CM Mann ਦਾ ਵੱਡਾ ਫ਼ੈਸਲਾ: ਮਹਿਲਾ ਕਰਮਚਾਰੀਆਂ ਨੂੰ ਵੱਡੀ ਰਾਹਤ, ਰੋਜ਼ਾਨਾ ਡਿਊਟੀ ਖ਼ਤਮ ਕਰਕੇ ਜਾ ਸਕਣਗੀਆਂ ਘਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ’ਚ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਇਕ ਵੱਡਾ ਫੈਸਲਾ ਕਰਨ ਜਾ ਰਹੀ ਹੈ। ਇਹ ਫੈਸਲਾ ਮੁਲਾਜ਼ਮ ਵਰਗ ਦੇ ਹੱਕ ’ਚ ਹੋਵੇਗਾ। ਇਸ ਸਬੰਧੀ ਸੁਖੀ ਪਰਿਵਾਰ ਯੋਜਨਾ ਤਹਿਤ 40 ਕਿੱਲੋਮੀਟਰ ਏਰੀਆ ਵਿੱਚ ਮੁਲਾਜ਼ਮਾਂ (ਵੱਡੇ ਅਫ਼ਸਰਾਂ ਨੂੰ ਛੱਡ ਕੇ) ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਨਾਲ ਮਹਿਲਾ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਰੋਜ਼ਾਨਾ ਡਿਊਟੀ ਖ਼ਤਮ ਕਰਕੇ ਅੱਧਾ ਜਾਂ ਇਕ ਘੰਟੇ ਤੱਕ ਆਪਣੇ ਪੇਕੇ ਜਾਂ ਸਹੁਰੇ ਘਰ ਆ ਜਾ ਸਕਣਗੀਆਂ।
Publish Date: Tue, 16 Jun 2026 01:42 PM (IST)
Updated Date: Tue, 16 Jun 2026 01:48 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ’ਚ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਇਕ ਵੱਡਾ ਫੈਸਲਾ ਕਰਨ ਜਾ ਰਹੀ ਹੈ। ਇਹ ਫੈਸਲਾ ਮੁਲਾਜ਼ਮ ਵਰਗ ਦੇ ਹੱਕ ’ਚ ਹੋਵੇਗਾ। ਇਸ ਸਬੰਧੀ ਸੁਖੀ ਪਰਿਵਾਰ ਯੋਜਨਾ ਤਹਿਤ 40 ਕਿੱਲੋਮੀਟਰ ਏਰੀਆ ਵਿੱਚ ਮੁਲਾਜ਼ਮਾਂ (ਵੱਡੇ ਅਫ਼ਸਰਾਂ ਨੂੰ ਛੱਡ ਕੇ) ਦੀ ਤਾਇਨਾਤੀ ਕੀਤੀ ਜਾਵੇਗੀ।
ਇਸ ਨਾਲ ਮਹਿਲਾ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਰੋਜ਼ਾਨਾ ਡਿਊਟੀ ਖ਼ਤਮ ਕਰਕੇ ਅੱਧਾ ਜਾਂ ਇਕ ਘੰਟੇ ਤੱਕ ਆਪਣੇ ਪੇਕੇ ਜਾਂ ਸਹੁਰੇ ਘਰ ਆ ਜਾ ਸਕਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੀਆਂ ਮਹਿਲਾ ਮੁਲਾਜ਼ਮਾਂ ਮਿਲੀਆਂ ਸਨ। ਜਿਨ੍ਹਾਂ ਨੇ ਦੱਸਿਆ ਕਿ ਉਹ ਹਫ਼ਤੇ ਬਾਅਦ ਜਾਂਦੀਆਂ ਹਨ। ਇਕ ਮੁਲਾਜ਼ਮ ਦਾ ਕਹਿਣਾ ਸੀ ਕਿ ਉਸ ਦੀ ਪੰਜ ਮਹੀਨਿਆਂ ਦੀ ਬੱਚੀ ਹੈ ਜੋ ਉਸ ਨੂੰ ਚੰਗੀ ਤਰ੍ਹਾਂ ਨਾਲ ਪਛਾਣਦੀ ਤੱਕ ਵੀ ਨਹੀਂ ਹੈ।
ਸੰਗਤ ਖੁਦ ਫੈਸਲਾ ਕਰੇਗੀ
ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਸਮੇਤ ਸਮੁੱਚੀ ਪੰਜਾਬ ਕੈਬਨਿਟ ਅਤੇ ਸਿੱਖ ਵਿਧਾਇਕ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਕ ਫੇਕ ਵੀਡੀਓ ਨੂੰ ਆਧਾਰ ਬਣਾ ਕੇ ਉਸ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੈਂ ਅਕਾਲ ਤਖ਼ਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ ਪਰ ਉਥੇ ਤਾਇਨਾਤ ਜਥੇਦਾਰ ਸਿਆਸੀ ਪਾਰਟੀ ਦੇ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਲਾਏ ਹੋਏ ਹਨ। ਇਸ ਬਾਰੇ ਸੰਗਤ ਖੁਦ ਫੈਸਲਾ ਕਰੇਗੀ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ 67,500 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸੂਬੇ ਵਿੱਚ 990 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਜਿੱਥੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ ਵਿੱਚ 400 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ।
ਪੰਜਾਬ ’ਚ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ 'ਤੇ ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਸਾਰੇ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਨਾਲੋਂ ਵਧੀਆਂ ਮਸ਼ੀਨਰੀ ਸਥਾਪਿਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਤਰੱਕੀ ਦੀ ਰਾਹ ’ਤੇ ਹੈ। ਵਿਰੋਧੀਆਂ ’ਤੇ ਤਨਜ਼ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਲੀਡਰਾਂ ਨੂੰ ਢੰਗ ਨਾਲ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਉਹ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਹਨ।