ਚੋਰਾਂ ਦੇ ਹੌਸਲੇ ਬੁਲੰਦ : ਅਦਾਲਤੀ ਛੁੱਟੀਆਂ ਦੌਰਾਨ ਮਹਿਲਾ ਜੱਜ ਦੇ ਸਰਕਾਰੀ ਘਰ ਨੂੰ ਬਣਾਇਆ ਨਿਸ਼ਾਨਾ, ਜਾਂਚ 'ਚ ਜੁਟੀ ਪੁਲਿਸ ਅਦਾਲਤੀ ਛੁੱਟੀਆਂ ਦੌਰਾਨ ਲੁਧਿਆਣਾ ਦੇ ਬੀਆਰਐਸ ਨਗਰ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਮਹਿਲਾ ਜੱਜ ਦੇ ਸਰਕਾਰੀ ਨਿਵਾਸ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਚੋਰ ਘਰ ਵਿੱਚ ਦਾਖਲ ਹੋ ਕੇ ਕੀਮਤੀ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਮਹਿਲਾ ਜੱਜ ਜਦ ਘਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਕਾਫੀ ਸਮਾਨ ਚੋਰੀ ਹੋ ਚੁੱਕਾ ਸੀ ਅਤੇ ਘਰ ਦਾ ਸਾਰਾ ਸਮਾਨ ਖਿਲ ਰਿਹਾ ਪਿਆ ਸੀ।
Publish Date: Fri, 03 Jul 2026 11:39 AM (IST)
Updated Date: Fri, 03 Jul 2026 11:41 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਅਦਾਲਤੀ ਛੁੱਟੀਆਂ ਦੌਰਾਨ ਲੁਧਿਆਣਾ ਦੇ ਬੀਆਰਐਸ ਨਗਰ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਮਹਿਲਾ ਜੱਜ ਦੇ ਸਰਕਾਰੀ ਨਿਵਾਸ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਚੋਰ ਘਰ ਵਿੱਚ ਦਾਖਲ ਹੋ ਕੇ ਕੀਮਤੀ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਮਹਿਲਾ ਜੱਜ ਜਦ ਘਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਕਾਫੀ ਸਮਾਨ ਚੋਰੀ ਹੋ ਚੁੱਕਾ ਸੀ ਅਤੇ ਘਰ ਦਾ ਸਾਰਾ ਸਮਾਨ ਖਿਲ ਰਿਹਾ ਪਿਆ ਸੀ।
ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਜੱਜ ਦੇ ਗਨਮੈਨ ਵਜੋਂ ਤਾਇਨਾਤ ਏਐਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਅਦਾਲਤੀ ਛੁੱਟੀਆਂ ਹੋਣ ਕਾਰਨ ਮਹਿਲਾ ਜੱਜ ਆਪਣੇ ਸਟੇਸ਼ਨ ਤੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਮਹਿਲਾ ਜੱਜ ਦਾ ਫੋਨ ਆਇਆ, ਜਿਸ ਤੋਂ ਬਾਅਦ ਉਹ ਤੁਰੰਤ ਬੀਆਰਐਸ ਨਗਰ ਸਥਿਤ ਨਿਵਾਸ 'ਤੇ ਪਹੁੰਚੇ। ਉੱਥੇ ਪਹੁੰਚ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਇਸ ਦੀ ਜਾਣਕਾਰੀ ਮਹਿਲਾ ਜੱਜ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚੋਰ ਘਰ ਵਿੱਚੋਂ ਕਰੀਬ 40 ਹਜ਼ਾਰ ਰੁਪਏ ਕੀਮਤ ਦਾ ਟਰੈਕ ਕੰਪਨੀ ਦਾ ਸਾਈਕਲ, 10 ਗ੍ਰਾਮ ਦਾ ਚਾਂਦੀ ਦਾ ਸਿੱਕਾ ਅਤੇ ਕਰੀਬ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਚੋਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ।