
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮਦਨ ਕਰ ਵਿਭਾਗ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਕਾਰਨ ਵਿਦੇਸ਼ਾਂ ਨੂੰ ਪੈਸਾ ਭੇਜਣ ਵਿੱਚ ਮਦਦ ਮਿਲੀ ਅਤੇ ਇਸ ਨਾਲ ਸਬੰਧਤ ਲੋਕਾਂ ਨੂੰ ਗ਼ਲਤ ਲਾਭ ਹੋਇਆ। ਵਿਭਾਗ ਨੇ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਆਮਦਨ ਕਰ ਵਿਭਾਗ ਦੀ ਸ਼ਿਕਾਇਤ ’ਤੇ ਸਰਾਭਾ ਨਗਰ ਪੁਲਿਸ ਨੇ ਦੋ ਚਾਰਟਰਡ ਅਕਾਊਂਟੈਂਟਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਦੋਸ਼ ਹੈ ਕਿ ਦੋਵਾਂ ਨੇ ਅਜਿਹੇ ਸਰਟੀਫਿਕੇਟ ਜਾਰੀ ਕੀਤੇ, ਜਿਨ੍ਹਾਂ ਦੇ ਆਧਾਰ ’ਤੇ ਕਰੀਬ 175.53 ਕਰੋੜ ਰੁਪਏ ਵਿਦੇਸ਼ ਭੇਜੇ ਗਏ। ਆਮਦਨ ਕਰ ਵਿਭਾਗ ਨੂੰ ਸ਼ੱਕ ਹੈ ਕਿ ਇਹ ਰਕਮ ਇੱਕ ਅਜਿਹੀ ਕੰਪਨੀ ਰਾਹੀਂ ਭੇਜੀ ਗਈ, ਜੋ ਸਿਰਫ਼ ਪੈਸੇ ਨੂੰ ਅੱਗੇ ਭੇਜਣ ਲਈ ਵਰਤੀ ਜਾ ਰਹੀ ਸੀ।
ਮੁਲਜ਼ਮਾਂ ਦੀ ਪਛਾਣ ਰਿਸ਼ਵ ਗੁਪਤਾ ਅਤੇ ਲਵਪ੍ਰੀਤ ਸਿੰਘ, ਦੋਵੇਂ ਚਾਰਟਰਡ ਅਕਾਊਂਟੈਂਟ, ਵਜੋਂ ਹੋਈ ਹੈ। ਇਹ ਕਾਰਵਾਈ 18 ਅਗਸਤ ਨੂੰ ਆਮਦਨ ਕਰ ਵਿਭਾਗ ਦੀ ਜਾਂਚ ਸ਼ਾਖਾ ਵੱਲੋਂ ਰਿਸ਼ਵ ਗੁਪਤਾ ਐਂਡ ਐਸੋਸੀਏਟਸ ਦੇ ਦਫ਼ਤਰ ਵਿੱਚ ਕੀਤੀ ਗਈ ਜਾਂਚ ਤੋਂ ਬਾਅਦ ਹੋਈ।
ਸ਼ਿਕਾਇਤ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਵੱਲੋਂ ਵਿਦੇਸ਼ ਪੈਸਾ ਭੇਜਣ ਲਈ ਫਾਰਮ 15ਸੀਬੀ ਦੇ ਸਰਟੀਫਿਕੇਟ ਜਾਰੀ ਕੀਤੇ ਗਏ। ਵਿਭਾਗ ਦਾ ਦੋਸ਼ ਹੈ ਕਿ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਖਾਤਿਆਂ ਦੀਆਂ ਕਿਤਾਬਾਂ, ਸਮਝੌਤਿਆਂ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਪੂਰੀ ਜਾਂਚ ਨਹੀਂ ਕੀਤੀ ਗਈ।
ਜਾਂਚ ਦੇ ਘੇਰੇ ਵਿੱਚ ਕਰਨਮਨਿਊ ਇਨਫੋਟੈਕ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਵੀ ਹੈ। ਵਿਭਾਗ ਮੁਤਾਬਕ ਇਸ ਕੰਪਨੀ ਰਾਹੀਂ ਭਾਰਤੀ ਕੰਪਨੀਆਂ ਤੋਂ ਵਿਦੇਸ਼ੀ ਕੰਪਨੀਆਂ ਨੂੰ ਆਈਟੀ ਅਤੇ ਸਾਫਟਵੇਅਰ ਸੇਵਾਵਾਂ ਦੇ ਨਾਂ ’ਤੇ ਪੈਸਾ ਭੇਜਿਆ ਜਾ ਰਿਹਾ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸਾਲ 2023-24 ਵਿੱਚ 55.14 ਕਰੋੜ, 2024-25 ਵਿੱਚ 47.50 ਕਰੋੜ ਅਤੇ 2025-26 ਵਿੱਚ 72.88 ਕਰੋੜ ਰੁਪਏ ਵਿਦੇਸ਼ ਭੇਜੇ ਗਏ। ਤਿੰਨ ਸਾਲਾਂ ਵਿੱਚ ਇਹ ਰਕਮ ਕੁੱਲ 175.53 ਕਰੋੜ ਰੁਪਏ ਬਣਦੀ ਹੈ।
ਕੰਪਨੀ ਦਾ ਦਫ਼ਤਰ ਛੇ ਮਹੀਨਿਆਂ ਤੋਂ ਬੰਦ ਹੋਣ ਦਾ ਦਾਅਵਾ
ਆਮਦਨ ਕਰ ਵਿਭਾਗ ਵੱਲੋਂ ਕੰਪਨੀ ਨਾਲ ਜੁੜੇ ਇੱਕ ਪਤੇ ’ਤੇ ਤਲਾਸ਼ੀ ਵੀ ਲਈ ਗਈ। ਸ਼ਿਕਾਇਤ ਮੁਤਾਬਕ ਉੱਥੇ ਇੱਕ ਛੋਟਾ ਦਫ਼ਤਰੀ ਕਮਰਾ ਮਿਲਿਆ, ਜਿਸ ਨੂੰ ਤਾਲਾ ਲੱਗਿਆ ਹੋਇਆ ਸੀ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ’ਤੇ ਕਥਿਤ ਤੌਰ ’ਤੇ ਪਤਾ ਲੱਗਾ ਕਿ ਇਹ ਦਫ਼ਤਰ ਕਰੀਬ ਛੇ ਮਹੀਨਿਆਂ ਤੋਂ ਬੰਦ ਸੀ ਅਤੇ ਉੱਥੇ ਕੋਈ ਨਿਯਮਤ ਕਾਰੋਬਾਰੀ ਕੰਮ ਹੁੰਦਾ ਨਹੀਂ ਦੇਖਿਆ ਗਿਆ।
ਸ਼ਿਕਾਇਤ ਵਿੱਚ ਕੰਪਨੀ ਦੇ ਡਾਇਰੈਕਟਰ ਦੱਸੇ ਗਏ ਗੌਰਵ ਜੈਨ ਦੇ ਬਿਆਨ ਦਾ ਵੀ ਜ਼ਿਕਰ ਹੈ। ਵਿਭਾਗ ਦਾ ਦਾਅਵਾ ਹੈ ਕਿ ਜੈਨ ਨੇ ਪੁੱਛਗਿੱਛ ਦੌਰਾਨ ਕੰਪਨੀ ਨੂੰ ਸਿਰਫ਼ ਪੈਸਾ ਵਿਦੇਸ਼ ਭੇਜਣ ਲਈ ਵਰਤੇ ਜਾਣ ਦੀ ਗੱਲ ਕਹੀ ਸੀ ਅਤੇ ਇਸ ਦੇ ਬਦਲੇ ਕਮਿਸ਼ਨ ਮਿਲਣ ਦਾ ਵੀ ਜ਼ਿਕਰ ਕੀਤਾ।
ਡਿਜੀਟਲ ਦਸਤਖ਼ਤ ਦੀ ਵਰਤੋਂ ਨੂੰ ਲੈ ਕੇ ਵੀ ਦੋਸ਼
ਵਿਭਾਗ ਮੁਤਾਬਕ ਰਿਸ਼ਵ ਗੁਪਤਾ ਨੇ ਜਾਂਚ ਦੌਰਾਨ ਕਿਹਾ ਕਿ ਕਰਨਮਨਿਊ ਇਨਫੋਟੈਕ ਨਾਲ ਸਬੰਧਤ ਫਾਰਮ 15ਸੀਬੀ ਜਾਰੀ ਕਰਨ ਲਈ ਉਸ ਦੇ ਡਿਜੀਟਲ ਦਸਤਖ਼ਤ ਲਵਪ੍ਰੀਤ ਸਿੰਘ ਵੱਲੋਂ ਵਰਤੇ ਗਏ ਸਨ। ਸ਼ਿਕਾਇਤ ਮੁਤਾਬਕ ਲਵਪ੍ਰੀਤ ਸਿੰਘ ਨੇ ਵੀ ਆਪਣੇ ਬਿਆਨ ਵਿੱਚ ਡਿਜੀਟਲ ਦਸਤਖ਼ਤ ਦੀ ਵਰਤੋਂ ਹੋਣ ਦੀ ਗੱਲ ਮੰਨੀ।
ਆਮਦਨ ਕਰ ਵਿਭਾਗ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਕਾਰਨ ਵਿਦੇਸ਼ਾਂ ਨੂੰ ਪੈਸਾ ਭੇਜਣ ਵਿੱਚ ਮਦਦ ਮਿਲੀ ਅਤੇ ਇਸ ਨਾਲ ਸਬੰਧਤ ਲੋਕਾਂ ਨੂੰ ਗ਼ਲਤ ਲਾਭ ਹੋਇਆ। ਵਿਭਾਗ ਨੇ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਸਰਾਭਾ ਨਗਰ ਪੁਲਿਸ ਨੇ ਬੀਐੱਨਐੱਸ ਦੀਆਂ ਧਾਰਾਵਾਂ 229, 234, 236, 318(4), 336(2), 336(3), 340, 3(5) ਅਤੇ 61 ਤਹਿਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਰਵੀ ਆਨੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਮਦਨ ਕਰ ਵਿਭਾਗ ਵੱਲੋਂ ਦਿੱਤੇ ਦਸਤਾਵੇਜ਼ਾਂ ਤੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ, ਪਰ ਇਸ ਨਾਲ ਮੁਲਜ਼ਮਾਂ ਦਾ ਦੋਸ਼ ਸਾਬਤ ਨਹੀਂ ਹੁੰਦਾ। ਮਾਮਲੇ ਦੀ ਅਸਲ ਸੱਚਾਈ ਪੁਲਿਸ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗੀ।