- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਸ਼ੂ ਪਾਲਕ ਆਪਣੇ ਬਿਨੈ ਪੱਤਰ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਦਫਤਰ ਵਿਚ ਪੂਰੇ ਵੇਰਵੇ ਸਹਿਤ (ਤਜਰਬਾ ਤੇ ਆਪਣੇ ਪਸ਼ੂ ਫਾਰਮ ਦੀਆਂ ਫੋਟੋਆਂ ਆਦਿ ਸਮੇਤ) 30 ਜੁਲਾਈ ਤੱਕ ਪਹੁੰਚਾ ਦੇਣ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ , ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਦੇ ਕਿੱਤਿਆਂ ਵਿਚ ਪ੍ਰਗਤੀਸ਼ੀਲ ਕਿਸਾਨਾਂ ਦੀ ਚੋਣ ਕਰਕੇ ਮੁੱਖ ਮੰਤਰੀ ਸਨਮਾਨ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਪੁਰਸਕਾਰ ਪਸ਼ੂ ਪਾਲਣ ਦੇ ਖੇਤਰ ਵਿਚ ਗਾਵਾਂ ਪਾਲਣ, ਮੁਰਗੀ ਪਾਲਣ ਤੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਤੰਬਰ 2026 ਦੇ ਪਸ਼ੂ ਪਾਲਣ ਮੇਲੇ ਵਿਚ ਦਿੱਤੇ ਜਾਣਗੇ। ਇਨ੍ਹਾਂ ਇਨਾਮਾਂ ਵਿਚ ਨਕਦ ਰਾਸ਼ੀ ਤੇ ਸਨਮਾਨ ਪੱਤਰ ਦਿੱਤੇ ਜਾਣਗੇ। ਪਸ਼ੂ ਪਾਲਕ ਆਪਣੇ ਬਿਨੈ ਪੱਤਰ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਦਫਤਰ ਵਿਚ ਪੂਰੇ ਵੇਰਵੇ ਸਹਿਤ (ਤਜਰਬਾ ਤੇ ਆਪਣੇ ਪਸ਼ੂ ਫਾਰਮ ਦੀਆਂ ਫੋਟੋਆਂ ਆਦਿ ਸਮੇਤ) 30 ਜੁਲਾਈ ਤੱਕ ਪਹੁੰਚਾ ਦੇਣ।
ਡਾ. ਗਰੇਵਾਲ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਕਿਸਾਨ ਬਿਨੈ ਪੱਤਰ ਫਾਰਮ ਪ੍ਰਾਪਤ ਕਰਨ ਲਈ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਇਲਾਵਾ ਆਪਣੇ ਜ਼ਿਲ੍ਹੇ ਦੇ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਨਿਰਧਾਰਤ ਪ੍ਰੋਫਾਰਮੇ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਡਾ. ਗਰੇਵਾਲ ਨੇ ਕਿਹਾ ਕਿ ਪ੍ਰਾਪਤ ਅਰਜ਼ੀਆਂ ਦੀ ਮੁੱਢਲੀ ਜਾਂਚ-ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਵੱਖ-ਵੱਖ ਫਾਰਮਾਂ ’ਤੇ ਦੌਰਾ ਕਰਕੇ ਬਾਰੀਕੀ ਨਾਲ ਮੁਲਾਂਕਣ ਕਰੇਗੀ ਤੇ ਜੇਤੂ ਪਸ਼ੂ ਪਾਲਕਾਂ ਦਾ ਫੈਸਲਾ ਕਰੇਗੀ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਅਜਿਹੇ ਪੁਰਸਕਾਰ ਪਸ਼ੂ ਪਾਲਣ ਨਾਲ ਸਬੰਧਤ ਕਿੱਤਿਆਂ ਨੂੰ ਅਪਨਾਉਣ ਲਈ ਪੇਂਡੂ ਵੀਰਾਂ ਤੇ ਬੀਬੀਆਂ ਨੂੰ ਪ੍ਰੇਰਿਤ ਕਰਨਗੇ। ਇਸ ਨਾਲ ਨੌਜਵਾਨਾਂ ਨੂੰ ਬੇਹਤਰ ਰੁਜ਼ਗਾਰ ਮਿਲੇਗਾ, ਰਵਾਇਤੀ ਖੇਤੀ ਵਿਚ ਵੰਨ-ਸੁਵੰਨਤਾ ਆਵੇਗੀ ਤੇ ਪੇਂਡੂ ਲੋਕਾਂ ਦਾ ਸਮਾਜਕ ਤੇ ਆਰਥਕ ਜੀਵਨ ਨਿਰਵਾਹ ਹੋਰ ਉੱਚਾ ਹੋਵੇਗਾ।