ਕੌਮੀ ਰੈਕਿੰਗ ’ਚ ਵੈਟਰਨਰੀ ਯੂਨੀਵਰਸਿਟੀ ਨੇ ਹਾਸਲ ਕੀਤਾ ਦੂਜਾ ਸਥਾਨ
ਕੌਮੀ ਰੈਕਿੰਗ ’ਚ ਵੈਟਰਨਰੀ ਯੂਨੀਵਰਸਿਟੀ ਨੇ ਹਾਸਿਲ ਕੀਤਾ ਦੂਜਾ ਸਥਾਨ
Publish Date: Tue, 16 Jun 2026 06:12 PM (IST)
Updated Date: Tue, 16 Jun 2026 06:12 PM (IST)

-ਵੈਟਰਨਰੀ ਅਤੇ ਮੱਛੀ ਪਾਲਣ ਦੇ ਖੇਤਰ ’ਚ ਸਮੂਹ ਸੰਸਥਾਵਾਂ ’ਚੋਂ ਰਾਸ਼ਟਰੀ ਪੱਧਰ ਤੇ ਵੀ 5ਵਾਂ ਸਥਾਨ ਪ੍ਰਾਪਤ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਨਵੀਨਤਮ ਇੰਡੀਅਨ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਦਰਜਾਬੰਦੀ-2026 ’ਚ ਲਗਾਤਾਰ ਦੂਜੇ ਸਾਲ ਭਾਰਤ ਦੀਆਂ ਰਾਜ ਵੈਟਰਨਰੀ ਯੂਨੀਵਰਸਿਟੀਆਂ ’ਚੋਂ ਦੂਜਾ ਸਥਾਨ ਲੈ ਕੇ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ। ਯੂਨੀਵਰਸਿਟੀ ਨੂੰ ਵੈਟਰਨਰੀ ਅਤੇ ਮੱਛੀ ਪਾਲਣ ਖੇਤਰ ’ਚ ਸਾਰੀਆਂ ਸੰਸਥਾਵਾਂ ’ਚੋਂ ਰਾਸ਼ਟਰੀ ਪੱਧਰ ਤੇ ਵੀ ਪੰਜਵਾਂ ਸਥਾਨ ਪ੍ਰਾਪਤ ਹੋਇਆ ਹੈ, ਜੋ ਕਿ ਵੈਟਰਨਰੀ ਅਤੇ ਪਸ਼ੂ ਵਿਗਿਆਨ ਸਿੱਖਿਆ, ਖੋਜ ਅਤੇ ਪਸਾਰ ’ਚ ਭਾਰਤ ਦੇ ਮੋਹਰੀ ਸੰਸਥਾਨਾਂ ’ਚੋਂ ਇੱਕ ਵਜੋਂ ਆਪਣੀ ਸਥਿਤੀ ਨੂੰ ਦ੍ਰਿੜ੍ਹ ਕਰਦਾ ਹੈ। ਇਹ ਪ੍ਰਾਪਤੀ ਵੈਟਰਨਰੀ ਯੂਨੀਵਰਸਿਟੀ ਦੇ ਵੈਟਰਨਰੀ ਸਿੱਖਿਆ, ਪਸ਼ੂ ਸਿਹਤ, ਪਸ਼ੂ ਪਾਲਣ ਉਤਪਾਦਨ, ਡੇਅਰੀ, ਮੱਛੀ ਪਾਲਣ ਤੇ ਸਹਾਇਕ ਵਿਗਿਆਨਾਂ ’ਚ ਉੱਤਮਤਾ ਦੇ ਕੇਂਦਰ ਵਜੋਂ ਵਧ ਰਹੇ ਕੱਦ ਨੂੰ ਉਜਾਗਰ ਕਰਦੀ ਹੈ। ਯੂਨੀਵਰਸਿਟੀ ਨੇ ਗੁਣਵੱਤਾਪੂਰਨ ਸਿੱਖਿਆ, ਅਤਿ-ਆਧੁਨਿਕ ਖੋਜ, ਤਕਨਾਲੋਜੀ ਪਸਾਰ ਅਤੇ ਕਿਸਾਨ-ਕੇਂਦਰਿਤ ਵਿਸਥਾਰ ਪ੍ਰੋਗਰਾਮਾਂ ਰਾਹੀਂ ਪਸ਼ੂਧਨ ਖੇਤਰ ਨੂੰ ਮਜ਼ਬੂਤ ਕਰਨ ’ਚ ਲਗਾਤਾਰ ਯੋਗਦਾਨ ਪਾਇਆ ਹੈ। ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਅਧਿਆਪਕਾਂ, ਵਿਗਿਆਨੀਆਂ, ਵਿਦਿਆਰਥੀਆਂ, ਸਟਾਫ, ਸਾਬਕਾ ਵਿਦਿਆਰਥੀਆਂ ਅਤੇ ਸਾਰੀਆਂ ਭਾਈਵਾਲ ਧਿਰਾਂ ਨੂੰ ਇਸ ਪ੍ਰਾਪਤੀ ’ਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਰਜਾਬੰਦੀ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ ਦੀ ਅਣਥੱਕ ਕੋਸ਼ਿਸ਼ ਅਤੇ ਪਸ਼ੂਧਨ ਖੇਤਰ ਨੂੰ ਅੱਗੇ ਵਧਾਉਣ ’ਚ ਇਸਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮਾਨਤਾ ਨੂੰ ਇੱਕ ਸਮੂਹਿਕ ਜਿੱਤ ਦੱਸਦਿਆਂ ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਅਕਾਦਮਿਕ, ਖੋਜ ਤੇ ਵਿਸਥਾਰ ਸਮਰੱਥਾਵਾਂ ਨੂੰ ਵਧਾਉਣ ’ਚ ਸਮੁੱਚੇ ਭਾਈਚਾਰੇ ਦੇ ਸਮਰਪਣ ਤੇ ਸਖ਼ਤ ਮਿਹਨਤ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਡਾ. ਗਿੱਲ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਨਵੀਨਕਾਰੀ ਖੋਜ, ਅਕਾਦਮਿਕ ਤੇ ਪ੍ਰਯੋਗਸ਼ਾਲਾ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਉਦਯੋਗ-ਸਬੰਧਤ ਵਿਦਿਅਕ ਪ੍ਰੋਗਰਾਮਾਂ ਦੇ ਵਿਕਾਸ ਰਾਹੀਂ ਵੈਟਰਨਰੀ ਅਤੇ ਪਸ਼ੂ ਵਿਗਿਆਨ ਨੂੰ ਅੱਗੇ ਵਧਾਉਣ ’ਚ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪਸ਼ੂਧਨ ਉੱਦਮੀਆਂ ਲਈ ਵਿਗਿਆਨਕ ਨਵੀਨਤਾਵਾਂ ਨੂੰ ਵਿਹਾਰਕ ਮੌਕਿਆਂ ’ਚ ਤਬਦੀਲ ਕਰਨ ਤੇ ਯੂਨੀਵਰਸਿਟੀ ਦੇ ਯਤਨਾਂ ਨੇ ਇਸ ਨੂੰ ਰਾਸ਼ਟਰੀ ਮਾਨਤਾ ਦਿਵਾਈ ਹੈ। ਉਨ੍ਹਾਂ ਕਿਹਾ ਕਿ ਇਹ ਦਰਜਾਬੰਦੀ ਸਿੱਖਿਆ, ਖੋਜ ਅਤੇ ਪਸਾਰ ’ਚ ਨਵੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਨਾ ਵਜੋਂ ਕੰਮ ਕਰੇਗੀ। ਉਨ੍ਹਾਂ ਨਵੀਨਤਾ ਨੂੰ ਉਤਸ਼ਾਹਿਤ ਕਰਨ, ਹੁਨਰਮੰਦ ਪੇਸ਼ੇਵਰਾਂ ਨੂੰ ਗਿਆਨਵਾਨ ਕਰਨ ਅਤੇ ਟਿਕਾਊ ਪਸ਼ੂਧਨ ਉਤਪਾਦਨ, ਪਸ਼ੂ ਸਿਹਤ ਅਤੇ ਪੇਂਡੂ ਖੁਸ਼ਹਾਲੀ ’ਚ ਯੋਗਦਾਨ ਪਾਉਣ ਵਾਲੀਆਂ ਤਕਨਾਲੋਜੀਆਂ ਪੈਦਾ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।