‘ਤੁਸੀਂ ਕੂੜਾ ਚੁੱਕੋ ਅਸੀਂ ਬਣਾਵਾਂਗੇ ਪਾਰਕ’
‘ਤੁਸੀਂ ਕੂੜਾ ਚੁੱਕੋ ਅਸੀਂ ਬਣਾਵਾਂਗੇ ਪਾਰਕ’
Publish Date: Sat, 20 Jun 2026 07:49 PM (IST)
Updated Date: Sun, 21 Jun 2026 04:10 AM (IST)

ਕੌਂਸਲਰ ਕੈਂਥ ਦੇ ਉਪਰਾਲੇ ’ਤੇ ਲੋਕ ਵੀ ਆਏ ਅੱਗੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਮੁੱਖ ਵਪਾਰਕ ਹੱਬ ਵਜੋਂ ਜਾਣੀ ਜਾਂਦੀ ਪੁਰਾਣੀ ਦਾਣਾ ਮੰਡੀ ’ਚ ਕੂੜੇ ਦੇ ਪਹਾੜਾਂ ਤੋਂ ਲੋਕਾਂ ਨੂੰ ਨਜਾਤ ਮਿਲਣ ਜਾ ਰਹੀ ਹੈ। ਸ਼ਹਿਰ ਦੇ ਵਾਰਡ ਨੰਬਰ 16 ਤੋਂ ਚੋਣ ਜਿੱਤੇ ਕੌਂਸਲਰ ਕਰਮਜੀਤ ਕੈਂਥ ਦੇ ਯਤਨਾਂ ਸਦਕਾ ਮੰਡੀ ਵਿਚੋਂ ਕੂੜਾ ਚੁੱਕਣ ਲਈ ਜੇਸੀਬੀ ਮਸ਼ੀਨਾਂ ਅਤੇ ਵੱਡੇ ਟਰਾਲੇ ਲਗਾਏ ਗਏ ਹਨ। ਜਿਸ ’ਤੇ ਮੰਡੀ ਦੇ ਵਪਾਰੀਆਂ ਅਤੇ ਸਮਾਜ ਸੇਵੀਆਂ ਵੱਲੋਂ ਕੂੜਾ ਚੁੱਕੇ ਜਾਣ ’ਤੇ ਇਸ ਥਾਂ ’ਤੇ ਪਾਰਕ ਬਣਾਉਣ ਅਤੇ ਉਸ ’ਚ ਬੱਚਿਆਂ ਲਈ ਝੂਲੇ ਅਤੇ ਹੋਰ ਮਨੋਰੰਜਨ ਦੇ ਸਾਧਨ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਵਰਣਨਯੋਗ ਹੈ ਕਿ ਜਗਰਾਓਂ ਦੀ ਪੁਰਾਣੀ ਦਾਣਾ ਮੰਡੀ ਜੋ ਸ਼ਹਿਰ ਦੀ ਮੁੱਖ ਵਪਾਰਕ ਹੱਬ ਹੈ, ਇਥੇ ਨਗਰ ਕੌਂਸਲ ਵੱਲੋਂ ਹੀ ਕੂੜਾ ਸੁੱਟਣ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਚੱਲਦਿਆਂ ਮੰਡੀ ਵਿਚ ਕੂੜੇ ਦੇ ਵੱਡੇ ਵੱਡੇ ਪਹਾੜ ਲੱਗ ਗਏ ਸਨ। ਜਿਸ ਕਾਰਨ ਪੂਰੀ ਮੰਡੀ ਦਾ ਵਪਾਰੀ ਵਰਗ ਅਤੇ ਵਸਨੀਕ ਡਾਹਢੇ ਪਰੇਸ਼ਾਨ ਸਨ। ਇਸ ਕੂੜੇ ਕਾਰਨ ਪੂਰੀ ਮੰਡੀ ਵਿਚ ਬਦਬੂ ਅਤੇ ਮੱਖੀ-ਮੱਛਰ ਕੀਟਾਣੂਆਂ ਦੀ ਭਰਮਾਰ ਕਾਰਨ ਲੋਕ ਲਗਾਤਾਰ ਵਿਰੋਧ ਕਰ ਰਹੇ ਸਨ। ਉਨ੍ਹਾਂ ਵੱਲੋਂ ਕਈ ਵਾਰ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਪਰ ਨਗਰ ਕੌਂਸਲ ਟੱਸ ਤੋਂ ਮੱਸ ਨਾ ਹੋਈ। ਆਖ਼ਿਰਕਾਰ ਇਸ ਦੇ ਹੱਲ ਲਈ ਕੌਂਸਲਰ ਕਰਮਜੀਤ ਕੈਂਥ ਅੱਗੇ ਆਏ ਅਤੇ ਉਨ੍ਹਾਂ ਵੱਲੋਂ ਨਗਰ ਕੌਂਸਲ ਰਾਹੀਂ ਕੂੜਾ ਚੁੱਕਣ ਵਾਸਤੇ ਜੇਸੀਬੀ ਮਸ਼ੀਨਾਂ ਅਤੇ ਵੱਡੇ ਟਰਾਲੇ ਲਗਾਏ ਗਏ। ਹੁਣ ਤੱਕ 16-17 ਟਰਾਲਿਆਂ ਰਾਹੀਂ ਕੂੜਾ ਚੁੱਕਿਆ ਜਾ ਚੁੱਕਾ ਹੈ ਪਰ ਅਜੇ ਵੀ ਕਾਫੀ ਕੂੜਾ ਪਿਆ ਹੈ। ਇਸ ’ਤੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਪੁਰਾਣੀ ਦਾਣਾ ਮੰਡੀ ਜੋ ਕਿ ਮੁੱਖ ਵਪਾਰਕ ਹੱਬ, ਲੋਕਾਂ ਦੇ ਘਰ, ਪਵਿੱਤਰ ਪ੍ਰਾਚੀਨ ਮੰਦਰ ਹੈ, ਜਿੱਥੇ ਕੂੜੇ ਦੇ ਪਹਾੜ ਇਸ ਦੀ ਪਵਿੱਤਰਤਾ ਨੂੰ ਭੰਗ ਕਰਦੇ ਹਨ। ਇਸ ਲਈ ਮੰਡੀ ਨੂੰ ਕੂੜਾ ਮੁਕਤ ਬਣਾਇਆ ਜਾਵੇ। ਇਸੇ ਤਰ੍ਹਾਂ ਜਗਰਾਓਂ ਦੇ ਸਮਾਜ-ਸੇਵੀ ਰਾਜਿੰਦਰ ਜੈਨ, ਸੰਜੀਵ ਕੁਮਾਰ, ਦਰਸ਼ਨ ਸਿੰਗਲਾ, ਮੋਹਿਤ ਜੈਨ ਨੇ ਕਿਹਾ ਕਿ ਜਗਰਾਓਂ ਨਗਰ ਕੌਂਸਲ ਮੰਡੀ ਵਿਚੋਂ ਸਾਰਾ ਕੂੜਾ ਚੁੱਕੇ। ਜਿਸ ’ਤੇ ਉਹ ਸਾਰੇ ਮਿਲ ਕੇ ਲੋਕਾਂ ਦੇ ਸਹਿਯੋਗ ਨਾਲ ਇਸ ਥਾਂ ’ਤੇ ਸ਼ਾਨਦਾਰ ਪਾਰਕ ਦਾ ਨਿਰਮਾਣ ਕਰਨਗੇ।