ਮੰਗਾਂ ਸਬੰਧੀ ਸੰਘਰਸ਼ ਕਮੇਟੀ ਨੇ ਮੰਤਰੀ ਮੁੰਡੀਆਂ ਨੂੰ ਦਿੱਤਾ ਯਾਦ ਪੱਤਰ
ਮੰਗਾਂ ਸਬੰਧੀ ਸੰਘਰਸ਼ ਕਮੇਟੀ ਨੇ ਮੰਤਰੀ ਮੁੰਡੀਆਂ ਨੂੰ ਦਿੱਤਾ ਯਾਦ ਪੱਤਰ
Publish Date: Sat, 13 Jun 2026 07:24 PM (IST)
Updated Date: Sun, 14 Jun 2026 04:06 AM (IST)

ਮੰਤਰੀ ਨੇ ਸੰਘਰਸ਼ ਕਮੇਟੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਨਿਗਮ ਮੁਲਾਜ਼ਮਾਂ ਦੀਆਂ ਹੱਕਾਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਰੋਸ ਮਾਰਚ ਦੀ ਜਾਣਕਾਰੀ ਮਿਲਦੇ ਹੀ ਕੈਬਨਿਟ ਮੰਤਰੀ ਦੇ ਘਰ ਵੱਲ ਜਾਣ ਵਾਲੇ ਰਸਤਿਆਂ ’ਤੇ ਭਾਰੀ ਪੁਲਿਸ ਬਲ ਤਇਨਾਤ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਪ੍ਰਦਰਸ਼ਨ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਸਾਹਨੇਵਾਲ ਨਗਰ ਕੌਂਸਲ ਦੇ ਉੱਪ ਪ੍ਰਧਾਨ ਸਰਵਨ ਸੋਨੀ ਦੇ ਨਾਲ ਪੁੱਜੇ। ਉਨ੍ਹਾਂ ਮੌਕੇ ’ਤੇ ਪੁੱਜ ਕੇ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਸੰਘਰਸ਼ ਕਮੇਟੀ ਦੇ ਆਗੂਆਂ ਤੋਂ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਵੱਲੋਂ ਮੰਤਰੀ ਹਰਦੀਪ ਮੁੰਡੀਆਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਯਾਦ ਪੱਤਰ ਵੀ ਦਿੱਤਾ ਗਿਆ। ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਯਾਦ ਪੱਤਰ ਬਾਰੇ ਮੰਤਰੀ ਮੁੰਡੀਆਂ ਨੂੰ ਜਾਣੂ ਕਰਵਾਉਂਦੇ ਹੋਏ ਕਮੇਟੀ ਦੇ ਸੀਨੀਅਰ ਆਗੂ ਨਰੇਸ਼ ਧੀਂਗਾਨ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ’ਚ ਕੰਮ ਕਰਦੇ ਮਾਲੀ, ਬੇਲਦਾਰ, ਡਰਾਈਵਰਾਂ, ਸੀਵਰਮੈਨ, ਸਫ਼ਾਈ ਕਰਮਚਾਰੀ ਤੇ ਓਵਰਏਜ਼ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਜਨਰਲ ਹਾਊਸ ਵੱਲੋਂ ਪਿਛਲੇ ਸਾਲ ਮਤਾ ਲੰਬਰ 33 ਪਾਸ ਕਰ ਕੇ ਪੰਜਾਬ ਸਰਕਾਰ ਨੂੰ ਕੋਲ ਭੇਜਿਆ ਹੋਇਆ ਪਰ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਉਕਤ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਾਲ-ਨਾਲ ਨਗਰ ਨਿਗਮ ’ਚ ਠੇਕੇਦਾਰੀ ਪ੍ਰਥਾ ਨੂੰ ਪੱਕੇ ਤੌਰ ’ਤੇ ਬੰਦ ਕਰ ਕੇ ਸਿੱਧੀ ਭਰਤੀ ਕੀਤੀ ਜਾਵੇ। ਉਨ੍ਹਾਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਨ ਤੇ ਸਾਰੇ ਹੀ ਕਰਮਚਾਰੀਆਂ ਨੂੰ ਇਲਾਜ ਲਈ ਮੈਡੀਕਲ ਕੈਸ਼ਲੇਸ਼ ਕਾਰਡ ਜਾਰੀ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਲੁਧਿਆਣਾ ’ਚ ਡੋਰ ਟੂ ਡੋਰ ਕੂੜੇ ਦੀ ਲੀਫਟਿੰਗ ਦੇ ਦਿੱਤੇ ਠੇਕਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਸ਼ਹਿਰ ਦੇ 95 ਵਾਰਡਾਂ ’ਚ ਸੀਨੀਅਰਤਾ ਦੇ ਆਧਾਰ ’ਤੇ ਸੁਪਰਵਾਈਜ਼ਰ ਲਾਉਣ ਤੇ ਡੀਸੀ ਰੇਟ ’ਤੇ ਕੰਮ ਰਹੇ ਮੁਲਾਜ਼ਮਾਂ ਦੀ ਮੌਤ ਹੋਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਤੇ ਪੱਕੇ ਕਰਮਚਾਰੀਆਂ ਮੁਤਾਬਕ ਸ਼ਨਿੱਚਰਵਾਰ ਦੀ ਛੁੱਟੀ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਕਮੇਟੀ ਦੇ ਆਗੂ ਨਰੇਸ਼ ਧੀਂਗਾਨ ਨੇ ਮੰਤਰੀ ਮੁੰਡੀਆਂ ਨੂੰ ਦੱਸਿਆ ਕਿ ਇਨ੍ਹਾਂ ਮੰਗਾਂ ਸਬੰਧੀ ਉਹ ਪਹਿਲਾਂ ਵੀ ਨਗਰ ਨਿਗਮ ਪ੍ਰਸ਼ਾਸ਼ਨ ਨੂੰ ਮੰਗ-ਪੱਤਰ ਦੇ ਚੁੱਕੇ ਹਨ ਪਰ ਕੋਈ ਹੱਲ ਨਾ ਹੋਇਆ ਤਾਂ ਹੁਣ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਤੁਹਾਨੂੰ ਯਾਦ ਪੱਤਰ ਦੇਣ ਆਏ ਹਨ ਤਾਂ ਜੋ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਵਿਸ਼ਵਾਸ਼ ਦੁਆਇਆ ਕਿ ਮੁਲਾਜ਼ਮਾਂ ਦਾ ਇਹ ਯਾਦ ਪੱਤਰ ਉਹ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਲੈ ਕੇ ਜਾਣਗੇ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ। ਇਸ ਮੌਕੇ ਨਰੇਸ਼ ਧੀਂਗਾਨ, ਦੀਪਕ ਹੰਸ, ਸੰਜੀਵ ਗਿੱਲ, ਨੇਤਾਜੀ ਸੋਂਧੀ, ਅਜੇਪਾਲ ਦਿਸ਼ਾਵਰ, ਵਿੱਕੀ ਸਹੋਤਾ, ਰਵੀ ਬਾਲੀ, ਆਨੰਦ ਰਾਖ਼ਸ਼ਸ਼, ਸੋਨੂੰ ਅਟਵਾਲ, ਰਾਜਵੀਰ ਚੌਟਾਲਾ, ਵਿਨੋਦ ਅਖ਼ਤਰ, ਸੁਸੀਲ ਰੱਤੀ, ਪਿੰਕਾ ਚੰਡਾਲਿਆ, ਪੱਪਾ ਬੱਤਰਾ, ਸੁਭਾਸ਼ ਸੋਦੇ, ਅਰਜੁਨ ਭੁੰਬਕ, ਪਵਨ ਟਾਂਕ, ਅਸ਼ੋਕ ਸਿਰਸਵਾਲ, ਪੱਪੂ ਰਾਏ, ਦੀਪਕ ਅਰੋੜਾ, ਕਿਸ਼ੋਰ ਘਈ, ਬੋਬੀ ਬੈਂਸ, ਰਾਜੇਸ ਟਾਂਕ, ਲੱਕੀ ਨਾਹਰ, ਪਿੰਨੀ ਹੰਸ, ਪੱਪੂ ਬੇਦੀ, ਰਜਿੰਦਰ ਕਾਕਾ, ਰਾਜ ਗਿੱਲ, ਨੀਸ਼ ਭਗਾਨੀਆ, ਸੰਗੀਤ ਪਿੰਟੂ ਟਾਂਕ, ਵਿਕਾਸ ਸੋਦੇ, ਸੰਨੀ ਹੰਸ, ਸੋਮਨਾਥ ਬਾਲੀ, ਪ੍ਰਦੀਪ ਲਾਂਬਾ, ਰਵੀ ਜੈਸਵਾਲ, ਸੋਨੂੰ ਸ਼ਰਮਾ, ਡਿਪਟੀ ਪੁਹਾਲ, ਅਰੁਣ ਧੀਂਗਾਨ, ਬਬਲੂ ਧੀਂਗਾਨ, ਕਮਲ ਭੱਟੀ, ਸੁਮਿਤ ਚੌਟਾਲਾ ਅਤੇ ਹੋਰ ਹਾਜ਼ਰ ਸਨ।