- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੈਕਿੰਗ ਦੌਰਾਨ ਇਕ ਡੇਅਰੀ, ਇਕ ਰੈਸਟੋਰੈਂਟ ਅਤੇ ਆਈਸਕ੍ਰੀਮ ਤਿਆਰ ਕਰਨ ਵਾਲੀਆਂ ਇਕਾਈਆਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਗੁਣਵੱਤਾ ਦੀ ਜਾਂਚ ਲਈ ਕੁੱਲ 5 ਸੈਂਪਲ ਭਰੇ ਗਏ, ਜਿਨ੍ਹਾਂ ਵਿਚ ਦੁੱਧ, ਪਨੀਰ, ਮਿਲਕ ਬਾਦਾਮ ਅਤੇ ਦੋ ਵੱਖ-ਵੱਖ ਕਿਸਮਾਂ ਦੀਆਂ ਆਈਸਕ੍ਰੀਮਾਂ ਦੇ ਸੈਂਪਲ ਸ਼ਾਮਲ ਹਨ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਸ਼ੁੱਧ, ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਵਿਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਫੂਡ ਸੇਫਟੀ ਅਫ਼ਸਰ ਯੋਗੇਸ਼ ਗੋਇਲ ਅਤੇ ਲਵਦੀਪ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਧਰਮਕੋਟ ਇਲਾਕੇ ਦਾ ਦੌਰਾ ਕਰਕੇ ਵੱਖ-ਵੱਖ ਖਾਣ-ਪੀਣ ਨਾਲ ਸਬੰਧਤ ਅਦਾਰਿਆਂ ਦੀ ਜਾਂਚ ਕੀਤੀ ਗਈ।
ਚੈਕਿੰਗ ਦੌਰਾਨ ਇਕ ਡੇਅਰੀ, ਇਕ ਰੈਸਟੋਰੈਂਟ ਅਤੇ ਆਈਸਕ੍ਰੀਮ ਤਿਆਰ ਕਰਨ ਵਾਲੀਆਂ ਇਕਾਈਆਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਗੁਣਵੱਤਾ ਦੀ ਜਾਂਚ ਲਈ ਕੁੱਲ 5 ਸੈਂਪਲ ਭਰੇ ਗਏ, ਜਿਨ੍ਹਾਂ ਵਿਚ ਦੁੱਧ, ਪਨੀਰ, ਮਿਲਕ ਬਾਦਾਮ ਅਤੇ ਦੋ ਵੱਖ-ਵੱਖ ਕਿਸਮਾਂ ਦੀਆਂ ਆਈਸਕ੍ਰੀਮਾਂ ਦੇ ਸੈਂਪਲ ਸ਼ਾਮਲ ਹਨ। ਟੀਮ ਵੱਲੋਂ ਲਏ ਗਏ ਸਾਰੇ ਸੈਂਪਲ ਅਗਲੇਰੀ ਜਾਂਚ ਅਤੇ ਵਿਸ਼ਲੇਸ਼ਣ ਲਈ ਸਰਕਾਰੀ ਪ੍ਰਯੋਗਸ਼ਾਲਾ ਭੇਜ ਦਿੱਤੇ ਗਏ ਹਨ। ਰਿਪੋਰਟ ਪ੍ਰਾਪਤ ਹੋਣ ਉਪਰੰਤ, ਜੇਕਰ ਕੋਈ ਸੈਂਪਲ ਮਿਆਰਾਂ ਅਨੁਸਾਰ ਨਾ ਪਾਇਆ ਗਿਆ ਤਾਂ ਸਬੰਧਤ ਧਿਰ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ 'ਫੂਡ ਸੇਫਟੀ ਆਨ ਵ੍ਹੀਲਜ਼' ਵੈਨ ਰਾਹੀਂ ਸਰਕਾਰੀ ਸਕੂਲ ਦੇ ਨੇੜੇ ਖੜ੍ਹੇ ਸਟ੍ਰੀਟ ਫੂਡ ਵੈਂਡਰਾਂ (ਰੇਹੜੀ-ਫੜ੍ਹੀ ਵਾਲਿਆਂ) ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਟੀਮ ਨੇ ਵੈਂਡਰਾਂ ਨੂੰ ਸਾਫ਼-ਸਫ਼ਾਈ ਦੇ ਮਾਪਦੰਡਾਂ ਦੀ ਪਾਲਣਾ ਕਰਨ, ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣ, ਸ਼ੁੱਧ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ।
ਡੀਐੱਚਓ ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਫੂਡ ਸੇਫਟੀ ਸਬੰਧੀ ਚੈਕਿੰਗ ਅਤੇ ਜਾਗਰੂਕਤਾ ਮੁਹਿੰਮਾਂ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੀਆਂ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਉਪਲਬਧ ਹੋ ਸਕੇ।