- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਟੀਐਮ ਵਿੱਚੋਂ 18 ਲੱਖ ਦੇ ਕਰੀਬ ਨਕਦੀ ਚੋਰੀ ਕਰਨ ਵਾਲੇ ਦੋ ਦੋਸਤ ਯੂਪੀ ਤੋਂ ਕਾਬੂ

-ਸਨਅਤੀ ਸ਼ਹਿਰ ਲੁਧਿਆਣਾ ਦੀ ਪੁਲਿਸ ਨੇ ਏਟੀਐੱਮ ਲੁੱਟ ਦਾ ਮਾਮਲਾ ਜਲਦ ਕੀਤਾ ਹੱਲ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੀ ਪੁਲਿਸ ਨੇ ਪ੍ਰਤਾਪ ਚੌਂਕ ਸਥਿੱਤ ਬੈਂਕ ਆਫ ਬੜੌਦਾ ਦੇ ਏਟੀਐਮ ਵਿੱਚੋਂ ਕਰੀਬ 17.98 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਨੂੰ ਛੇ ਦਿਨਾਂ ਅੰਦਰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ ਵਿੱਚੋਂ 13.75 ਲੱਖ ਰੁਪਏ ਦੀ ਨਕਦੀ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੇ ਗਏ ਦੋ ਮਹਿੰਗੇ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਧਾਂਸ਼ੂ ਮਹਾਜਨ ਉਰਫ਼ ਸ਼ਾਂਟੀ ਅਤੇ ਵਸੀਮ ਖਾਨ ਉਰਫ਼ ਮੋਟੂ ਵਜੋਂ ਹੋਈ ਹੈ। ਪੁਲਿਸ ਜਾਂਚ ਅਨੁਸਾਰ ਦੋਵੇਂ ਦਿਹਾੜੀਦਾਰ ਮਜ਼ਦੂਰ ਹਨ ਤੇ ਆਪਸ ਵਿੱਚ ਗੂੜ੍ਹੇ ਦੋਸਤ ਹਨ। ਡੀਸੀਪੀ (ਰੂਰਲ) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੋਹੇ ਦੀ ਰਾਡ ਨਾਲ ਏਟੀਐਮ ਤੋੜ ਕੇ ਨਕਦੀ ਚੋਰੀ ਕੀਤੀ ਸੀ। ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਕੁੱਝ ਰਕਮ ਨਸ਼ਿਆਂ ਦੀ ਖਰੀਦ ਅਤੇ ਪੁਰਾਣੇ ਕਰਜ਼ੇ ਚੁਕਾਉਣ ਲਈ ਵਰਤੀ। ਇਸ ਤੋਂ ਬਾਅਦ 15 ਜੂਨ ਨੂੰ ਦੋਵੇਂ ਢੰਡਾਰੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਰਾਹੀਂ ਉੱਤਰ ਪ੍ਰਦੇਸ਼ ਦੇ ਅਮੇਠੀ ਚਲੇ ਗਏ। ਉੱਥੇ ਪਹੁੰਚ ਕੇ ਦੋਵਾਂ ਨੇ ਚੋਰੀ ਕੀਤੀ ਰਕਮ ਨਾਲ 41 ਹਜ਼ਾਰ ਅਤੇ 23 ਹਜ਼ਾਰ ਰੁਪਏ ਦੇ ਦੋ ਨਵੇਂ ਮੋਬਾਈਲ ਫੋਨ ਖ਼ਰੀਦੇ, ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਉਨ੍ਹਾਂ ਲਈ ਸਿਮ ਕਾਰਡ ਨਹੀਂ ਲਏ ਸਨ।
-13 ਜੂਨ ਨੂੰ ਹੋਇਆ ਸੀ ਵਾਰਦਾਤ ਦਾ ਖੁਲਾਸਾ
ਮਾਮਲੇ ਦਾ ਖੁਲਾਸਾ 13 ਜੂਨ ਨੂੰ ਉਸ ਵੇਲੇ ਹੋਇਆ ਜਦੋਂ ਬੈਂਕ ਅਧਿਕਾਰੀਆਂ ਨੇ ਏਟੀਐਮ ਵਿੱਚੋਂ ਨਕਦੀ ਗਾਇਬ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬੈਂਕ ਮੈਨੇਜਰ ਨੀਲਮ ਕੁਮਾਰੀ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ-6 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੇ ਤਕਨੀਕੀ ਨਿਗਰਾਨੀ ਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਨੂੰ ਲਖਨਊ ਤੋਂ ਕਾਬੂ ਕਰ ਲਿਆ।
-ਬੇਰੁਜ਼ਗਾਰੀ ਤੇ ਆਰਥਿਕ ਤੰਗੀ ਨੇ ਬਣਾਇਆ ਅਪਰਾਧੀ
ਜਾਂਚ ਦੌਰਾਨ ਪੁਲਿਸ ਸਾਹਮਣੇ ਆਇਆ ਕਿ ਮੁਲਜ਼ਮ ਸੁਧਾਂਸ਼ੂ ਕਾਫ਼ੀ ਸਮੇਂ ਤੋਂ ਪ੍ਰਤਾਪ ਚੌਕ ਨੇੜੇ ਫੁੱਟਪਾਥ ’ਤੇ ਰਹਿ ਕੇ ਆਪਣੀਆਂ ਰਾਤਾਂ ਗੁਜ਼ਾਰਦਾ ਸੀ। ਇਸ ਦੌਰਾਨ ਉਸ ਦੀ ਨਜ਼ਰ ਇਲਾਕੇ ਵਿੱਚ ਸਥਿੱਤ ਏਟੀਐਮ ’ਤੇ ਪਈ ਹੋਈ ਸੀ ਅਤੇ ਉਹ ਲੰਮੇ ਸਮੇਂ ਤੋਂ ਇਸ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸੀ। ਪੁਲਿਸ ਅਨੁਸਾਰ ਲਗਾਤਾਰ ਕੰਮ ਨਾ ਮਿਲਣ ਅਤੇ ਮਾਲੀ ਹਾਲਾਤ ਖਰਾਬ ਹੋਣ ਕਾਰਨ ਉਸ ਨੇ ਆਸਾਨੀ ਨਾਲ ਪੈਸਾ ਹਾਸਲ ਕਰਨ ਲਈ ਚੋਰੀ ਦੀ ਯੋਜਨਾ ਤਿਆਰ ਕੀਤੀ। ਆਪਣੀ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਸੁਧਾਂਸ਼ੂ ਨੇ ਆਪਣੇ ਦੋਸਤ ਵਸੀਮ ਨੂੰ ਵੀ ਨਾਲ ਮਿਲਾ ਲਿਆ। ਦੋਵਾਂ ਨੇ ਮਿਲ ਕੇ ਪੂਰੀ ਯੋਜਨਾ ਬਣਾਈ ਅਤੇ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਅਤੇ ਜਾਂਚ ’ਚ ਕਈ ਅਹਿਮ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਧਾਰ ’ਤੇ ਮਾਮਲੇ ਦੀ ਗਹਿਰਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦੋਵਾਂ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ, ਉਨ੍ਹਾਂ ਦੇ ਸੰਪਰਕਾਂ ਅਤੇ ਹੋਰ ਸੰਭਾਵਿਤ ਵਾਰਦਾਤਾਂ ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਹ ਪਹਿਲਾਂ ਵੀ ਕਿਸੇ ਅਜਿਹੇ ਅਪਰਾਧ ਵਿੱਚ ਸ਼ਾਮਲ ਰਹੇ ਹਨ ਜਾਂ ਨਹੀਂ।