- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਪੀ ਨੇ ਕਿਹਾ ਕਿ ਇਹ ਮੁਹਿੰਮ ਹੁਣ ਸਿਰਫ਼ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੱਕ ਸੀਮਤ ਨਹੀਂ ਰਹੀ, ਸਗੋਂ ਸੰਗਠਿਤ ਅਪਰਾਧ ਨੂੰ ਚਲਾਉਣ ਵਾਲੇ ਪੂਰੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਿੱਚ ਅਪਰਾਧੀਆਂ ਦੇ ਵਿੱਤੀ ਸਰੋਤਾਂ, ਲੌਜਿਸਟਿਕ ਪ੍ਰਬੰਧਾਂ, ਸੰਚਾਰ ਮਾਧਿਅਮਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਸੰਪਰਕਾਂ ਨੂੰ ਤੋੜਨ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਪੰਜਾਬ ਪੁਲਿਸ ਵੱਲੋਂ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 200 ਦਿਨ ਪੂਰੇ ਹੋ ਗਏ ਹਨ। ਇਸ ਦੌਰਾਨ ਪੁਲਿਸ ਨੇ ਸੂਬੇ ਭਰ ਵਿੱਚ 1,09,087 ਛਾਪੇਮਾਰੀਆਂ ਕਰਕੇ 1532 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਹਿੰਮ ਤਹਿਤ ਕੁੱਲ 58,212 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਿਨ੍ਹਾਂ ਵਿੱਚ 853 ਗੈਂਗਸਟਰ ਤੇ ਉਨ੍ਹਾਂ ਦੇ ਸਾਥੀ ਅਤੇ 57,359 ਲੋੜੀਂਦੇ ਅਪਰਾਧੀ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਇਹ ਮੁਹਿੰਮ ਹੁਣ ਸਿਰਫ਼ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੱਕ ਸੀਮਤ ਨਹੀਂ ਰਹੀ, ਸਗੋਂ ਸੰਗਠਿਤ ਅਪਰਾਧ ਨੂੰ ਚਲਾਉਣ ਵਾਲੇ ਪੂਰੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਿੱਚ ਅਪਰਾਧੀਆਂ ਦੇ ਵਿੱਤੀ ਸਰੋਤਾਂ, ਲੌਜਿਸਟਿਕ ਪ੍ਰਬੰਧਾਂ, ਸੰਚਾਰ ਮਾਧਿਅਮਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਸੰਪਰਕਾਂ ਨੂੰ ਤੋੜਨ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਪੁਲਿਸ ਮੁਤਾਬਕ 200 ਦਿਨਾਂ ਦੌਰਾਨ 990 ਗੈਰ-ਕਾਨੂੰਨੀ ਹਥਿਆਰ, 242 ਧਾਰਦਾਰ ਹਥਿਆਰ, 2739 ਕਾਰਤੂਸ, 315 ਮੈਗਜ਼ੀਨ, 2.5 ਕਿਲੋਗ੍ਰਾਮ ਵਿਸਫੋਟਕ ਅਤੇ 15 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 774.38 ਕਿਲੋਗ੍ਰਾਮ ਹੈਰੋਇਨ, 480.23 ਕਿਲੋਗ੍ਰਾਮ ਅਫ਼ੀਮ, 7266.26 ਕਿਲੋਗ੍ਰਾਮ ਭੁੱਕੀ ਅਤੇ 26,91,455 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ 1.73 ਕਰੋੜ ਰੁਪਏ ਦੀ ਡਰੱਗ ਮਨੀ ਅਤੇ 1.80 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਸਮੇਤ 413.85 ਗ੍ਰਾਮ ਸੋਨਾ ਵੀ ਜ਼ਬਤ ਕੀਤਾ।
ਇਸ ਦੌਰਾਨ 64,402 ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਗਈ। 4978 ਮੋਬਾਈਲ ਫੋਨ, 1781 ਵਾਹਨ ਅਤੇ 61 ਡਰੋਨ ਵੀ ਕਬਜ਼ੇ ਵਿੱਚ ਲਏ ਗਏ।
ਏਜੀਟੀਐਫ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਹੁਣ ਕਾਰਵਾਈ ਦਾ ਕੇਂਦਰ ਵਿਅਕਤੀਗਤ ਅਪਰਾਧੀਆਂ ਦੀ ਬਜਾਏ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ। ਇਸ ਲਈ ਵਿੱਤੀ ਟਰੈਕਿੰਗ, ਡਿਜ਼ੀਟਲ ਇੰਟੈਲੀਜੈਂਸ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਚੋਪੜਾ ਨੂੰ ਮੱਧ ਏਸ਼ੀਆ ਅਤੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਜਕਾਰਤਾ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ।