
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਛਪਾਲ ਦੀ ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਕਿਰਾਏ ’ਤੇ ਬੂਟਾਂ ਦੀ ਦੁਕਾਨ ਹੈ, ਜਿੱਥੇ ਉਸ ਨੇ ਚੀਨੀ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਦੀ ਲਾਈਵ ਫੀਡ ਪਾਕਿਸਤਾਨੀ ਹੈਂਡਲਰਾਂ ਨੂੰ ਭੇਜੀ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਮਰਿਆਂ ਦੀ ਲਾਈਵ ਫੀਡ ਬੰਦ ਹੋ ਗਈ ਸੀ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਰੈਕੇਟ ਦੇ ਮਾਮਲੇ ਵਿਚ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 27 ਅਗਸਤ ਨੂੰ ਇਸ ਰੈਕੇਟ ਨਾਲ ਜੁੜੇ ਦੁਕਾਨਦਾਰ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਛਪਾਲ ਦੀ ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਕਿਰਾਏ ’ਤੇ ਬੂਟਾਂ ਦੀ ਦੁਕਾਨ ਹੈ, ਜਿੱਥੇ ਉਸ ਨੇ ਚੀਨੀ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਦੀ ਲਾਈਵ ਫੀਡ ਪਾਕਿਸਤਾਨੀ ਹੈਂਡਲਰਾਂ ਨੂੰ ਭੇਜੀ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਮਰਿਆਂ ਦੀ ਲਾਈਵ ਫੀਡ ਬੰਦ ਹੋ ਗਈ ਸੀ।
ਪਾਕਿਸਤਾਨ ਵਿਚ ਬੈਠੇ ਹੈਂਡਲਰਾਂ ਨੇ ਰਛਪਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਿਸ ਹਿਰਾਸਤ ਵਿਚ ਸੀ। ਇਸ ਤੋਂ ਬਾਅਦ ਹੈਂਡਲਰਾਂ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ 22 ਸਾਲਾ ਰੋਹਿਤ ਅਤੇ 21 ਸਾਲਾ ਵਰਿੰਦਰ ਨੂੰ ਕੈਮਰੇ ਚੈੱਕ ਕਰਨ ਲਈ ਦੁਕਾਨ ’ਤੇ ਭੇਜਿਆ। ਜਦੋਂ ਇਹ ਦੋਵੇਂ ਦੁਕਾਨ ’ਤੇ ਪਹੁੰਚੇ ਤਾਂ ਨਸ਼ੇ ਵਿਚ ਧੁੱਤ ਸਨ ਅਤੇ ਪਹਿਲਾਂ ਤੋਂ ਮੌਜੂਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਹੋਸ਼ ਵਿਚ ਆਉਣ ਤੋਂ ਬਾਅਦ ਪੁੱਛਗਿਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਹੈਂਡਲਰਾਂ ਨੇ ਕੈਮਰਿਆਂ ਦੀ ਲਾਈਵ ਸਟ੍ਰੀਮਿੰਗ ਬੰਦ ਹੋਣ ਦਾ ਕਾਰਨ ਪਤਾ ਕਰਨ ਲਈ ਭੇਜਿਆ ਸੀ।
ਨਸ਼ੇ ਤੇ ਪੈਸਿਆਂ ਲਈ ਬਣੇ ਆਈਐੱਸਆਈ ਏਜੰਟਾਂ ਦੇ ਮੈਸੇਂਜਰ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕੰਮ ਕੈਮਰਿਆਂ ਅਤੇ ਨੈੱਟਵਰਕ ’ਤੇ ਨਜ਼ਰ ਰੱਖਣਾ ਅਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੋਂ ਮਿਲੇ ਨਿਰਦੇਸ਼ਾਂ ਨੂੰ ਅੱਗੇ ਪਹੁੰਚਾਉਣਾ ਸੀ। ਇਸ ਦੇ ਬਦਲੇ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਅਤੇ ਪੈਸੇ ਦਿੱਤੇ ਜਾਂਦੇ ਸਨ। ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਕਿ ਉਹ ਇੰਟਰਨੈੱਟ ਮੀਡੀਆ ਰਾਹੀਂ ਪਾਕਿਸਤਾਨੀ ਏਜੰਟ ਦੇ ਸੰਪਰਕ ਵਿਚ ਸਨ। ਜਿਨ੍ਹਾਂ ਚੀਨੀ ਕੈਮਰਿਆਂ ਦੀ ਵਰਤੋਂ ਕੀਤੀ ਗਈ, ਉਹ ਵੀ ਪਾਕਿਸਤਾਨ ਤੋਂ ਭੇਜੇ ਗਏ ਦੱਸੇ ਜਾ ਰਹੇ ਹਨ।
ਜਾਸੂਸ ਰਛਪਾਲ ਨੂੰ ਤਿੰਨ ਮਹੀਨਿਆਂ’ਚ ਮਿਲੇ ਤਿੰਨ ਲੱਖ, ਕਮਰੇ ਦਾ ਕਿਰਾਇਆ ਵੀ ਮਿਲਦਾ ਸੀ
ਜਾਸੂਸੀ ਦੇ ਮੁਲਜ਼ਮ ਰਛਪਾਲ ਨੂੰ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਲੋਕਾਂ ਤੋਂ ਤਿੰਨ ਲੱਖ ਰੁਪਏ ਮਿਲੇ ਸਨ। ਇਸ ਤੋਂ ਇਲਾਵਾ ਉਸ ਨੂੰ ਦੁਕਾਨ ਦੇ ਕਿਰਾਏ ਵਜੋਂ 40 ਹਜ਼ਾਰ ਰੁਪਏ ਵੀ ਦਿੱਤੇ ਜਾਂਦੇ ਸਨ। ਉਸ ਦਾ ਕੰਮ ਸਿਰਫ਼ ਕੈਮਰਿਆਂ ਦੀ ਲਾਈਵ ਫੀਡ ਪਾਕਿਸਤਾਨ ਭੇਜਣਾ ਸੀ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਮਿਲੇ ਦੋ ਸੀਸੀਟੀਵੀ ਕੈਮਰਿਆਂ, ਵਾਈ-ਫਾਈ ਰੂਟਰ, ਪਾਵਰ ਅਡਾਪਟਰ ਅਤੇ 64 ਜੀਬੀ ਮੈਮਰੀ ਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਰਛਪਾਲ ਸਿੰਘ ਦਾ ਮਾਮਾ ਵੀ ਨਸ਼ੇ ਦੀ ਭਾਰੀ ਮਾਤਰਾ ਵਿਚ ਬਰਾਮਦਗੀ ਦੇ ਇਕ ਮਾਮਲੇ ਵਿਚ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਉਸੇ ਦੀ ਮਦਦ ਨਾਲ ਮੁਲਜ਼ਮ ਇੰਟਰਨੈੱਟ ਮੀਡੀਆ ਰਾਹੀਂ ਆਈਐੱਸਆਈ ਦੇ ਸੰਪਰਕ ਵਿਚ ਆਏ ਸਨ। ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।