ਚੋਣਾਂ ’ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰਾਂਗੇ : ਬਾਪੂ ਖਾਲਸਾ
2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਕੌਮੀ ਪਾਰਟੀ ਨਾਲ ਗਠਜੋੜ ਨਹੀਂ ਕਰਾਂਗੇ-ਬਾਪੂ ਖਾਲਸਾ
Publish Date: Sun, 28 Jun 2026 08:58 PM (IST)
Updated Date: Mon, 29 Jun 2026 04:08 AM (IST)

ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਸਾਥੀਆਂ ਸਮੇਤ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ ਅਕਾਲੀ ਦਲ ਵਰਿਸ ਪੰਜਾਬ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਕੌਮੀ ਪਾਰਟੀ ਨਾਲ ਗਠਜੋੜ ਨਹੀਂ ਕਰੇਗਾ। ਇਹ ਐਲਾਨ ਲੁਧਿਆਣਾ ਦੇ ਸਾਊਥ ਸਿਟੀ ਵਿਖੇ ਹੋਈ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਕਰਨ ਸਮੇਂ ਕੀਤਾ। ਬਾਪੂ ਖਾਲਸਾ ਨੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਸਣੇ ਸਮੂਹ ਸੀਨੀਅਰ ਲੀਡਰਸ਼ਿਪ ਦਾ ਹਾਜ਼ਰੀ ਵਿੱਚ ਕਿਹਾ ਕਿ ਨਿਰੋਲ ਪੰਥਕ ਸਰਕਾਰ ਸੂਬੇ ਦੀ ਲੋੜ ਹੈ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਉਮੀਦਵਾਰ ਮੈਂਬਰ ਲੋਕ ਸਭਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਆਉਂਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਸਮਾਜ ਦਾ ਹਰ ਵਰਗ ਪਾਰਟੀ ਦੀਆਂ ਨੀਤੀਆਂ ਦੇ ਨਾਲ ਖੜ੍ਹਾ ਹੈ। ਉਹਨਾਂ ਨੇ ਕਿਹਾ ਕਿ ਖੇਤਰੀ ਪਾਰਟੀ ਹੀ ਸੂਬੇ ਦੇ ਮੁੱਦਿਆਂ ਦਾ ਸਹੀ ਤਰੀਕੇ ਨਾਲ ਹੱਲ ਕਰ ਸਕਦੀ ਹੈ। ਵਿਧਾਇਕ ਇਆਲੀ ਨੇ ਸਮਾਗਮ ਵਿੱਚ ਵੱਡੀ ਗਿਣਤੀ ਚ ਸ਼ਾਮਿਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਆਲੀ ਨੇ ਕਿਹਾ ਕਿ ਪਾਰਟੀ ਨੂੰ ਮਿਲ ਰਿਹਾ ਭਾਰੀ ਸਮਰਥਨ ਦਰਸਾਉਂਦਾ ਹੈ ਕਿ ਸੂਬੇ ਅੰਦਰ ਅਗਲੀ ਪੰਥਕ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹੀ ਸੂਬੇ ਨੂੰ ਸਹੀ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰ ਸਕਦਾ ਹੈ। ਸ਼ਿਵਾਲਿਕ ਨੇ ਸਮੂਹ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ਼ਿਵਾਲਿਕ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੂੰ ਅਜਮਾ ਚੁੱਕੇ ਸੂਬੇ ਦੇ ਲੋਕਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਹਨ ਅਤੇ ਪਾਰਟੀ ਉਹਨਾਂ ਉਮੀਦਾਂ ਤੇ ਖਰੀ ਉਤਰੇਗੀ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਕਾਬਲ ਸਿੰਘ ਭੁੱਲਰ, ਅਮਰਜੀਤ ਸਿੰਘ ਵਨਚਿੜੀ, ਸੰਦੀਪ ਸਿੰਘ ਰੁਪਾਲੋਂ, ਹਰਭਜਨ ਸਿੰਘ ਤੁੜ, ਹਰਬੀਰ ਸਿੰਘ ਇਆਲੀ, ਪ੍ਰਿਥੀਪਾਲ ਸਿੰਘ ਬਟਾਲਾ, ਹਲਕਾ ਇੰਚਾਰਜ ਜਗਰਾਉਂ ਰਾਜੀਵ ਕੁਮਾਰ ਲਵਲੀ, ਮਨਦੀਪ ਸਿੰਘ ਹਸਨਪੁਰ, ਹਰਪਾਲ ਸਿੰਘ ਕੋਹਲੀ, ਹਰਪ੍ਰੀਤ ਸਿੰਘ ਪ੍ਰਿੰਸ, ਹਨੀ ਸਿੰਗਲਾ, ਹਰਭਜਨ ਸਿੰਘ ਇਆਲੀ, ਜਗਰੂਪ ਸਿੰਘ, ਮਲਕੀਤ ਸਿੰਘ ਬੱਲ, ਬਲਰਾਜ ਸਿੰਘ ਲੁਧਿਆਣਾ ਵੀ ਮੌਜੂਦ ਰਹੇ। ਖ਼ਬਰ ਦਾ ਬਾਕਸ- 29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗਾ : ਇਆਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦੀ ਪਾਲਣਾ ਯਕੀਨੀ ਬਣਾਉਣ ਲਈ ਪਾਰਟੀ ਵੱਲੋਂ ਸਮਰਥਨ ਪ੍ਰਗਟਾਇਆ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਹੈ ਅਤੇ ਇਹਨਾਂ ਦਾ ਹੁਕਮ ਸਿਰ ਮੱਥੇ ਹੈ। ਇਸ ਤੋਂ ਇਲਾਵਾ ਉਹ 29 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨਰੂਪ ਪੇਸ਼ ਹੋਣਗੇ।