- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਈਏ ਦੀ ਜਾਂਚ ਅਨੁਸਾਰ ਮਾਮਲੇ ਨਾਲ ਸਬੰਧਤ ਕਥਿਤ ਨਸ਼ਾ ਤਸਕਰੀ ਨੈੱਟਵਰਕ ਦੀਆਂ ਤਾਰਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਜੁੜੀਆਂ ਹੋਈਆਂ ਹਨ। ਜਾਂਚ ਏਜੰਸੀ ਮੁਤਾਬਕ ਪੰਜਾਬ, ਜੰਮੂ-ਕਸ਼ਮੀਰ ਅਤੇ ਦਿੱਲੀ ਵਿਚ ਸਰਗਰਮ ਇਸ ਨੈੱਟਵਰਕ ਵੱਲੋਂ ਕਥਿਤ ਤੌਰ ’ਤੇ ਫੰਡਾਂ ਦੇ ਲੈਣ-ਦੇਣ ਲਈ ਹਵਾਲਾ ਚੈਨਲਾਂ ਦੀ ਵਰਤੋਂ ਕੀਤੀ ਜਾਂਦੀ ਸੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਅਟਾਰੀ ਸਰਹੱਦ ਤੋਂ 532 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ ਜੁੜੇ ਚਰਚਿਤ ਨਾਰਕੋ-ਟੈਰੋਰਿਜ਼ਮ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਗਗਨਦੀਪ ਸਿੰਘ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ।
ਅਟਾਰੀ ਸਰਹੱਦ ’ਤੇ ਹੋਈ ਸੀ ਵੱਡੀ ਬਰਾਮਦਗੀ ;
ਮਾਮਲਾ 29 ਜੂਨ 2019 ਨੂੰ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਅਟਾਰੀ ਇੰਟਰਨੈਸ਼ਨਲ ਚੈੱਕ ਪੋਸਟ ’ਤੇ ਕਸਟਮ ਵਿਭਾਗ ਵੱਲੋਂ ਪਾਕਿਸਤਾਨ ਤੋਂ ਆਈ ਨਮਕ ਦੀ ਖੇਪ ਦੀ ਜਾਂਚ ਦੌਰਾਨ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਇਸ ਬਰਾਮਦਗੀ ਤੋਂ ਬਾਅਦ ਮਾਮਲੇ ਦੀ ਜਾਂਚ ਅੱਗੇ ਵਧਾਈ ਗਈ ਅਤੇ ਕਥਿਤ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦੀਆਂ ਕੜੀਆਂ ਦੀ ਜਾਂਚ ਕੀਤੀ ਗਈ।
ਮੁਲਜ਼ਮ ’ਤੇ ਕੀ ਹਨ ਦੋਸ਼
ਅਭਿਯੋਜਨ ਪੱਖ ਮੁਤਾਬਕ ਗਗਨਦੀਪ ਸਿੰਘ ’ਤੇ ਸਰਹੱਦ ਪਾਰ ਤੋਂ ਤਸਕਰੀ ਕਰਕੇ ਲਿਆਂਦੀ ਗਈ ਹੈਰੋਇਨ ਨੂੰ ਵੱਖ-ਵੱਖ ਹੈਂਡਲਰਾਂ ਤੱਕ ਪਹੁੰਚਾਉਣ ਅਤੇ ਨਸ਼ਿਆਂ ਤੋਂ ਪ੍ਰਾਪਤ ਕਥਿਤ ਕਮਾਈ ਨੂੰ ਜਾਇਦਾਦਾਂ ਵਿੱਚ ਨਿਵੇਸ਼ ਕਰਨ ਦੇ ਇਲਜ਼ਾਮ ਹਨ। ਇਸ ਤੋਂ ਇਲਾਵਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਸਿਮ ਕਾਰਡ ਅਤੇ ਇੰਟਰਨੈੱਟ ਕੁਨੈਕਸ਼ਨ ਹਾਸਲ ਕਰਨ ਦੇ ਵੀ ਦੋਸ਼ ਲਗਾਏ ਗਏ ਹਨ।
ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਜੁੜੇ ਹੋਣ ਦਾ ਦਾਅਵਾ
ਐੱਨਆਈਏ ਦੀ ਜਾਂਚ ਅਨੁਸਾਰ ਮਾਮਲੇ ਨਾਲ ਸਬੰਧਤ ਕਥਿਤ ਨਸ਼ਾ ਤਸਕਰੀ ਨੈੱਟਵਰਕ ਦੀਆਂ ਤਾਰਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਜੁੜੀਆਂ ਹੋਈਆਂ ਹਨ। ਜਾਂਚ ਏਜੰਸੀ ਮੁਤਾਬਕ ਪੰਜਾਬ, ਜੰਮੂ-ਕਸ਼ਮੀਰ ਅਤੇ ਦਿੱਲੀ ਵਿਚ ਸਰਗਰਮ ਇਸ ਨੈੱਟਵਰਕ ਵੱਲੋਂ ਕਥਿਤ ਤੌਰ ’ਤੇ ਫੰਡਾਂ ਦੇ ਲੈਣ-ਦੇਣ ਲਈ ਹਵਾਲਾ ਚੈਨਲਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਮਾਮਲੇ ਵਿਚ 11 ਮੁਲਜ਼ਮ, 209 ਗਵਾਹ
ਮਾਮਲੇ ਵਿੱਚ ਕੁੱਲ 11 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਦਕਿ ਅਭਿਯੋਜਨ ਪੱਖ ਵੱਲੋਂ 209 ਗਵਾਹ ਬਣਾਏ ਗਏ ਹਨ। ਇਨ੍ਹਾਂ ਵਿਚੋਂ ਹੁਣ ਤੱਕ 20 ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਟਰਾਇਲ ਕੋਰਟ ਵੱਲੋਂ 16 ਮਈ 2024 ਨੂੰ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ।
ਗਗਨਦੀਪ ਸਿੰਘ ਵੱਲੋਂ ਆਪਣੀ ਜ਼ਮਾਨਤ ਅਰਜ਼ੀ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਉਹ ਪੰਜ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਹੈ। ਹੁਣ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ’ਤੇ 24 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ।