ਮੁਹਾਲੀ ਦੇ ਨਵੇਂ ਸੈਕਟਰਾਂ ਤੇ ਪਿੰਡਾਂ ਦੇ ਵਿਕਾਸ ਕੰਮਾਂ 'ਤੇ ਖਰਚੇ ਜਾਣਗੇ 50 ਕਰੋੜ ਰੁਪਏ, ਮੁਹਾਲੀ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਟੈਂਡਰ ਜਾਰੀ, ਪਿੰਡਾਂ ਦੀ ਬਦਲੇਗੀ ਨੁਹਾਰ
ਮੁਹਾਲੀ ਨਗਰ ਨਿਗਮ ਨੇ ਨਵੇਂ ਸੈਕਟਰਾਂ ਅਤੇ ਪਿੱਛੇ ਜਿਹੇ ਸ਼ਹਿਰ ਦੀ ਹੱਦ ਵਿਚ ਸ਼ਾਮਲ ਕੀਤੇ ਲਗਪਗ ਡੇਢ ਦਰਜਨ ਪਿੰਡਾਂ ਦੀ ਨੁਹਾਰ ਬਦਲਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਵੇਂ ਸੈਕਟਰਾਂ ਅਤੇ ਪੇਂਡੂ ਲੋਕਾਂ ਨੂੰ ਅਤਿ-ਆਧੁਨਿਕ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ 50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਜਾਰੀ ਕੀਤੇ ਗਏ ਹਨ। ਪਹਿਲੀ ਜੁਲਾਈ ਤੋਂ ਬਾਅਦ ਟੈਂਡਰ ਪ੍ਰਕਿਰਿਆ ਮੁਕੰਮਲ ਹੁੰਦਿਆਂ ਹੀ ਵੱਖ-ਵੱਖ ਵਿਕਾਸ ਕੰਮ ਸ਼ੁਰੂ ਕੀਤੇ ਜਾਣਗੇ ਅਤੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
Publish Date: Tue, 30 Jun 2026 12:17 PM (IST)
Updated Date: Tue, 30 Jun 2026 12:21 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਨੇ ਨਵੇਂ ਸੈਕਟਰਾਂ ਅਤੇ ਪਿੱਛੇ ਜਿਹੇ ਸ਼ਹਿਰ ਦੀ ਹੱਦ ਵਿਚ ਸ਼ਾਮਲ ਕੀਤੇ ਲਗਪਗ ਡੇਢ ਦਰਜਨ ਪਿੰਡਾਂ ਦੀ ਨੁਹਾਰ ਬਦਲਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਵੇਂ ਸੈਕਟਰਾਂ ਅਤੇ ਪੇਂਡੂ ਲੋਕਾਂ ਨੂੰ ਅਤਿ-ਆਧੁਨਿਕ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ 50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਜਾਰੀ ਕੀਤੇ ਗਏ ਹਨ। ਪਹਿਲੀ ਜੁਲਾਈ ਤੋਂ ਬਾਅਦ ਟੈਂਡਰ ਪ੍ਰਕਿਰਿਆ ਮੁਕੰਮਲ ਹੁੰਦਿਆਂ ਹੀ ਵੱਖ-ਵੱਖ ਵਿਕਾਸ ਕੰਮ ਸ਼ੁਰੂ ਕੀਤੇ ਜਾਣਗੇ ਅਤੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਇਸ ਮੈਗਾ ਵਿਕਾਸ ਯੋਜਨਾ ਤਹਿਤ ਪਿੰਡਾਂ ਵਿਚ ਸੜਕਾਂ ਦਾ ਨਿਰਮਾਣ, ਐੱਲਈਡੀ ਸਟਰੀਟ ਲਾਈਟਾਂ, ਨਵੇਂ ਟਿਊਬਵੈੱਲ, ਸੀਵਰੇਜ ਨੈੱਟਵਰਕ ਦਾ ਨਵੀਨੀਕਰਨ, ਜਲ ਸਪਲਾਈ ਅਤੇ ਸੀਵਰੇਜ ਪਾਈਪਲਾਈਨਾਂ, ਫੁੱਟਪਾਥ, ਪੱਕੀ ਫਿਰਨੀਆਂ, ਪਾਰਕਾਂ ਦਾ ਸੁੰਦਰੀਕਰਨ, ਓਪਨ ਏਅਰ ਜਿਮ, ਬੱਚਿਆਂ ਦੇ ਝੂਲੇ, ਫਲੱਡ ਲਾਈਟਾਂ, ਧਰਮਸ਼ਾਲਾਵਾਂ ਅਤੇ ਸ਼ਮਸ਼ਾਨਘਾਟਾਂ ਦੇ ਸੁਧਾਰ ਜਿਹੇ ਅਹਿਮ ਕਾਰਜ ਕੀਤੇ ਜਾਣਗੇ। ਵਿਕਾਸ ਦੇ ਇਹ ਕੰਮ ਨੇਪਰੇ ਚਾੜ੍ਹ ਕੇ ਪਿੰਡ ਵਾਸੀਆਂ ਮੁਹੱਈਆ ਬੁਨਿਆਦੀ ਸਹੂਲਤਾਂ ਕਰਵਾਇਆ ਜਾਣਗੀਆਂ।
ਗਮਾਡਾ ਦੇ ਅਧੀਨ ਆਉਂਦੇ ਇਲਾਕਿਆਂ 'ਚ ਵੀ ਲੱਗਣਗੇ ਵਿਕਾਸ ਦੇ ਅੰਬਾਰ
ਆਮ ਆਦਮੀ ਪਾਰਟੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਅਗਵਾਈ ਹੇਠ ਨਵੀਂ ਸਿਆਸੀ ਟੀਮ ਦੇ ਗਠਨ ਤੋਂ ਬਾਅਦ ਹੁਣ ਗਮਾਡਾ ਖੇਤਰਾਂ ਵਿਚ ਵੀ ਵਿਕਾਸ ਕਾਰਜ ਤੇਜ਼ ਕਰਨ ਦੀ ਤਿਆਰੀ ਖਿੱਚ ਲਈ ਹੈ। ਐਰੋਸਿਟੀ, ਆਈਟੀ ਸਿਟੀ ਅਤੇ ਪ੍ਰਾਈਵੇਟ ਬਿਲਡਰਾਂ ਦੇ ਕਈ ਅਜਿਹੇ ਰਿਹਾਇਸ਼ੀ ਪ੍ਰੋਜੈਕਟ, ਜੋ ਪਹਿਲਾਂ ਗਮਾਡਾ ਵੱਲੋਂ ਮਨਜ਼ੂਰ ਸਨ ਪਰ ਹੁਣ ਨਿਗਮ ਦੇ ਅਧੀਨ ਆਉਂਦੇ ਹਨ, ਉੱਥੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।
ਨਗਰ ਨਿਗਮ ਨੇ ਵੱਖ-ਵੱਖ ਇਲਾਕਿਆਂ ਲਈ ਟੈਂਡਰ ਮੰਗ ਲਏ ਹਨ। ਸੂਤਰਾਂ ਮੁਤਾਬਕ ਖ਼ਾਸ ਕਰਕੇ ਆਈਟੀ ਸਿਟੀ ਖੇਤਰ ਦੇ ਪਾਰਕਾਂ ਵਿਚ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਓਪਨ ਜਿਮ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਲਗਾਉਣ ਦੀ ਯੋਜਨਾ ਪੂਰੀ ਤਰ੍ਹਾਂ ਤਿਆਰ ਕਰ ਲਈ ਗਈ ਹੈ।
ਵਿਕਾਸ ਪੱਖੋਂ ਇਨ੍ਹਾਂ ਪਿੰਡਾਂ ਦੀ ਬਦਲੇਗੀ ਨੁਹਾਰ
ਮੁਹਾਲੀ ਦੀ ਜੂਹ ਵਿਚ ਚੱਪੜਚਿੜੀ ਖੁਰਦ ਵਿਚ 3.57 ਕਰੋੜ, ਚੱਪੜਚਿੜੀ ਕਲਾਂ ’ਚ 2.40 ਕਰੋੜ, ਲਾਂਡਰਾਂ ’ਚ 3.16 ਕਰੋੜ, ਲਖਨੌਰ ’ਚ 3.07 ਕਰੋੜ, ਬਲੌਂਗੀ 4.53 ਕਰੋੜ, ਗਰੀਨ ਐਨਕਲੇਵ ’ਚ 2.38 ਕਰੋੜ, ਪਿੰਡ ਸੰਭਾਲਕੀ ’ਚ 3.80 ਕਰੋੜ, ਪਿੰਡ ਬੱਲੋਮਾਜਰਾ ’ਚ 3.39 ਕਰੋੜ, ਬਲਿਆਲੀ ’ਚ 2.71 ਕਰੋੜ, ਮੌਲੀ ਬੈਦਵਾਨ ’ਚ 2.61 ਕਰੋੜ, ਚਿੱਲਾ ’ਚ 2.40 ਕਰੋੜ, ਪਿੰਡ ਕੰਬਾਲੀ ’ਚ 3.25 ਕਰੋੜ, ਰੁੜਕਾ ਵਿਚ 2.71 ਕਰੋੜ, ਨਾਨੂਮਾਜਰਾ ਵਿਚ 2.69 ਕਰੋੜ ਅਤੇ ਨਾਜਾਇਣਗੜ੍ਹ ’ਚ 2.12 ਕਰੋੜ ਰੁਪਏ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਹੋਰਨਾਂ ਪਿੰਡਾਂ ਅਤੇ ਸ਼ਹਿਰੀ ਖੇਤਰ ’ਚ ਹੋਣ ਵਾਲੇ ਕੰਮਾਂ ਦੇ ਵੀ ਟੈਂਡਰ ਜਾਰੀ ਹੋਏ ਹਨ। ਜਦੋਂਕਿ ਪਹਿਲਾ ਇਹ ਪਿੰਡਾਂ ਨੂੰ ਅਣਗੌਲਿਆ ਕੀਤਾ ਗਿਆ ਸੀ।