ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਦਸਤਾਰ ਕੈਂਪ ਸ਼ਲਾਘਾਯੋਗ : ਬੈਂਸ
ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਦਸਤਾਰ ਕੈਂਪ ਸ਼ਲਾਘਾਯੋਗ ਉਪਰਾਲਾ-ਬੈਂਸ
Publish Date: Fri, 12 Jun 2026 07:22 PM (IST)
Updated Date: Sat, 13 Jun 2026 04:06 AM (IST)

ਸੰਤ ਸਿਪਾਹੀ ਸੇਵਾ ਸੁਸਾਇਟੀ ਨੇ ਦਸਤਾਰ ਸਿਖਲਾਈ ਕੈਂਪ ਲਾਇਆ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਸੰਤ ਸਿਪਾਹੀ ਸੇਵਾ ਸੁਸਾਇਟੀ ਦੇ ਮੁਖੀ ਨਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਨਤਾ ਨਗਰ ਵਿਖੇ ਨੌਜਵਾਨੀ ਨੂੰ ਆਪਣੇ ਅਮੀਰ ਵਿਰਸੇ ਅਤੇ ਸਿੱਖੀ ਸਰੂਪ ਨਾਲ ਜੋੜਨ ਲਈ ਇੱਕ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਬੱਚਿਆਂ ਤੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਦਸਤਾਰ ਸਜਾਉਣ ਦੇ ਗੁਰ ਸਿੱਖੇ। ਇਸ ਸਮਾਗਮ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕੈਂਪ ਦਾ ਨਿਰੀਖਣ ਕੀਤਾ ਅਤੇ ਸੁੰਦਰ ਦਸਤਾਰਾਂ ਸਜਾਉਣ ਵਾਲੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਕਰਵਾਏ ਗਏ ਦਸਤਾਰ ਮੁਕਾਬਲਿਆਂ ਵਿੱਚ ਜੇਤੂ ਰਹੇ ਉਮੀਦਵਾਰਾਂ ਨੂੰ ਮੁੱਖ ਮਹਿਮਾਨ ਸਿਮਰਜੀਤ ਸਿੰਘ ਬੈਂਸ ਅਤੇ ਸੁਸਾਇਟੀ ਦੇ ਮੁਖੀ ਨਰਿੰਦਰ ਸਿੰਘ ਵੱਲੋਂ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਮੁਕਾਬਲੇ ਵਿੱਚ ਪਹਿਲਾ ਸਥਾਨ ਦਲਜੀਤ ਸਿੰਘ ਸਪੁੱਤਰ ਗੁਰਜੀਤ ਸਿੰਘ ਨੇ, ਦੂਜਾ ਸਥਾਨ ਜਸਰਾਜ ਸਿੰਘ ਸਪੁੱਤਰ ਸੁਖਰਾਜ ਸਿੰਘ ਨੇ, ਤੀਜਾ ਸਥਾਨ ਰਮਨਪ੍ਰੀਤ ਸਿੰਘ ਸਪੁੱਤਰ ਜਗਜੀਤ ਸਿੰਘ ਨੇ ਜਿੱਤਿਆ।ਬੈਂਸ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਸਤਾਰ ਸਾਡਾ ਮਾਣ ਅਤੇ ਸਾਡੀ ਪਛਾਣ ਹੈ। ਅੱਜ ਦੇ ਪੱਛਮੀਕਰਨ ਦੇ ਦੌਰ ’ਚ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਅਜਿਹੇ ਕੈਂਪ ਲਗਾਉਣਾ ਬਹੁਤ ਸ਼ਲਾਘਾਯੋਗ ਕਦਮ ਹੈ। ਸੰਤ ਸਿਪਾਹੀ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਇਹ ਕਾਰਜ ਕੌਮ ਦੀ ਚੜ੍ਹਦੀ ਕਲਾ ਲਈ ਬੇਹੱਦ ਮਹੱਤਵਪੂਰਨ ਹੈ। ਸੁਸਾਇਟੀ ਦੇ ਮੁਖੀ ਨਰਿੰਦਰ ਸਿੰਘ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਅੱਗੇ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਣੇ ਧਰਮ-ਸਭਿਆਚਾਰ ਨਾਲ ਜੋੜਨ ਲਈ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਸੁਸਾਇਟੀ ਦੇ ਪ੍ਰਮੁੱਖ ਕਮੇਟੀ ਮੈਂਬਰਾਂ ਵਿੱਚ ਨਰਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਭਕੀਰਤ ਸਿੰਘ, ਵਿਨੈ, ਬਲਜੀਤ ਸਿੰਘ, ਚੰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਅਤੇ ਸਾਬਕਾ ਕੌਂਸਲਰ ਬਿੱਟੂ ਘਟੋੜੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਦੇ ਨਾਲ ਹੀ ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।