਤੀ 'ਚ ਨੌਜਵਾਨ-ਮੁਟਿਆਰਾਂ ਉੱਥੇ ਪਹੁੰਚਦੇ ਹਨ ਅਤੇ ਉੱਚੀ ਆਵਾਜ਼ 'ਚ ਸੰਗੀਤ ਵਜਾਇਆ ਜਾਂਦਾ ਹੈ। ਇਸ ਨਾਲ ਆਲੇ-ਦੁਆਲੇ ਰਹਿਣ ਵਾਲੇ ਪਰਿਵਾਰਾਂ, ਖ਼ਾਸ ਕਰ ਕੇ ਛੋਟੇ ਬੱਚਿਆਂ ਦੀ ਨੀਂਦ ਅਤੇ ਸੁਰੱਖਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
Publish Date: Tue, 17 Nov 2026 03:03 PM (IST)
Updated Date: Tue, 17 Nov 2026 03:06 PM (IST)
ਸੰਵਾਦ ਸਹਿਯੋਗੀ, ਜ਼ੀਰਕਪੁਰ (ਮੁਹਾਲੀ) : ਜ਼ੀਰਕਪੁਰ ਦੀਆਂ ਰਿਹਾਇਸ਼ੀ ਸੋਸਾਇਟੀਆਂ 'ਚ ਆਨਲਾਈਨ ਪਲੇਟਫਾਰਮਾਂ ਰਾਹੀਂ ਥੋੜ੍ਹੇ ਸਮੇਂ ਲਈ ਕਿਰਾਏ 'ਤੇ ਦਿੱਤੇ ਜਾ ਰਹੇ ਫਲੈਟਾਂ ਦੀ ਨਿਗਰਾਨੀ ਅਤੇ ਉੱਥੇ ਠਹਿਰਨ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਤਾਜ਼ਾ ਮਾਮਲਾ ਬਿੱਗ ਬੌਸ ਫੇਮ ਅਤੇ ਹਰਿਆਣਵੀ ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀ ਪਤਨੀ ਕ੍ਰਿਤਿਕਾ ਮਲਿਕ ਦੀ ਰਿਹਾਇਸ਼ੀ ਸੋਸਾਇਟੀ ਤੋਂ ਸਾਹਮਣੇ ਆਇਆ ਹੈ। ਜੋੜੇ ਨੇ ਆਪਣੇ ਘਰ ਦੇ ਸਾਹਮਣੇ Airbnb ਰਾਹੀਂ ਕਿਰਾਏ 'ਤੇ ਦਿੱਤੇ ਜਾ ਰਹੇ ਫਲੈਟ 'ਚ ਦੇਰ ਰਾਤ ਤਕ ਪਾਰਟੀਆਂ ਹੋਣ ਅਤੇ ਉੱਚੀ ਆਵਾਜ਼ 'ਚ ਸੰਗੀਤ ਵੱਜਣ ਕਾਰਨ ਪਰਿਵਾਰਾਂ ਨੂੰ ਪਰੇਸ਼ਾਨੀ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਫਲੈਟ 'ਚ ਨੌਜਵਾਨ-ਮੁਟਿਆਰਾਂ ਹੰਗਾਮਾ ਕਰਦੇ ਹਨ। ਹਾਲਾਂਕਿ, ਫਲੈਟ ਮਾਲਕ ਨੇ ਵੀ ਅਰਮਾਨ ਮਲਿਕ ਖ਼ਿਲਾਫ਼ ਆਪਣੀ ਪ੍ਰਾਪਰਟੀ 'ਚ ਬਿਨਾਂ ਅਧਿਕਾਰ ਦਾਖ਼ਲ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।
ਅਰਮਾਨ ਮਲਿਕ ਅਤੇ ਕ੍ਰਿਤਿਕਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਦੋਸ਼ ਲਾਇਆ ਕਿ ਪਿਛਲੇ ਲਗਪਗ ਤਿੰਨ ਮਹੀਨਿਆਂ ਤੋਂ ਸਬੰਧਤ ਫਲੈਟ 'ਚ ਦੇਰ ਰਾਤ ਤੱਕ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਕਈ ਵਾਰ ਵੱਡੀ ਗਿਣਤੀ 'ਚ ਨੌਜਵਾਨ-ਮੁਟਿਆਰਾਂ ਉੱਥੇ ਪਹੁੰਚਦੇ ਹਨ ਅਤੇ ਉੱਚੀ ਆਵਾਜ਼ 'ਚ ਸੰਗੀਤ ਵਜਾਇਆ ਜਾਂਦਾ ਹੈ। ਇਸ ਨਾਲ ਆਲੇ-ਦੁਆਲੇ ਰਹਿਣ ਵਾਲੇ ਪਰਿਵਾਰਾਂ, ਖ਼ਾਸ ਕਰ ਕੇ ਛੋਟੇ ਬੱਚਿਆਂ ਦੀ ਨੀਂਦ ਅਤੇ ਸੁਰੱਖਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਆਨਲਾਈਨ ਬੁਕਿੰਗ ਵਾਲੇ ਫਲੈਟਾਂ ਦਾ ਰਿਕਾਰਡ ਕੌਣ ਰੱਖ ਰਿਹਾ?
ਇਸ ਵਿਵਾਦ ਨੇ ਸੋਸਾਇਟੀਆਂ ਦੀ ਸੁਰੱਖਿਆ ਵਿਵਸਥਾ ਨਾਲ ਜੁੜਿਆ ਅਹਿਮ ਸਵਾਲ ਖੜ੍ਹਾ ਕਰ ਦਿੱਤਾ ਹੈ। ਰਿਹਾਇਸ਼ੀ ਫਲੈਟਾਂ ਨੂੰ ਥੋੜ੍ਹੇ ਸਮੇਂ ਲਈ ਕਿਰਾਏ 'ਤੇ ਦੇਣ ਦੀ ਸਥਿਤੀ 'ਚ ਉੱਥੇ ਠਹਿਰਨ ਵਾਲਿਆਂ ਦਾ ਰਿਕਾਰਡ ਰੱਖਣ, ਪਛਾਣ ਦੀ ਪੁਸ਼ਟੀ ਕਰਨ ਅਤੇ ਸੋਸਾਇਟੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਅਰਮਾਨ ਮਲਿਕ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸੋਸਾਇਟੀ 'ਚ ਅਜਿਹੇ ਤਿੰਨ ਫਲੈਟ ਚੱਲ ਰਹੇ ਹਨ ਅਤੇ ਸਬੰਧਤ ਫਲੈਟ 'ਚ ਹਰ ਰੋਜ਼ ਵੱਡੀ ਗਿਣਤੀ 'ਚ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਅੱਧੀ ਰਾਤ ਨੂੰ ਗ਼ਲਤ ਦਰਵਾਜ਼ੇ 'ਤੇ ਪਹੁੰਚਦੇ ਹਨ ਡਿਲੀਵਰੀ ਕਰਮਚਾਰੀ
ਕ੍ਰਿਤਿਕਾ ਮਲਿਕ ਨੇ ਦੋਸ਼ ਲਾਇਆ ਕਿ ਫਲੈਟ 'ਚ ਆਉਣ ਵਾਲੇ ਕਈ ਲੋਕਾਂ ਅਤੇ ਆਨਲਾਈਨ ਖਾਣਾ ਪਹੁੰਚਾਉਣ ਵਾਲੇ ਕਰਮਚਾਰੀਆਂ ਨੂੰ ਸਹੀ ਪਤੇ ਦੀ ਜਾਣਕਾਰੀ ਨਹੀਂ ਹੁੰਦੀ। ਇਸ ਕਾਰਨ ਉਹ ਦੇਰ ਰਾਤ ਉਨ੍ਹਾਂ ਦੇ ਘਰ ਦੀ ਘੰਟੀ ਵਜਾ ਦਿੰਦੇ ਹਨ। ਜੋੜੇ ਮੁਤਾਬਕ, ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ।
ਅਰਮਾਨ ਮਲਿਕ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਧਮਕੀਆਂ ਮਿਲ ਚੁੱਕੀਆਂ ਹਨ। ਅਜਿਹੇ 'ਚ ਘਰ ਦੇ ਆਲੇ-ਦੁਆਲੇ ਅਣਜਾਣ ਲੋਕਾਂ ਦੀ ਲਗਾਤਾਰ ਆਵਾਜਾਈ ਕਾਰਨ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਉਨ੍ਹਾਂ ਪੁਲਿਸ ਅਤੇ ਸਬੰਧਤ ਅਧਿਕਾਰੀਆਂ ਤੋਂ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਫਲੈਟ ਮਾਲਕ ਨੇ ਵੀ ਬਿਨਾਂ ਇਜਾਜ਼ਤ ਦਾਖ਼ਲੇ ਦਾ ਚੁੱਕਿਆ ਮੁੱਦਾ
ਵਿਵਾਦ ਦਾ ਦੂਜਾ ਪੱਖ ਵੀ ਸਾਹਮਣੇ ਆਇਆ ਹੈ। ਫਲੈਟ ਮਾਲਕ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਪ੍ਰਾਪਰਟੀ Airbnb ਰਾਹੀਂ ਕਿਰਾਏ 'ਤੇ ਦਿੱਤੀ ਗਈ ਹੈ ਅਤੇ ਅਰਮਾਨ ਮਲਿਕ ਨੂੰ ਉਸ 'ਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਅਜਿਹੇ 'ਚ ਪੁਲਿਸ ਸਾਹਮਣੇ ਇਕ ਪਾਸੇ ਦੇਰ ਰਾਤ ਸ਼ੋਰ-ਸ਼ਰਾਬੇ ਅਤੇ ਸੁਰੱਖਿਆ ਸਬੰਧੀ ਸ਼ਿਕਾਇਤ ਹੈ, ਜਦਕਿ ਦੂਜੇ ਪਾਸੇ ਨਿੱਜੀ ਪ੍ਰਾਪਰਟੀ 'ਚ ਦਾਖ਼ਲੇ ਨੂੰ ਲੈ ਕੇ ਵਿਵਾਦ ਹੈ।
ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਜਾਰੀ
ਥਾਣਾ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਰਮਾਨ ਮਲਿਕ ਅਤੇ ਦੂਜੀ ਧਿਰ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਕ ਧਿਰ ਨੇ ਦੇਰ ਰਾਤ ਉੱਚੀ ਆਵਾਜ਼ 'ਚ ਸੰਗੀਤ ਵਜਾਉਣ ਅਤੇ ਪਰੇਸ਼ਾਨੀ ਪੈਦਾ ਕਰਨ ਦੇ ਦੋਸ਼ ਲਾਏ ਹਨ, ਜਦਕਿ ਦੂਜੀ ਧਿਰ ਨੇ ਪ੍ਰਾਪਰਟੀ 'ਚ ਦਾਖ਼ਲੇ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਪੁਲਿਸ ਦੋਵਾਂ ਧਿਰਾਂ ਦੇ ਦੋਸ਼ਾਂ ਦੀ ਪੁਸ਼ਟੀ ਕਰ ਰਹੀ ਹੈ। ਜਾਂਚ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੱਡਾ ਸਵਾਲ
ਇਸ ਮਾਮਲੇ ਤੋਂ ਬਾਅਦ ਰਿਹਾਇਸ਼ੀ ਸੋਸਾਇਟੀਆਂ 'ਚ ਥੋੜ੍ਹੇ ਸਮੇਂ ਲਈ ਕਿਰਾਏ 'ਤੇ ਦਿੱਤੇ ਜਾਣ ਵਾਲੇ ਫਲੈਟਾਂ ਦੀ ਸੁਰੱਖਿਆ ਵਿਵਸਥਾ, ਮਹਿਮਾਨਾਂ ਦੀ ਪਛਾਣ ਦੀ ਪੁਸ਼ਟੀ ਅਤੇ ਦੇਰ ਰਾਤ ਹੋਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਸਪੱਸ਼ਟ ਪ੍ਰਬੰਧ ਕਰਨ ਦੀ ਲੋੜ ਸਾਹਮਣੇ ਆਈ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਸਿਰਫ਼ ਦੋਵਾਂ ਧਿਰਾਂ ਦੇ ਵਿਵਾਦ ਤੱਕ ਸੀਮਤ ਰਹਿੰਦੀ ਹੈ ਜਾਂ ਸੋਸਾਇਟੀ ਦੀ ਸੁਰੱਖਿਆ ਨਾਲ ਜੁੜੀਆਂ ਸ਼ਿਕਾਇਤਾਂ ਦੀ ਵੀ ਪੜਤਾਲ ਕੀਤੀ ਜਾਂਦੀ ਹੈ।