- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਸਮਾਪਤੀ

- ਸੰਗੀਤ ਪ੍ਰੇਮੀਆਂ ਨੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਤ ਯੋਗੇਸ਼ ਸਮਸ਼ੀ ਦੀਆਂ ਸੋਲੋ ਪੇਸ਼ਕਾਰੀਆਂ ਦਾ ਮਾਣਿਆ ਅਨੰਦ
- ਗੁਰਮਤਿ ਸੰਗੀਤ ਨਾਲ ਮਨਾਂ ’ਚ ਟਿਕਾਓ ਲਿਆਂਦਾ ਜਾ ਸਕਦਾ : ਪੰਡਤ ਸ਼ਮਸ਼ੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਸ਼ੁੱਕਰਵਾਰ ਨੂੰ ਜਵੱਦੀ ਟਕਸਾਲ ਲੁਧਿਆਣਾ ਵਿਖੇ ਤਿੰਨ ਰੋਜ਼ਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਸਮਾਪਤੀ ਹੋ ਗਈ। ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਲਗਾਤਾਰ ਕਾਰਜਸ਼ੀਲ ਜਵੱਦੀ ਟਕਸਾਲ ਵੱਲੋਂ ਕਰਵਾਈ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਅੰਤਲੇ ਦਿਨ ਸੰਗੀਤ ਪ੍ਰੇਮੀਆਂ ਨੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਤ ਯੋਗੇਸ਼ ਸਮਸ਼ੀ ਦੀਆਂ ਸੋਲੋ ਪੇਸ਼ਕਾਰੀਆਂ ਦਾ ਅਨੰਦ ਮਾਣਿਆ। ਉਨ੍ਹਾਂ ਨਾਲ ਨਗਮਾ ਪੇਸ਼ਕਾਰੀ ਭਾਈ ਭਗਤਾ ਸਿੰਘ ਨਾਮਧਾਰੀ ਨੇ ਕੀਤੀ। ਪੰਡਤ ਸ਼ਮਸ਼ੀ ਨੇ ਕਿਹਾ ਕਿ ਗੁਰਮਤਿ ਸੰਗੀਤ ਦੁਆਰਾ ਹਿਰਦਿਆਂ ਨੂੰ ਰੱਬੀ ਨਾਮ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਸੰਗੀਤ ਦੁਆਰਾ ਮਨਾਂ ਵਿੱਚ ਟਿਕਾਓ ਲਿਆਂਦਾ ਜਾ ਸਕਦਾ ਹੈ।
ਸੰਗੀਤ ਕਾਰਜਸ਼ਾਲਾ ਵਿੱਚ ਭਾਈ ਗੁਰਮੀਤ ਸਿੰਘ ਸ਼ਾਂਤ, ਪ੍ਰੋ. ਇਕਬਾਲ ਸਿੰਘ ਜਮਾਲਪੁਰੀ, ਉਸਤਾਦ ਬਲਵੀਰ ਸਿੰਘ ਮੋਗਾ, ਪ੍ਰੋ. ਰਾਜਬਰਿੰਦਰ ਸਿੰਘ ਬਠਿੰਡਾ, ਪ੍ਰੋ. ਚਰਨਜੀਤ ਕੌਰ ਆਦਿ ਸੰਗੀਤ ਦੇ ਵਿਦਵਾਨ ਉਸਤਾਦਾਂ ਨੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਗੁਰਮਤਿ ਸੰਗੀਤ ਦੀ ਪੇਸ਼ਕਾਰੀ ਕਰਦਿਆਂ ਗੁਰਮਤਿ ਸੰਗੀਤ ਤੋਂ ਜਾਣੂ ਕਰਵਾਇਆ। ਉਸਤਾਦ ਪੰਡਤ ਰਮਾਂਕਾਂਤ, ਉਸਤਾਦ ਸੁਖਵਿੰਦਰ ਸਿੰਘ ਬੁਢਲਾਡਾ, ਅਜੇਪਾਲ ਸਿੰਘ ਅਤੇ ਅਨਿਕਬਾਰ ਸਿੰਘ ਨੇ ਤਬਲਾ ਵਾਦਨ ਦੀ ਲੈਅਕਾਰੀ, ਬੰਦਸ਼ਾਂ, ਤਾਲ ਬੋਲਾਂ ਆਦਿ ਦੇ ਪੱਖਾਂ ਨੂੰ ਉਦਾਹਰਨ ਦਿੰਦਿਆ ਸਮਝਾਇਆ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਵਿਦਵਾਨ ਸੰਗੀਤ ਉਸਤਾਦਾਂ, ਸੰਗੀਤ ਕਾਰਜਸ਼ਾਲਾ ’ਚ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਪਰਮ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਕੌਮੀ ਹਿੱਤਾਂ ਲਈ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਲਗਾਤਾਰ ਕਾਰਜਸ਼ੀਲ ਰਹਿਣ ਦੇ ਸੰਕਲਪ ਨੂੰ ਦੁਹਰਾਇਆ ਅਤੇ ਸਿੱਖ ਸਮਾਜ ਨੂੰ ਗੁਰਬਾਣੀ ਗੁਰਮਤਿ ਸੰਗੀਤ ਦੇ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਦੀ ਅਪੀਲ ਕਰਦਿਆਂ ਸੰਗੀਤ ਕਾਰਜਸ਼ਾਲਾ ਦੇ ਮੰਤਵ ਤੇ ਉਦੇਸ਼ ਸਬੰਧੀ ਦੱਸਿਆ ਕਿ ਕਲਾ ਦਾ ਸਬੰਧ ਮਨੁੱਖ ਦੀਆਂ ਕੋਮਲ ਭਾਵਨਾਵਾਂ ਨਾਲ ਹੁੰਦਾ ਹੈ।
ਰਾਗ ਇੱਕ ਅਜਿਹੀ ਖਿੱਚ ਭਰਪੂਰ ਕਲਾ ਹੈ, ਜੋ ਸਰੋਤਿਆਂ ਨੂੰ ਸਹਿਜੇ ਹੀ ਆਪਣੇ ਵੱਲ ਆਕਰਸ਼ਿਤ ਕਰ ਕੇ ਰਸ ਮਗਨ ਕਰ ਦਿੰਦੀ ਹੈ। ਗਾਉਣ ਵਾਲੇ ਦੇ ਬੋਲਾਂ ਦੀ ਭਾਵੇਂ ਸਮਝ ਨਾ ਵੀ ਆਵੇ ਤਾਂ ਵੀ ਉਸ ਦੇ ਬੋਲ ਸੰਗੀਤ ਦੇ ਰਸ ਨਾਲ ਮਿਲ ਕੇ ਸੁਣਨ ਵਾਲੇ ਨੂੰ ਰਸ-ਮਗਨ ਕਰਨ ਦੇ ਸਮਰੱਥ ਹੁੰਦੇ ਹਨ। ਗਾਉਣ ਵਾਲੇ ਦਾ ਹਿਰਦਾ ਨਿਰਮਲ ਅਤੇ ਪਵਿੱਤਰ ਹੋਵੇ, ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਵੇ, ਬਿਰਹਾ-ਵਿਲਕਣੀ ਜਾਂ ਸੰਜੋਗ-ਅਨੰਦ ਦੀ ਦੈਵੀ ਛੂਹ ਪ੍ਰਾਪਤ ਕਰ ਕੇ ਅਰਸੀ ਮੰਡਲਾਂ ਵਿੱਚ ਵਿਚਰ ਰਿਹਾ ਹੋਵੇ ਤਾਂ ਗਾਇਨ ਦੀ ਸੁਰ ਪਾਰਸ ਛੂਹ ਵਾਲਾ ਪ੍ਰਭਾਵ ਪਾ ਦਿੰਦੀ ਹੈ। ਅਜਿਹੇ ਗਾਇਕ ਦੀ ਗਾਇਕੀ ਗਾਇਨ ਵਸਤੂ ਧਰਤੀ ਦੀ ਦਲਦਲ ਵਿੱਚੋਂ ਨਿਕਲ ਕੇ ਅਰਸੀ ਉਡਾਰੀਆਂ ਮਾਰਨ ਵਾਲੀ ਹੁੰਦੀ ਹੈ। ਉਨ੍ਹਾਂ ਸੰਗੀਤ ਕਾਰਜਸ਼ਾਲਾ ਦੀ ਸਫਲਤਾ ’ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।