- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਕਰਿਆਨਾ ਸਟੋਰ ’ਤੇ ਸ਼ਲਿੰਦਰ ਸਿੰਘ ਸਾਮਾਨ ਲੈਣ ਗਿਆ ਹੋਇਆ ਸੀ ਕਿ ਉੱਥੇ ਦੁਕਾਨ ਵਿਚ ਇਕ ਲੜਕੀ ਤੇ ਇਕ ਨੌਜਵਾਨ ਖੜ੍ਹੇ ਸਨ, ਜਦੋਂ ਸ਼ਲਿੰਦਰ ਸਿੰਘ ਦੁਕਾਨ ਤੋਂ ਬਾਹਰ ਜਾਣ ਲੱਗਿਆ ਤਾਂ ਉਸ ਵੱਲੋਂ ਲੜਕੀ ਨੂੰ ਪਿੱਛੇ ਹਟਣ ਲਈ 'ਬੁੱਗਾ' ਸ਼ਬਦ ਵਰਤਿਆ ਗਿਆ।

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਬੀਤੇ ਕੱਲ੍ਹ ਖਰੜ ਦੇ ਗੁਰੂ ਤੇਗ ਬਹਾਦਰ ਨਗਰ ਰੋਡ ’ਤੇ ਇਕ ਵਿਅਕਤੀ ਵੱਲੋਂ ਇਕ ਲੜਕੀ ਨੂੰ ਪੰਜਾਬੀ ਸ਼ਬਦ 'ਬੁੱਗਾ' ਕਹਿਣ ਤੋਂ ਬਾਅਦ ਹੋਈ ਤਕਰਾਰ ਖ਼ੂਨੀ ਝੜਪ ਦਾ ਰੂਪ ਲੈ ਗਈ। ਜਿਸ ਵਿਚ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਇਕ ਤਰਫ਼ਾ ਕਾਰਵਾਈ ਕਰਦੇ ਹੋਏ ਰੋਹਿਤ ਕੁਮਾਰ, ਨਿਜ਼ਾਮ ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਬਾਰੇ ਸੂਚਨਾ ਮਿਲੀ ਹੈ।
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਕਰਿਆਨਾ ਸਟੋਰ ’ਤੇ ਸ਼ਲਿੰਦਰ ਸਿੰਘ ਸਾਮਾਨ ਲੈਣ ਗਿਆ ਹੋਇਆ ਸੀ ਕਿ ਉੱਥੇ ਦੁਕਾਨ ਵਿਚ ਇਕ ਲੜਕੀ ਤੇ ਇਕ ਨੌਜਵਾਨ ਖੜ੍ਹੇ ਸਨ, ਜਦੋਂ ਸ਼ਲਿੰਦਰ ਸਿੰਘ ਦੁਕਾਨ ਤੋਂ ਬਾਹਰ ਜਾਣ ਲੱਗਿਆ ਤਾਂ ਉਸ ਵੱਲੋਂ ਲੜਕੀ ਨੂੰ ਪਿੱਛੇ ਹਟਣ ਲਈ 'ਬੁੱਗਾ' ਸ਼ਬਦ ਵਰਤਿਆ ਗਿਆ। ਜਿਸ ਤੋਂ ਬਾਅਦ ਦੁਕਾਨ ਵਿਚ ਹੀ ਦੋਵਾਂ ਧਿਰਾਂ ਦੀ ਤਕਰਾਰ ਹੋ ਗਈ। ਜਿਸ ਨੇ ਬਾਅਦ ’ਚ ਖ਼ੂਨੀ ਝੜਪ ਦਾ ਰੂਪ ਧਾਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਨਾਲ ਆਏ ਨੌਜਵਾਨਾਂ ਵੱਲੋਂ ਪਹਿਲਾਂ ਇਕ ਪ੍ਰਾਪਟੀ ਡੀਲਰ ਦੇ ਦਫ਼ਤਰ ’ਤੇ ਹਮਲਾ ਕਰ ਦਫ਼ਤਰ ਦੀ ਭੰਨ ਤੋੜ ਕੀਤੀ ਗਈ ਅਤੇ ਉੱਥੇ ਬੈਠੇ ਵਿਅਕਤੀਆਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਮੌਕੇ ’ਤੇ ਦੋਵੇਂ ਧਿਰਾਂ ਦੀ ਹੋਈ ਝੜਪ ’ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨਾਂ ’ਚੋਂ ਇਕ ਧਿਰ ਸਿਵਲ ਹਸਪਤਾਲ ਖਰੜ ਦਾਖ਼ਲ ਹੋ ਗਈ, ਜਦੋਂ ਕਿ ਦੂਜੀ ਧਿਰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੋਈ। ਜਿੱਥੋਂ ਮਾਮਲਾ ਲੜਾਈ ਝਗੜੇ ਦਾ ਹੋਣ ਕਾਰਨ ਨਿੱਜੀ ਹਸਪਤਾਲ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਪਰ ਨਿੱਜੀ ਹਸਪਤਾਲ ਵਿਚ ਪਹਿਲੀ ਧਿਰ ਵੱਲੋਂ ਦੂਜੀ ਧਿਰ ਨਾਲ ਘੜੀਸ-ਘੜੀਸ ਕੇ ਕੁੱਟਮਾਰ ਕੀਤੀ ਗਈ, ਜਿਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਸਿਵਲ ਹਸਪਤਾਲ ਖਰੜ ਵਿਖੇ ਦਾਖ਼ਲ ਹੋਣ ਪਹੁੰਚੀ ਦੂਜੀ ਧਿਰ ਜਿਸ ’ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਤੇ ਫਿਰ ਦੂਜੀ ਵਾਰ ਹਮਲਾ ਕੀਤਾ ਗਿਆ। ਜਦੋਂ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਵੱਲੋਂ ਇਸ ਦੀ ਕਵਰੇਜ ਕਰਨੀ ਚਾਹੀ ਤਾਂ ਪਹਿਲੀ ਧਿਰ ਦੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਨਾਲ ਵੀ ਬਦਸਲੂਕੀ ਤੇ ਧੱਕਾ-ਮੁੱਕੀ ਕੀਤੀ ਗਈ। ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਥਾਣੇ ਦਿੱਤੀ ਗਈ ਹੈ। ਇਸ ਝਗੜੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਅਮਨਦੀਪ ਸਿੰਘ, ਸ਼ਲਿੰਦਰ ਸਿੰਘ, ਕਮਲਪ੍ਰੀਤ ਸਿੰਘ ਵਾਸੀ ਖਰੜ ਤੇ ਨਿਜ਼ਾਮ ਵਾਸੀ ਮੋਗਾ, ਰੋਹਿਤ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਇਸ ਮਾਮਲੇ ਵਿਚ ਐੱਸਐੱਚਓ ਥਾਣਾ ਸਿਟੀ ਖਰੜ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਹੋਏ ਲੜਾਈ ਝਗੜੇ ਵਿਚ ਪੁਲਿਸ ਨੇ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਰੋਹਿਤ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਫਿਰੋਜ਼ਪੁਰ ਅਤੇ ਨਿਜ਼ਾਮ ਪੁੱਤਰ ਸੂਰਜ ਵਾਸੀ ਮੋਗਾ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।