- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ 2023 ਵਿੱਚ ਉਸ ਦੀ ਸਾਹਿਬਮੀਤ ਸਿੰਘ ਨਾਲ ਇੰਸਟਾਗ੍ਰਾਮ ਰਾਹੀਂ ਜਾਣ-ਪਛਾਣ ਹੋਈ ਸੀ। ਨਵੰਬਰ 2023 ਵਿੱਚ ਮੁਲਜ਼ਮ ਨੇ ਉਸ ਨੂੰ ਮੁੱਲਾਂਪੁਰ ਬੁਲਾਇਆ ਅਤੇ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਕਥਿਤ ਤੌਰ 'ਤੇ ਨਸ਼ੀਲੀ ਕੌਫ਼ੀ ਪਿਲਾ ਦਿੱਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਗਰਾਉਂ/ਮੁੱਲਾਂਪੁਰ ਦਾਖਾ : ਥਾਣਾ ਸੁਧਾਰ ਦੇ ਇੰਸਪੈਕਟਰ ਸਾਹਿਬਮੀਤ ਸਿੰਘ ਖ਼ਿਲਾਫ਼ ਮਹਿਲਾ ਪੁਲਿਸ ਅਧਿਕਾਰੀ ਨਾਲ ਜਬਰ-ਜ਼ਨਾਹ, ਬਲੈਕਮੇਲ ਅਤੇ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ਾਂ ਤਹਿਤ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਡਾ. ਅੰਕੁਰ ਗੁਪਤਾ ਦੇ ਨਿਰਦੇਸ਼ਾਂ 'ਤੇ ਮੁਲਜ਼ਮ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਸ਼ਿਕਾਇਤਕਰਤਾ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ 2023 ਵਿੱਚ ਉਸ ਦੀ ਸਾਹਿਬਮੀਤ ਸਿੰਘ ਨਾਲ ਇੰਸਟਾਗ੍ਰਾਮ ਰਾਹੀਂ ਜਾਣ-ਪਛਾਣ ਹੋਈ ਸੀ। ਨਵੰਬਰ 2023 ਵਿੱਚ ਮੁਲਜ਼ਮ ਨੇ ਉਸ ਨੂੰ ਮੁੱਲਾਂਪੁਰ ਬੁਲਾਇਆ ਅਤੇ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਕਥਿਤ ਤੌਰ 'ਤੇ ਨਸ਼ੀਲੀ ਕੌਫ਼ੀ ਪਿਲਾ ਦਿੱਤੀ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।
ਮਹਿਲਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਸ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਦਾਅਵਾ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਅਤੇ ਲਾਇਸੈਂਸੀ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਕਥਿਤ ਤੌਰ 'ਤੇ ਬਲੈਕਮੇਲ ਕਰਦਿਆਂ ਵੱਖ-ਵੱਖ ਥਾਵਾਂ 'ਤੇ ਕਈ ਵਾਰ ਜਬਰ-ਜ਼ਨਾਹ ਕੀਤਾ।
ਤਲਾਕ ਲਈ ਵੀ ਬਣਾਇਆ ਦਬਾਅ
ਸ਼ਿਕਾਇਤਕਰਤਾ ਅਨੁਸਾਰ ਉਸ ਦਾ ਵਿਆਹ 2022 ਵਿੱਚ ਹੋਇਆ ਸੀ। ਮੁਲਜ਼ਮ ਨੇ ਵੀਡੀਓ ਪਤੀ ਅਤੇ ਸਹੁਰਾ ਪਰਿਵਾਰ ਨੂੰ ਭੇਜਣ ਦੀ ਧਮਕੀ ਦੇ ਕੇ ਉਸ 'ਤੇ ਤਲਾਕ ਲੈਣ ਲਈ ਦਬਾਅ ਬਣਾਇਆ, ਜਿਸ ਕਾਰਨ ਉਸ ਨੂੰ ਆਪਣੇ ਪਤੀ ਤੋਂ ਤਲਾਕ ਲੈਣਾ ਪਿਆ।
ਤਿੰਨ ਵਾਰ ਗਰਭਪਾਤ ਕਰਵਾਉਣ ਦਾ ਦੋਸ਼
ਮਹਿਲਾ ਨੇ ਦੋਸ਼ ਲਾਇਆ ਕਿ ਸਾਹਿਬਮੀਤ ਸਿੰਘ ਨੇ ਦਵਾਈ ਦੇ ਕੇ ਤਿੰਨ ਵਾਰ ਉਸ ਦਾ ਗਰਭਪਾਤ ਕਰਵਾਇਆ। ਉਸ ਨੇ ਇਹ ਗੱਲ ਮੁਲਜ਼ਮ ਦੀ ਮਾਂ ਨੂੰ ਵੀ ਦੱਸੀ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।