ਡੀਐੱਮਸੀਐੱਚ ’ਚ ਮਨਾਇਆ ਵਿਸ਼ਵ ਖੂਨਦਾਤਾ ਦਿਵਸ
ਡੀਐਮਸੀਐਚ ਵਿੱਚ ਮਨਾਇਆ ਗਿਆ ਵਿਸ਼ਵ ਖੂਨਦਾਤਾ ਦਿਵਸ
Publish Date: Sat, 13 Jun 2026 07:46 PM (IST)
Updated Date: Sun, 14 Jun 2026 04:06 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ ਵਿਸ਼ਵ ਖੂਨਦਾਤਾ ਦਿਵਸ 2026 ਦੇ ਮੌਕੇ ਡੀਐੱਮਸੀ ਐਂਡ ਐੱਚ ਦੇ ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ (ਆਈਐੱਚਬੀਟੀ) ਵਿਭਾਗ ਵੱਲੋਂ ‘ਮਨੁੱਖਤਾ ਦੀ ਇੱਕ ਬੂੰਦ, ਖੂਨ ਦਾਨ ਕਰੋ, ਜ਼ਿੰਦਗੀਆਂ ਬਚਾਓ’ ਥੀਮ ਹੇਠ ਸਵੈਇੱਛਿਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਖੂਨਦਾਨ ਕੈਂਪ ਪ੍ਰੋਫੈਸਰ ਅਤੇ ਮੁਖੀ ਆਈਐੱਚਬੀਟੀ ਵਿਭਾਗ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਲਾਇਆ ਗਿਆ। ਕੈਂਪ ਦਾ ਸੰਚਾਲਨ ਡਾ. ਸੋਨੀਆ ਗੁਪਤਾ, ਐਡੀਸ਼ਨਲ ਪ੍ਰੋਫੈਸਰ, ਡਾ. ਦੀਪਿਕਾ ਅਗਰਵਾਲ, ਅਸਿਸਟੈਂਟ ਪ੍ਰੋਫੈਸਰ ਤੇ ਵਿਭਾਗ ਦੇ ਸਮਰਪਿਤ ਫੈਕਲਟੀ ਅਤੇ ਸਟਾਫ ਮੈਂਬਰਾਂ ਵੱਲੋਂ ਕੀਤਾ ਗਿਆ। ਕੈਂਪ ਦਾ ਉਦਘਾਟਨ ਦੀਪਕ ਦੁਮਰਾ, ਮੈਂਬਰ ਡੀਐੱਮਸੀ ਐੱਚ ਮੈਨੇਜਿੰਗ ਸੋਸਾਇਟੀ, ਬਿਪਿਨ ਗੁਪਤਾ ਸਕੱਤਰ, ਮੁਕੇਸ਼ ਵਰਮਾ ਖਜ਼ਾਨਚੀ, ਡਾ. ਜੀਐੱਸ ਵਾਂਡਰ ਪ੍ਰਿੰਸੀਪਲ, ਡਾ. ਅਸ਼ਵਨੀ ਕੇ ਚੌਧਰੀ ਮੈਡੀਕਲ ਸੁਪਰਿੰਟੈਂਡੈਂਟ, ਡਾ. ਸੰਦੀਪ ਸ਼ਰਮਾ ਮੈਡੀਕਲ ਸੁਪਰਿੰਟੈਂਡੈਂਟ, ਡਾ. ਆਸ਼ਿਮਾ ਤਨੇਜਾ ਐਡੀਸ਼ਨਲ ਮੈਡੀਕਲ ਸੁਪਰਿੰਟੈਂਡੈਂਟ ਅਤੇ ਡਾ. ਰਾਜੇਸ਼ ਕੁਮਾਰ, ਪ੍ਰੋਫੈਸਰ ਤੇ ਮੁਖੀ, ਆਈਐੱਚਬੀਟੀ ਵਿਭਾਗ ਵੱਲੋਂ ਕੀਤਾ ਗਿਆ। ਇਸ ਖੂਨਦਾਨ ਕੈਂਪ ’ਚ ਡਾਕਟਰਾਂ, ਵਿਦਿਆਰਥੀਆਂ ਤੇ ਹਸਪਤਾਲ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਕੈਂਪ ਦੌਰਾਨ ਕੁੱਲ 345 ਯੂਨਿਟ ਖੂਨ ਇਕੱਠਾ ਕੀਤਾ ਗਿਆ। ਆਪਣੇ ਸੰਦੇਸ਼ ’ਚ ਬਿਪਿਨ ਗੁਪਤਾ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਮਹਾਨ ਸੇਵਾਵਾਂ ’ਚੋਂ ਇੱਕ ਹੈ ਤੇ ਇਹ ਦੂਜਿਆਂ ਪ੍ਰਤੀ ਦਇਆ ਤੇ ਹਮਦਰਦੀ ਦਾ ਸੱਚਾ ਪ੍ਰਗਟਾਵਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਨਿਯਮਿਤ ਸਵੈਇੱਛਿਕ ਖੂਨਦਾਤਾ ਬਣਨ ਤੇ ਇੱਕ ਤੰਦਰੁਸਤ ਅਤੇ ਦਿਆਲੂ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਡਾ. ਜੀਐੱਸ ਵਾਂਡਰ ਨੇ ਕਿਹਾ ਕਿ ਖੂਨਦਾਨ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਤੇ ਮਰੀਜ਼ਾਂ ਲਈ ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਲੋੜ ਹਮੇਸ਼ਾ ਰਹਿੰਦੀ ਹੈ ਪਰ ਇਸ ਦੀ ਉਪਲੱਬਧਤਾ ਪੂਰੀ ਤਰ੍ਹਾਂ ਉਨ੍ਹਾਂ ਨਿਸ਼ਕਾਮ ਖੂਨਦਾਤਿਆਂ ਤੇ ਨਿਰਭਰ ਕਰਦੀ ਹੈ, ਜੋ ਦੂਜਿਆਂ ਦੀ ਮਦਦ ਲਈ ਅੱਗੇ ਆਉਂਦੇ ਹਨ। ਡਾ. ਰਾਜੇਸ਼ ਕੁਮਾਰ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਾਰੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ, ਹਸਪਤਾਲ ਕਰਮਚਾਰੀਆਂ ਤੇ ਸਵੈਸੇਵਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਭ ਨੂੰ ਨਿਯਮਿਤ ਖੂਨਦਾਨ ਕਰਨ ਤੇ ਲੋੜਵੰਦ ਮਰੀਜ਼ਾਂ ਲਈ ਲੋੜੀਂਦੇ ਤੇ ਸੁਰੱਖਿਅਤ ਖੂਨ ਦੀ ਉਪਲੱਬਧਤਾ ਯਕੀਨੀ ਬਣਾਉਣ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ।