ਬਲਜੀਤ ਸਿੰਘ ਭਾਂਖਰਪੁਰ ਮੁਹਾਲੀ ਜ਼ਿਲ੍ਹੇ ਦੇ ਮੀਤ ਪ੍ਰਧਾਨ ਨਿਯੁਕਤ
ਇਸ ਬੈਠਕ ਦੇ ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਨੇ ਉਮੀਦ ਜਤਾਈ ਕਿ ਬਲਜੀਤ ਸਿੰਘ ਦੀ ਅਗਵਾਈ ਹੇਠ ਡੇਰਾਬੱਸੀ ਅਤੇ ਪੂਰੇ ਮੁਹਾਲੀ ਜ਼ਿਲ੍ਹੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਇਕ ਨਵੀਂ ਤਾਕਤ ਵਜੋਂ ਉੱਭਰੇਗੀ।
Publish Date: Mon, 22 Jun 2026 06:42 PM (IST)
Updated Date: Tue, 23 Jun 2026 12:25 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਸੰਗਠਨ ਦਾ ਵਿਸਥਾਰ ਕਰਦਿਆਂ ਬਲਜੀਤ ਸਿੰਘ ਭਾਂਖਰਪੁਰ ਨੂੰ ਮੁਹਾਲੀ ਜ਼ਿਲ੍ਹੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਤੇ ਦਿਨ ਹੋਈ ਬੈਠਕ ਦੌਰਾਨ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਇਸ ਨਵੀਂ ਅਤੇ ਵੱਡੀ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ। ਇਸ ਦੇ ਨਾਲ ਹੀ ਹਲਕਾ ਡੇਰਾਬੱਸੀ ਵਿਚ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਅੱਗੇ ਦੀ ਰਣਨੀਤੀ ਅਤੇ ਟੀਮ ਤਿਆਰ ਕਰਨ ਦੇ ਸਾਰੇ ਅਧਿਕਾਰ ਵੀ ਬਲਜੀਤ ਸਿੰਘ ਭਾਂਖਰਪੁਰ ਨੂੰ ਸੌਂਪੇ ਗਏ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਅਤੇ ਜਨਰਲ ਸਕੱਤਰ ਲਵਰਿੰਦਰ ਸਿੰਘ ਸਿੱਲ ਨੇ ਬਲਜੀਤ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਪ੍ਰੋਗਰਾਮ ਦੌਰਾਨ ਡੇਰਾਬੱਸੀ ਹਲਕੇ ਦੇ ਪਾਰਟੀ ਮੈਂਬਰ, ਸਥਾਨਕ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਨਵ-ਨਿਯੁਕਤ ਮੀਤ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ। ਮੀਤ ਪ੍ਰਧਾਨ ਬਲਜੀਤ ਸਿੰਘ ਭਾਂਖਰਪੁਰ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਲਈ ਪਾਰਟੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੇ ਤਨ, ਮਨ ਅਤੇ ਧਨ ਨਾਲ ਕੰਮ ਕਰਨਗੇ। ਜਲਦੀ ਹੀ ਡੇਰਾਬੱਸੀ ਹਲਕੇ ਵਿਚ ਮਿਹਨਤੀ ਅਤੇ ਇਮਾਨਦਾਰ ਸਾਥੀਆਂ ਨੂੰ ਨਾਲ ਲੈ ਕੇ ਇਕ ਮਜ਼ਬੂਤ ਟੀਮ ਤਿਆਰ ਕੀਤੀ ਜਾਵੇਗੀ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਲਾਮਬੰਦ ਕਰਨਗੇ। ਇਸ ਬੈਠਕ ਦੇ ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਨੇ ਉਮੀਦ ਜਤਾਈ ਕਿ ਬਲਜੀਤ ਸਿੰਘ ਦੀ ਅਗਵਾਈ ਹੇਠ ਡੇਰਾਬੱਸੀ ਅਤੇ ਪੂਰੇ ਮੁਹਾਲੀ ਜ਼ਿਲ੍ਹੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਇਕ ਨਵੀਂ ਤਾਕਤ ਵਜੋਂ ਉੱਭਰੇਗੀ।