ਇਸ ਦੌਰਾਨ ਪੀਏਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਦੀ ਖੇਤਰ ਅਨੁਕੂਲ ਵਿਸ਼ੇਸ਼ਤਾ ਨੂੰ ਪਛਾਣ ਕੇ ਉਸਦੀ ਸ਼ਲਾਘਾ ਕੀਤੀ ਗਈ। ਇੰਨ੍ਹਾਂ ਕਿਸਮਾਂ ਦੀ ਪਰਖ ਤਿੰਨ ਸਾਲਾਂ ਦੌਰਾਨ ਹੋਈ। ਪਰਖ ਦੌਰਾਨ ਇੰਨਾਂ ਦਾ ਝਾੜ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਕਿਸਾਨਾਂ ਦੇ ਹਿੱਤ ’ਚ ਮੰਨ ਕੇ ਕਾਸ਼ਤ ਲਈ ਜਾਰੀ ਕੀਤਾ ਗਿਆ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਵੱਲੋਂ ਵਿਕਸਿਤ ਹਰੇ ਚਾਰੇ ਦਾ ਵੱਧ ਝਾੜ ਦੇਣ ਵਾਲੀਆਂ ਜਵੀ ਦੀਆਂ ਤਿੰਨ ਕਿਸਮਾਂ ਓਐੱਲ 1964, ਓਐੱਲ 1967 ਅਤੇ ਓਐੱਲ 1975 ਨੂੰ ਰਾਸ਼ਟਰ ਪੱਧਰ ਤੇ ਪਛਾਣ ਕੇ ਕਾਸ਼ਤ ਲਈ ਜਾਰੀ ਕੀਤਾ ਗਿਆ ਹੈ। ਬੀਤੇ ਦਿਨੀਂ ਇਸ ਸੰਬੰਧੀ ਐਲਾਨ ਕਿਸਮ ਪਛਾਣ ਕਮੇਟੀ ਦੀ ਇਕ ਮੀਟਿੰਗ ਤੋਂ ਬਾਅਦ ਹੋਇਆ। ਇਹ ਮੀਟਿੰਗ ਚਾਰਿਆਂ ਬਾਰੇ ਆਈਸੀਏਆਰ ਦੇ ਸਹਾਇਕ ਨਿਰਦੇਸ਼ਕ ਜਨਰਲ ਡਾ. ਐੱਸਕੇ ਪ੍ਰਧਾਨ ਦੀ ਅਗਵਾਈ ’ਚ ਦਿੱਲੀ ਵਿਖੇ ਹੋਈ। ਇਸ ਦੌਰਾਨ ਪੀਏਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਦੀ ਖੇਤਰ ਅਨੁਕੂਲ ਵਿਸ਼ੇਸ਼ਤਾ ਨੂੰ ਪਛਾਣ ਕੇ ਉਸਦੀ ਸ਼ਲਾਘਾ ਕੀਤੀ ਗਈ। ਇੰਨ੍ਹਾਂ ਕਿਸਮਾਂ ਦੀ ਪਰਖ ਤਿੰਨ ਸਾਲਾਂ ਦੌਰਾਨ ਹੋਈ। ਪਰਖ ਦੌਰਾਨ ਇੰਨਾਂ ਦਾ ਝਾੜ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਕਿਸਾਨਾਂ ਦੇ ਹਿੱਤ ’ਚ ਮੰਨ ਕੇ ਕਾਸ਼ਤ ਲਈ ਜਾਰੀ ਕੀਤਾ ਗਿਆ।
ਬਿਜਾਈ ਲਈ ਬੇਹੱਦ ਢੁੱਕਵੀਂ ਹੈ ਓਐੱਲ 1964
ਓਐੱਲ 1964 ਇਕਹਿਰੀ ਕਟਾਈ ਵਾਲੀ ਕਿਸਮ ਹੈ ਜੋ ਸਿੰਚਾਈ ਵਾਲੇ ਕੇਂਦਰੀ ਖੇਤਰ ਜਿਵੇਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਂਰਾਸ਼ਟਰ ਅਤੇ ਗੁਜਰਾਤ ’ਚ ਬਿਜਾਈ ਲਈ ਢੁੱਕਵੀਂ ਹੈ। ਪਰਖ ਦੌਰਾਨ ਇਸ ਕਿਸਮ ਦਾ ਔਸਤਨ ਹਰਾ ਚਾਰਾ 492.4 ਕੁਇੰਟਲ ਪ੍ਰਤੀ ਹੈਕਟੇਅਰ ਪਾਇਆ ਗਿਆ ਜੋ ਪੁਰਾਣੀਆਂ ਕਿਸਮਾਂ ਨਾਲੋਂ ਵਧੇਰੇ ਹੈ। ਪੱਤਿਆਂ ਦੇ ਝੁਲਸ ਰੋਗ ਦਾ ਸਾਹਮਣਾ ਕਰਨ ਦੀ ਦਰਮਿਆਨੀ ਸਮਰੱਥਾ ਵਾਲੀ ਇਹ ਕਿਸਮ ਬਿਜਾਈ ਲਈ ਬੇਹੱਦ ਢੁੱਕਵੀਂ ਹੈ।
ਪੱਤਿਆਂ ਦੇ ਝੁਲਸ ਰੋਗ ਅਤੇ ਜੜ੍ਹਾਂ ਦੇ ਗਾਲੇ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਓਐੱਲ 1967
ਓਐੱਲ 1967 ਦੋਹਰੇ ਮੰਤਵ ਵਾਲੀ ਜਵੀ ਦੀ ਕਿਸਮ ਹੈ ਜੋ ਉੱਤਰ ਪੂਰਬੀ ਖੇਤਰ ਜਿਵੇਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਉੱਤਰ ਪੂਰਬੀ ਰਾਜਾਂ ’ਚ ਬਿਜਾਈ ਯੋਗ ਹੈ। ਇਸਦੇ ਹਰੇਕ ਚਾਰੇ ਦਾ ਝਾੜ 235.2 ਕੁਇੰਟਲ ਪ੍ਰਤੀ ਹੈਕਟੇਅਰ ਹੈ। ਇਹ ਕਿਸਮ ਪੱਤਿਆਂ ਦੇ ਝੁਲਸ ਰੋਗ ਅਤੇ ਜੜ੍ਹਾਂ ਦੇ ਗਾਲੇ ਦਾ ਸਾਹਮਣਾ ਕਰਨ ਦੇ ਸਮਰੱਥ ਹੈ।
ਓਐੱਲ 1975 ਦਾ ਔਸਤਨ ਝਾੜ 243 ਕੁਇੰਟਲ ਪ੍ਰਤੀ ਹੈਕਟੇਅਰ
ਓਐੱਲ 1975 ਵਧੇਰੇ ਕਟਾਈਆਂ ਦੇਣ ਵਾਲੀ ਅਤੇ ਪਹਾੜੀ ਖੇਤਰਾਂ ਜਿਵੇਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਲਈ ਸਿਫ਼ਾਰਸ਼ ਕੀਤੀ ਕਿਸਮ ਹੈ। ਇਸਦਾ ਹਰੇ ਚਾਰੇ ਦਾ ਔਸਤਨ ਝਾੜ 243 ਕੁਇੰਟਲ ਪ੍ਰਤੀ ਹੈਕਟੇਅਰ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸੰਧੂ ਅਤੇ ਹੋਰ ਮਾਹਿਰਾਂ ਨੂੰ ਇੰਨ੍ਹਾਂ ਕਿਸਮਾਂ ਦੇ ਵਿਕਾਸ ਅਤੇ ਸਫਲਤਾ ਲਈ ਮੁਬਾਰਕਵਾਦ ਦਿੱਤੀ।