- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਨੂੰ ਸੂਦ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸ਼ੁਰੂ ਕੀਤੇ ਇਸ ਅਭਿਆਨ ਤਹਿਤ ਕੁੱਲ 257 ਘਰਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਲਗਪਗ 180 ਪਰਿਵਾਰਾਂ ਦੇ ਘਰਾਂ ਦੀਆਂ ਪੱਕੀਆਂ ਛੱਤਾਂ ਤਿਆਰ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਆਵਾਸ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

ਵਕੀਲ ਮਹਿਰੋਂ, ਮੋਗਾ : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਸਮਾਜਸੇਵੀ ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਸਮਾਜਿਕ ਉਪਰਾਲੇ ‘ਛੱਤ ਤੁਹਾਡੀ, ਜ਼ਿੰਮੇਵਾਰੀ ਸਾਡੀ’ ਮਿਸ਼ਨ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸੋਨੂੰ ਸੂਦ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸ਼ੁਰੂ ਕੀਤੇ ਇਸ ਅਭਿਆਨ ਤਹਿਤ ਕੁੱਲ 257 ਘਰਾਂ ਦੀ ਸੂਚੀ ਤਿਆਰ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਲਗਪਗ 180 ਪਰਿਵਾਰਾਂ ਦੇ ਘਰਾਂ ਦੀਆਂ ਪੱਕੀਆਂ ਛੱਤਾਂ ਤਿਆਰ ਕਰਵਾ ਕੇ ਉਨ੍ਹਾਂ ਨੂੰ ਸੁਰੱਖਿਅਤ ਆਵਾਸ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਸੋਨੂੰ ਸੂਦ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਲੋਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸਹੂਲਤਾਂ ਤਾਂ ਪਹੁੰਚ ਜਾਂਦੀਆਂ ਹਨ, ਪਰ ਸੂਦ ਫਾਊਂਡੇਸ਼ਨ ਦਾ ਮਕਸਦ ਕੇਵਲ ਤੁਰੰਤ ਰਾਹਤ ਪਹੁੰਚਾਉਣਾ ਨਹੀਂ, ਸਗੋਂ ਪ੍ਰਭਾਵਿਤ ਲੋਕਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ 'ਚ ਸਹਾਇਕ ਬਣਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੇਵਾ ਕਰਦਿਆਂ ਕਦੇ ਵੀ ਕਿਸੇ ਵਿਅਕਤੀ ਦਾ ਧਰਮ, ਜਾਤ ਜਾਂ ਰਾਜਨੀਤਕ ਪਿਛੋਕੜ ਨਹੀਂ ਦੇਖੀ ਜਾਂਦੀ, ਕਿਉਂਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
ਇਸ ਦੌਰਾਨ ਮਾਲਵਿਕਾ ਸੂਦ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਕੀਤਾ ਤਾਂ ਇਹ ਅਹਿਸਾਸ ਹੋਇਆ ਕਿ ਬੇਸ਼ੁਮਾਰ ਪਰਿਵਾਰ ਮਦਦ ਦੀ ਉਡੀਕ ਕਰ ਰਹੇ ਹਨ, ਪਰ ਉਨ੍ਹਾਂ ਤਕ ਕੋਈ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਕੇ ਅਤੇ ਉਨ੍ਹਾਂ ਦੇ ਸਿਰ ‘ਤੇ ਮੁੜ ਛੱਤ ਮੁਹੱਈਆ ਕਰਵਾ ਕੇ ਜੋ ਸੰਤੁਸ਼ਟੀ ਅਤੇ ਦੁਆਵਾਂ ਮਿਲਦੀਆਂ ਹਨ, ਉਹ ਕਿਸੇ ਵੀ ਸਨਮਾਨ ਜਾਂ ਇਨਾਮ ਨਾਲੋਂ ਕਈ ਗੁਣਾ ਵੱਧ ਕੀਮਤੀ ਹਨ।