ਰੋਜ਼ੀ-ਰੋਟੀ ਦੀ ਭਾਲ 'ਚ ਨਿਕਲੇ ਦੋ ਘਰਾਂ ਦੇ ਚਿਰਾਗ ਬੁੱਝੇ; ਫੈਕਟਰੀ ਜਾ ਰਹੀ ਕੁੜੀ ਤੇ ਕੰਮ ਤੋਂ ਮੁੜ ਰਹੇ ਵਿਅਕਤੀ ਦੀ ਹਾਦਸੇ 'ਚ ਗਈ ਜਾਨ
ਲੁਧਿਆਣਾ ਵਿੱਚ ਵਾਪਰੇ ਦੋ ਵੱਖ-ਵੱਖ ਦਰਦਨਾਕ ਸੜਕ ਹਾਦਸਿਆਂ 22 ਸਾਲਾ ਦੀ ਮਹਿਲਾ ਫੈਕਟਰੀ ਮੁਲਾਜ਼ਮ ਅਤੇ ਇੱਕ ਬਜ਼ੁਰਗ ਵਿਅਕਤੀ ਦੀ ਮੌਤਾਂ ਹੋ ਗਈਆਂ । ਇੱਕ ਮਾਮਲੇ ਵਿੱਚ ਫੈਕਟਰੀ ਵਿੱਚ ਕੰਮ ਕਰਨ ਵਾਲੀ 22 ਸਾਲਾ ਮੁਟਿਆਰ ਦੀ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਮੌਤ ਹੋ ਗਈ, ਜਦਕਿ ਦੂਜੇ ਮਾਮਲੇ ਵਿੱਚ 56 ਸਾਲਾ ਸਾਈਕਲ ਸਵਾਰ ਵਿਅਕਤੀ ਨੇ ਹਾਦਸੇ ਤੋਂ ਇੱਕ ਹਫ਼ਤੇ ਬਾਅਦ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 21 Jun 2026 11:43 AM (IST)
Updated Date: Sun, 21 Jun 2026 11:44 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਵਿੱਚ ਵਾਪਰੇ ਦੋ ਵੱਖ-ਵੱਖ ਦਰਦਨਾਕ ਸੜਕ ਹਾਦਸਿਆਂ 22 ਸਾਲਾ ਦੀ ਮਹਿਲਾ ਫੈਕਟਰੀ ਮੁਲਾਜ਼ਮ ਅਤੇ ਇੱਕ ਬਜ਼ੁਰਗ ਵਿਅਕਤੀ ਦੀ ਮੌਤਾਂ ਹੋ ਗਈਆਂ । ਇੱਕ ਮਾਮਲੇ ਵਿੱਚ ਫੈਕਟਰੀ ਵਿੱਚ ਕੰਮ ਕਰਨ ਵਾਲੀ 22 ਸਾਲਾ ਮੁਟਿਆਰ ਦੀ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਮੌਤ ਹੋ ਗਈ, ਜਦਕਿ ਦੂਜੇ ਮਾਮਲੇ ਵਿੱਚ 56 ਸਾਲਾ ਸਾਈਕਲ ਸਵਾਰ ਵਿਅਕਤੀ ਨੇ ਹਾਦਸੇ ਤੋਂ ਇੱਕ ਹਫ਼ਤੇ ਬਾਅਦ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਮੰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 22 ਸਾਲਾ ਧੀ ਜਸਪ੍ਰੀਤ ਕੌਰ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀ ਸੀ। ਜਦੋਂ ਉਹ ਦਸ਼ਮੇਸ਼ ਪਬਲਿਕ ਸਕੂਲ ਕੋਲ ਕੁਹਾੜਾ-ਸਾਹਨੇਵਾਲ ਰੋਡ 'ਤੇ ਪੁੱਜੀ ਤਾਂ ਇੱਕ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਜਸਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਕੂੰਮਕਲਾਂ ਦੇ ਏਐਸਆਈ ਸਵਰਨ ਚੌਧਰੀ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਵਾਹਨ ਚਾਲਕ ਦੀ ਤਲਾਸ਼ ਕਰ ਲਈ ਜਾਵੇਗੀ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਥਾਣਾ ਦੀ ਪੁਲਿਸ ਨੇ ਇੱਕ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੂਰਜ ਨੇ ਦੱਸਿਆ ਕਿ ਉਸ ਦੇ 56 ਸਾਲਾ ਪਿਤਾ ਰਾਮ ਲਾਲ 13 ਜੂਨ ਨੂੰ ਆਪਣੀ ਡਿਊਟੀ ਤੋਂ ਛੁੱਟੀ ਕਰਕੇ ਸਾਈਕਲ 'ਤੇ ਘਰ ਵਾਪਸ ਆ ਰਹੇ ਸਨ। ਜਦੋਂ ਉਹ ਦਿੱਲੀ ਜੀ.ਟੀ. ਰੋਡ 'ਤੇ ਮਿੱਤਲ ਕੰਡਾ ਫੰਡਾਰੀ ਕਲਾਂ ਨੇੜੇ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੱਕ ਦਾ ਟਾਇਰ ਰਾਮ ਲਾਲ ਦੀ ਸੱਜੀ ਲੱਤ ਉੱਪਰੋਂ ਲੰਘ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਐਸਪੀਐਸ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਹੁਣ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਹਾਦਸਿਆਂ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਲਾਪਰਵਾਹ ਡਰਾਈਵਿੰਗ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰ ਦਿੱਤਾ ਹੈ। ਪਰਿਵਾਰਾਂ ਨੇ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।