- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦਾ ਕਾਰਨ ਮੀਹਾਂ ਦਾ ਮੌਸਮ ਆ ਗਿਆ ਹੈ, ਪਰ ਹਾਲੇ ਤੱਕ ਡਰੇਨੇਜ਼ ਵਿਭਾਗ ਵੱਲੋਂ ਨਾ ਤਾਂ ਘੱਗਰ ਦੀ ਸਫ਼ਾਈ ਕੀਤੀ ਗਈ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਬੰਨ੍ਹ ਮਜ਼ਬੂਤ ਕਰਨ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਸਥਾਨਕ ਲੋਕਾਂ ਮੁਤਾਬਿਕ ਵਿਭਾਗ ਉਸ ਸਮੇਂ ਭੱਜ ਦੌੜ ਕਰਨੀ ਸ਼ੁਰੂ ਕਰਦਾ ਹੈ, ਜਦੋਂ ਘੱਗਰ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ।

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਰਦੂਲਗੜ੍ਹ ਇਲਾਕੇ ਵਿੱਚੋਂ ਲੰਘਦੇ ਘੱਗਰ ਦਰਿਆ ਨੂੰ ਲੈ ਕੇ ਇੱਕ ਵਾਰ ਫ਼ਿਰ ਕੰਢੇ ਬੈਠੇ ਲੋਕ ਫ਼ਿਕਰਮੰਦ ਹੋ ਗਏ ਹਨ। ਇਸ ਦਾ ਕਾਰਨ ਮੀਹਾਂ ਦਾ ਮੌਸਮ ਆ ਗਿਆ ਹੈ, ਪਰ ਹਾਲੇ ਤੱਕ ਡਰੇਨੇਜ਼ ਵਿਭਾਗ ਵੱਲੋਂ ਨਾ ਤਾਂ ਘੱਗਰ ਦੀ ਸਫ਼ਾਈ ਕੀਤੀ ਗਈ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਬੰਨ੍ਹ ਮਜ਼ਬੂਤ ਕਰਨ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਸਥਾਨਕ ਲੋਕਾਂ ਮੁਤਾਬਿਕ ਵਿਭਾਗ ਉਸ ਸਮੇਂ ਭੱਜ ਦੌੜ ਕਰਨੀ ਸ਼ੁਰੂ ਕਰਦਾ ਹੈ, ਜਦੋਂ ਘੱਗਰ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ। ਇਹ ਕਹਾਵਤ ਪੂਰ੍ਹੀ ਤਰ੍ਹਾਂ ਢੁੱਕਦੀ ਹੈ ਕਿ "ਬੂਹੇ ਆਈ ਜੰਞ, ਵਿੰਨ੍ਹੋ ਕੁੜੀ ਦੇ ਕੰਨ"। ਜੇਕਰ ਸਮਾਂ ਰਹਿੰਦੇ ਹੀ ਘੱਗਰ ਦੇ ਬੰਨ੍ਹ ਅਤੇ ਸਫ਼ਾਈ ਸਬੰਧੀ ਕੰਮ ਪੂਰ੍ਹੇ ਕਰ ਲਏ ਜਾਣ ਤਾਂ ਸ਼ਾਇਦ ਬਰਸਾਤਾਂ ਸਮੇਂ ਕਾਫ਼ੀ ਹੱਦ ਤੱਕ ਲੋਕਾਂ ਨੂੰ ਇਸ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਪ੍ਰਸ਼ਾਸਨ ਦੇ ਅਵੇਸਲੇਪਣ ਦੇ ਕਾਰਨ ਲੋਕ ਫ਼ਿਕਰਮੰਦ ਹਨ।
ਇਸ ਸਬੰਧੀ ਪ੍ਰੋ. ਬਿਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਡਰੇਨੇਜ਼ ਵਿਭਾਗ ਵੱਲੋਂ ਹਾਲੇ ਤੱਕ ਘੱਗਰ ਦੀ ਸਫ਼ਾਈ ਅਤੇ ਬੰਨ੍ਹ ਮਜ਼ਬੂਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਦਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਇਸ ਕਾਰਨ ਕੰਢੇ ਬੈਠੇ ਲੋਕਾਂ ਦੀ ਚਿੰਤਾ ਦਿਨ ਬ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘੱਗਰ ਦੀ ਸਫ਼ਾਈ ਤਾਂ ਦੂਰ ਦੀ ਗੱਲ ਹੈ। ਇਸ ਤੋਂ ਉਲਟ ਵੱਖ-ਵੱਖ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਡਰੇਨਾਂ ਰਾਹੀਂ ਘੱਗਰ ਵਿੱਚ ਸੁੱਟਣ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ, ਜਦੋਂਕਿ ਇਸ ਦੇ ਕੰਢੇ ਵਸਦੇ ਲੋਕ ਤਾਂ ਪਹਿਲਾਂ ਹੀ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦੀ ਮਾਰ ਹੇਠ ਆ ਰਹੇ ਹਨ ਪਰ ਸਰਕਾਰਾਂ ਅਤੇ ਸਬੰਧਤ ਮਹਿਕਮੇ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦੇ ਕੇ ਲੋਕਾਂ ਨੂੰ ਹੋਰ ਗੰਭੀਰ ਬਿਮਾਰੀਆਂ ਵੱਲ ਧੱਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਡਰੇਨੇਜ਼ ਵਿਭਾਗ ਵੱਲੋਂ ਹੜ੍ਹਾਂ ਨਾਲ ਸਿੱਝਣ ਲਈ ਪਹਿਲਾਂ ਤਿਆਰੀ ਨਾ ਕਰ ਕੇ ਐਨ ਮੌਕੇ ’ਤੇ ਕਰੋੜਾਂ ਰੁਪਏ ਘੱਗਰ ਦੇ ਪਾਣੀ ਵਿੱਚ ਵਹਾ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਬਾਅਦ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਮਿਲਦਾ।
ਉਧਰ ਕਾਮਰੇਡ ਲਾਲ ਚੰਦ ਨੇ ਦੱਸਿਆ ਕਿ ਘੱਗਰ ਕੰਢੇ ਬੈਠੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਡਰੇਨੇਜ਼ ਵਿਭਾਗ ਅਤੇ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਕੀਤੇ ਜਾਣਾ ਬਹੁਤ ਜ਼ਰੂਰੀ ਹੈ, ਪਰ ਹਰ ਵਾਰ ਐਨ ਮੌਕੇ ’ਤੇ ਆ ਕੇ ਡਰੇਨੇਜ਼ ਵਿਭਾਗ ਵੱਲੋਂ ਬੰਨ੍ਹਾਂ ’ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਵਿੱਚ ਜ਼ਿਆਦਾਤਰ ਕੰਮ ਇਲਾਕੇ ਦੇ ਲੋਕਾਂ ਵਲੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਪ ਹੀ ਕਰ ਲਿਆ ਜਾਂਦਾ ਹੈ ਪਰ ਸਬੰਧਤ ਮਹਿਕਮਾ ਇਸ ਕੰਮ ਨੂੰ ਵੀ ਸਰਕਾਰੀ ਖਾਤੇ ਵਿੱਚ ਪਾ ਦਿੰਦਾ ਹੈ ਕਿਉਂਕਿ ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਹਰ ਬੰਦਾ ਆਪਣੇ ਆਪ ਨੂੰ ਹੜ੍ਹਾਂ ਤੋਂ ਬਚਾਉਣ ਲਈ ਫ਼ਿਕਰਮੰਦ ਹੁੰਦਾ ਹੈ। ਮਹਿਕਮੇ ਨੂੰ ਚਾਹੀਦਾ ਹੈ ਕਿ ਰਹਿੰਦੇ ਸਮੇਂ ਦੌਰਾਨ ਜਿਥੇ ਘੱਗਰ ਦੀ ਸਫ਼ਾਈ ਕਰਵਾਈ ਜਾਵੇ, ਉਥੇ ਹੀ ਬੰਨ੍ਹ ਕਮਜ਼ੋਰ ਜਾਪਦੇ ਹਨ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ। ਇਸ ਸਮੇਂ ਘੱਗਰ ਵਿੱਚ ਆ ਰਿਹਾ ਜ਼ਹੁਰੀਲਾ ਪਾਣੀ ਵੀ ਬੰਦ ਕਰਵਾਇਆ ਜਾਵੇ ਤਾਂ ਜੋ ਲੋਕਾਂ ਦਾ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕੇ।
---
ਮਹਿਕਮਾ ਸਾਰਾ ਸਾਲ ਬੰਨ੍ਹ ਮਜ਼ਬੂਤ ਕਰਨ ’ਚ ਲੱਗਾ ਰਹਿੰਦਾ ਹੈ : ਐੱਸਡੀਓ ਡਰੇਨੇਜ਼ ਵਿਭਾਗ
ਐੱਸਡੀਓ ਡਰੇਨੇਜ਼ ਵਿਭਾਗ ਨੇ ਦੱਸਿਆ ਕਿ ਮਹਿਕਮੇ ਵੱਲੋਂ ਪੂਰ੍ਹਾ ਸਾਲ ਘੱਗਰ ਬੰਨ੍ਹਾਂ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਂਦਾ ਹੈ। ਹੁਣ ਵੀ ਸਰਦੂਲਗੜ੍ਹ ਦੇ ਨੇੜੇ ਕਈ ਥਾਵਾਂ ਜੋ ਕਿ ਪਿਛਲੇ ਸਮੇਂ ਦੌਰਾਨ ਨਾਜ਼ੁਕ ਸਨ ਤੇ ਜੰਬੋ ਬੈਗ ਮਿਟੀ ਦੇ ਭਰ ਕੇ ਲਗਵਾਏ ਗਏ ਹਨ। ਆਉਣ ਵਾਲੇ ਸਮੇਂ ਲਈ ਵੀ ਮਹਿਕਮੇ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਨ, ਜਦ ਉਨ੍ਹਾਂ ਨੂੰ ਘੱਗਰ ਵਿੱਚ ਪਏ ਪੁਰਾਣੇ ਫੱਟਿਆਂ ਵਾਲੇ ਪੁਲ ਦੇ ਮਲਬੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਪਿਛਲੀ ਵਾਰ ਵੀ ਪਿਆ ਸੀ ਪਰ ਕੋਈ ਦਿੱਕਤ ਨਹੀਂ ਆਈ।