4 ਜੁਲਾਈ ਨੂੰ ਚੰਡੀਗੜ੍ਹ ਧਰਨੇ ’ਚ ਅਖਾੜਾ ਪਿੰਡ ਤੋਂ ਜਾਣਗੀਆਂ ਦੋ ਬੱਸਾਂ
4 ਜੁਲਾਈ ਨੂੰ ਚੰਡੀਗੜ੍ਹ ਧਰਨੇ ’ਚ ਅਖਾੜਾ ਪਿੰਡ ਤੋਂ ਦੋ ਬੱਸਾਂ ਜਾਣਗੀਆਂ
Publish Date: Mon, 22 Jun 2026 07:31 PM (IST)
Updated Date: Tue, 23 Jun 2026 04:07 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਖਾੜਾ ਇਕਾਈ ਦੀ ਮੀਟਿੰਗ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਇਕਾਈ ਸੱਕਤਰ ਹਰਦੇਵ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਸ਼ਾਮਿਲ ਹੋਏ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਅੱਜ 23 ਜੂਨ ਮੰਗਲਵਾਰ ਅਤੇ 24 ਜੂਨ ਬੁੱਧਵਾਰ ਨੂੰ ਮੋਦੀ ਹਕੂਮਤ ਅਮਰੀਕਾ ਨਾਲ ਦੇਸ਼ ਤੇ ਕਿਸਾਨ ਵਿਰੋਧੀ ਵਪਾਰ ਸਮਝੋਤਾ ਕਰਨ ਜਾ ਰਹੀ ਹੈ। ਇਸ ਤਹਿਤ ਹੁਣ ਦੇਸ਼ ਚ ਅਮਰੀਕਾ ਦੀ ਖੇਤੀ ਪੈਦਾਵਾਰ ਦੀ ਆਮਦ ਤੇ ਸਾਰੀਆਂ ਰੋਕਾਂ ਖਤਮ ਕਰ ਦਿੱਤੀਆਂ ਜਾਣਗੀਆਂ। ਸਿੱਟੇ ਵਜੋਂ ਮੱਕਾ, ਸੋਇਆਬੀਨ, ਜਵਾਰ, ਬਾਜਰਾ ਸਮੇਤ ਦੁੱਧ, ਪੋਲਟਰੀ ਤੇ ਹੋਰ ਹੁਣ ਵਿਦੇਸ਼ਾਂ ’ਚੋਂ ਆ ਕੇ ਭਾਰਤੀ ਮੰਡੀ ਤੇ ਕਬਜ਼ਾ ਕਰੇਗੀ ਅਤੇ ਭਾਰਤੀ ਦੇ ਖੇਤੀ ਕਾਸ਼ਤਕਾਰ ਖੋਤੀ ਤੋਂ ਬਾਹਰ ਕੱਢਿਆ ਜਾਵੇਗਾ। ਮੋਦੀ ਹਕੂਮਤ ਨੇ ਕੇਂਦਰੀ ਸਰਕਾਰੀ ਖਰੀਦ ਏਜੰਸੀ ਐੱਫਸੀਆਈ ਦਾ ਭੋਗ ਪਾਉਣ ਲਈ ਅਨਾਜ ਸੰਭਾਲਣ ਦਾ ਸਮੁੱਚਾ ਕੰਮ ਅਡਾਨੀ ਨੂੰ ਸੋਂਪਿਆ ਜਾ ਰਿਹਾ ਹੈ। ਹੁਣ ਅਡਾਨੀ ਦੇ ਸਾਇਲੋਜ ਰਾਹੀਂ ਸਿੱਧਾ ਅਨਾਜ ਅਡਾਨੀ ਲੋਜਿਸਟਕ ਰਾਹੀਂ ਦੇਸ਼ ਵਿਦੇਸ਼ ’ਚ ਭੇਜਿਆ ਜਾਵੇਗਾ ਜਿਸ ਦਾ ਸਾਫ ਅਰਥ ਹੈ ਕਿ ਸਰਕਾਰੀ ਖ਼ਰੀਦ, ਐੱਮਐੱਸਪੀ, ਖ਼ਰੀਦ ਮੰਡੀਆਂ ਦਾ ਖਾਤਮਾ ਹੋ ਜਾਵੇਗਾ। ਦੇਸ਼ ਨੂੰ ਸਾਮਰਾਜੀ ਗੁਲਾਮੀ ਦੇ ਇਸ ਮਕੜਜਾਲ ਤੋਂ ਬਚਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਸ ਮਾਰਚ ਰਾਹੀਂ ਹਰ ਤਰ੍ਹਾਂ ਦੇ ਕਿਸਾਨੀ ਕਰਜੇ ਰੱਦ ਕਰਨ, ਨਵੀਂ ਖੇਤੀ ਨੀਤੀ ਲਾਗੂ ਕਰਨ, ਹੜਪੀੜਤਾਂ ਅਤੇ ਗੜੇਮਾਰੀ ਦੇ ਮਾਰੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ, ਬਿਜਲੀ ਤੇ ਬੀਜ ਐਕਟ ਰੱਦ ਕਰਾਉਣ, ਪਾਣੀਆਂ ਦੇ ਮਸਲੇ ਤੇ ਰਿਪੇਰੀਅਨ ਕਾਨੂੰਨ ਲਾਗੂ ਕਰਨ, ਬੀਬੀਐੱਮਬੀ ’ਚ ਪੰਜਾਬ ਦੀ ਮੈਂਬਰੀ ਬਹਾਲ ਕਰਨ, ਬਾਰਡਰਾਂ ਤੇ ਡੀਫੈਂਸ ਬੰਨ ਬਨਾਉਣ ਦੀ ਆੜ ਚ ਕਿਸਾਨੀ ਜ਼ਮੀਨਾਂ ਬਰਬਾਦ ਕਰਨ, ਕਿਸਾਨ ਅੰਦੋਲਨ ਦੋਰਾਨ ਮਾਰੇ ਗਏ ਕਿਸਾਨਾਂ ਦੇ ਵਾਰਸਾਂ ਦੇ ਮੁਆਵਜ਼ੇ ਅਤੇ ਨੌਕਰੀ ਦੇ ਕੇਸਾਂ ਦਾ ਨਿਪਟਾਰਾ ਕਰਨ, ਪ੍ਰਦੂਸ਼ਣ ਐਕਟ ਰੱਦ ਕਰਨ ਆਦਿ ਮੰਗਾਂ ਨੂੰ ਲੈਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਖਾੜਾ ਪਿੰਡ ਤੋਂ ਔਰਤਾਂ ਦੀਆਂ ਦੋ ਬੱਸਾਂ ਚੰਡੀਗੜ੍ਹ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਰਵਾਨਾ ਹੋਣਗੀਆਂ। ਉਨ੍ਹਾਂ ਖੰਨਾ ਵਿਖੇ ਬਿਜਲੀ ਮੰਤਰੀ ਦੇ ਘਰ ਅੱਗੇ ਬਿਜਲੀ ਦੇ ਆਊਟਸੋਰਸ ਮੁਲਾਜਮਾਂ ਦੇ ਨਿਰੰਤਰ ਚੱਲ ਰਹੇ ਧਰਨੇ ਦੀ ਵੀ ਹਿਮਾਇਤ ਕੀਤੀ ਹੈ। ਇਸ ਸਮੇਂ ਜਗਦੇਵ ਸਿੰਘ, ਨਿਰਮਲ ਸਿੰਘ ਅਖਾੜਾ ਆਦਿ ਹਾਜ਼ਰ ਸਨ।