‘ਪਿੰਡ ਕੋਟਾਲਾ ਦੇ ਲੋਕ ਅਤੇ ਸਫ਼ਰ-ਏ-ਪਾਕਿਸਤਾਨ’ ਪੁਸਤਕ ਰੂ-ਬਰੂ
‘ਪਿੰਡ ਕੋਟਾਲਾ ਦੇ ਲੋਕ ਅਤੇ ਸਫ਼ਰ-ਏ-ਪਾਕਿਸਤਾਨ’ ਪੁਸਤਕ ਕੀਤੀ ਰੂਬਰੂ
Publish Date: Tue, 23 Jun 2026 08:51 PM (IST)
Updated Date: Wed, 24 Jun 2026 04:07 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਪੰਜਾਬ ਦੀ ਨਾਮੀਂ ਸਾਹਿਤਕ ਸੰਸਥਾ, ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਹੀਨੇਵਾਰ ਮੀਟਿੰਗ, ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਚ ਸੱਦੀ ਗਈ। ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਇਸ ਵਾਰ ਦੀ ਇਕੱਤਰਤਾ ਉੱਘੇ ਕਵੀ ਸੁਰਜੀਤ ਰਾਮਪੁਰੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ। ਇਸ ਦੌਰਾਨ ਲੇਖਕ ਸੰਤੋਖ ਸਿੰਘ ਕੋਟਾਲਾ ਵੱਲੋਂ ਸੰਪਾਦਿਤ ‘‘ਪਿੰਡ ਕੋਟਾਲਾ ਦੇ ਲੋਕ ਅਤੇ ਸਫ਼ਰ-ਏ-ਪਾਕਿਸਤਾਨ’’ ਪੁਸਤਕ ਰਿਲੀਜ਼ ਕੀਤੀ ਗਈ। ਪੁਸਤਕ ਬਾਰੇ ਸੰਖੇਪ ਜਾਣ-ਪਛਾਣ ਕਰਵਾਉਂਦਿਆਂ ਦੀਪ ਦਿਲਬਰ ਨੇ ਦੱਸਿਆ ਕਿ ਇਹ ਪੁਸਤਕ ਪਿੰਡ ਕੋਟਾਲਾ ਤੋਂ 1947 ਦੀ ਵੰਡ ਵੇਲ਼ੇ ਪਾਕਿਸਤਾਨ ਗਏ ਰਾਣਾ ਨਜ਼ੀਰ ਅਹਿਮਦ ਖ਼ਾਨ ਦੀ ਉਰਦੂ ਵਿੱਚ ਲਿਖੀ ਸੱਚੀ ਦਾਸਤਾਨ ਹੈ। ਇਸ ਨੂੰ ਸੰਤੋਖ ਸਿੰਘ ਕੋਟਾਲਾ ਅਤੇ ਸਰਬਜੀਤ ਸਿੰਘ ਖੀਰਨੀਆਂ ਦੇ ਵਿਸ਼ੇਸ਼ ਸਹਿਯੋਗ ਨਾਲ਼ ਪੰਜਾਬੀ ਵਿੱਚ ਅਨੁਵਾਦ ਕਰਕੇ ‘‘ਦਿਲਦੀਪ ਪ੍ਰਕਾਸ਼ਨ ਸਮਰਾਲਾ’’ ਤੋਂ ਛਪਵਾਇਆ ਗਿਆ। ਇਸ ਕਿਤਾਬ ਰਾਹੀਂ ਰਾਣਾ ਨਜ਼ੀਰ ਅਹਿਮਦ ਨੇ ਪਿੰਡ ਕੋਟਾਲਾ ਦੀ ਉਸ ਵੇਲ਼ੇ ਦੀ ਭੁਗੋਲਿਕ ਸਥਿਤੀ, ਲੋਕਾਂ ਦੇ ਕੰਮ-ਧੰਦੇ, ਸੰਤਾਲੀ ਦੀ ਵੰਡ ਵੇਲ਼ੇ ਪਿੰਡ ’ਤੇ ਹੋਏ ਹਮਲੇ ਅਤੇ ਪਾਕਿਸਤਾਨ ਪਹੁੰਚਣ ਦੇ ਖ਼ੂਨੀ ਸਫ਼ਰ ਨੂੰ ਦਿਲ ਦਹਿਲਾ ਦੇਣ ਵਾਲ਼ੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਜਿਸ ਨਾਲ਼ ਦੋਵੇਂ ਅਨੁਵਾਦਕਾਂ ਨੇ ਪੂਰਾ ਪੂਰਾ ਇਨਸਾਫ਼ ਕਰਦੇ ਹੋਏ ਇਸ ਕਿਤਾਬ ਦੀ ਪੰਜਾਬੀ ਪਾਠਕਾਂ ਨਾਲ਼ ਸਾਂਝ ਪੁਆਈ ਹੈ। ਇਸ ਦੌਰਾਨ ਸੰਪਾਦਕ ਡਾ. ਸੰਤੋਖ ਸਿੰਘ ਨੇ ਇਸ ਕਿਤਾਬ ਦੇ ਉਰਦੂ ਵਿੱਚ ਛਪਕੇ ਪਾਕਿਸਤਾਨ ਤੋਂ ਭਾਰਤ ਵਿੱਚ ਪਹੁੰਚਣ ਦੀ ਰੌਚਕ ਕਹਾਣੀ ਵੀ ਹਾਜ਼ਰੀਨ ਨਾਲ਼ ਸਾਂਝੀ ਕੀਤੀ। ਸਭਾ ਦੇ ਪ੍ਰਧਾਨ ਸਿਮਰਨਜੀਤ ਸਿੰਘ ਕੰਗ ਨੇ ਕਿਹਾ ਕਿ ਅਜਿਹੀ ਇਤਿਹਾਸਕ ਕਿਤਾਬ ਨੂੰ ਸਭਾ ਵੱਲੋਂ ਰਿਲੀਜ਼ ਕੀਤੇ ਜਾਣਾ ਸਭਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਭਾ ਵੱਲੋਂ ਸੰਤੋਖ ਸਿੰਘ ਕੋਟਾਲਾ, ਸਰਬਜੀਤ ਸਿੰਘ ਖੀਰਨੀਆਂ ਅਤੇ ਬਲਵੰਤ ਸਿੰਘ ਮਾਂਗਟ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਰਿਲੀਜ਼ ਸਮਾਰੋਹ ਉਪਰੰਤ ਰਚਨਾਵਾਂ ਦੀ ਸ਼ੁਰੂਆਤ ਨਵਜੀਤ ਸਿੰਘ ਕੋਟਾਲਾ ਦੇ ਖ਼ੂਬਸੂਰਤ ਗੀਤ ‘ਮਿੱਟੀ ਦਾ ਮੋਰ’ ਨਾਲ਼ ਹੋਈ। ਮੀਟਿੰਗ ਵਿਚ ਪਹਿਲੀ ਵਾਰ ਪਹੁੰਚੇ ਚਮਕੌਰ ਸੱਲ੍ਹਣ ਨੇ ਗੀਤ ‘ਧੀਆਂ’ ਪੇਸ਼ ਕਰ ਕੇ ਵਾਹ ਵਾਹ ਖੱਟੀ। ਬਲਵੰਤ ਮਾਂਗਟ ਨੇ ਗੀਤ ‘ਕਦੇ ਕਦੇ ਮੈਂ ਸੂਰਜ ਹੋਵਾਂ’, ਜਗਦੇਵ ਮਕਸੂਦੜਾ ਨੇ ਗੀਤ ‘ਡੇਂਗੂ’, ਦਰਸ਼ਨ ਤੂਰ ਬਲਾਲਾ ਨੇ ਗੀਤ ‘ਆਜਾ ਆਜਾ ਸੋਹਣਿਆਂ’, ਮੁਖ਼ਤਿਆਰ ਸਿੰਘ ਨੇ ਆਪਣੀ ਸਵੈ-ਬਿਰਤਾਂਤ ਲੜੀ ’ਚੋਂ ਦੋ ਲੇਖ ‘ਗਲਤੀ ਦਾ ਇਨਾਮ’ ਤੇ ‘ਫੱਟੀ ਸਲੇਟ ਭੜਾਉਣੇ’ ਸਾਂਝੇ ਕੀਤੇ। ਨਵੇਂ ਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੀ ਨਵੀਂ ਲਿਖੀ ਵਿਗਿਆਨ ਕਹਾਣੀ ‘ਸਿਲੀਕਾਨ ਪਾਰਕ’ ਸੁਣਾਈ, ਜਿਸ ’ਤੇ ਨਿੱਠ ਕੇ ਚਰਚਾ ਕੀਤੀ ਗਈ। ਨੇਤਰ ਸਿੰਘ ਨੇਤਰ ਨੇ ਗੀਤ ‘ਖੁੱਲ੍ਹੇ ਵਿਹੜੇ’, ਸੰਤੋਖ ਸਿੰਘ ਨੇ ਲੇਖ ‘ਪਿੰਡ ਕੋਟਾਲੇ ਉੱਪਰ ਹਮਲੇ ਤੋਂ ਪਹਿਲਾਂ’, ਬੁੱਧ ਸਿੰਘ ਨੀਲੋਂ ਨੇ ਲੇਖ ਅਤੇ ਦੀਪ ਦਿਲਬਰ ਨੇ ਆਪਣੀ ਨਵੀਂ ਕਿਤਾਬ ਦੇ ਖਰੜੇ ‘ਅਜੀਬੋ-ਗਰੀਬ ਪਰ ਸੱਚੀਆਂ’ ’ਚੋਂ ‘ਰੌਚਕ ਗੱਲਾਂ’ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ਼, ਦਰਸ਼ਨ ਸਿੰਘ ਕੰਗ, ਗੁਰਦੀਪ ਸੁਖਜੀਤ, ਸੰਦੀਪ ਸਮਰਾਲਾ, ਗੁਰਭਗਤ ਗਿੱਲ (ਸ੍ਰੀ ਭੈਣੀ ਸਾਹਿਬ), ਯਤਿੰਦਰ ਕੌਰ ਮਾਹਲ, ਰਵਿੰਦਰ ਰੁਪਾਲ ਕੌਲਗੜ੍ਹ, ਬਲਵੰਤ ਮਾਂਗਟ, ਸਨੇਹਇੰਦਰ ਮੀਲੂ, ਰੁਪਿੰਦਰਪਾਲ ਸਿੰਘ ਗਿੱਲ ਜੰਡਿਆਲੀ, ਗੁਰਦੀਪ ਮਹੌਣ, ਮਾ. ਆਤਮਾ ਸਿੰਘ, ਮਾ. ਪ੍ਰੇਮ ਨਾਥ, ਡਾ. ਹਰਜਿੰਦਰਪਾਲ ਸਿੰਘ ਸਮਰਾਲਾ, ਸਤੀਸ਼ ਸਚਦੇਵਾ ਲੁਧਿਆਣਾ, ਰਾਮਦਾਸ ਬੰਗੜ, ਅਵਤਾਰ ਸਿੰਘ ਕੋਟਾਲਾ, ਸੋਹਣਜੀਤ ਸਿੰਘ ਕੋਟਾਲਾ, ਮੋਹਣ ਸਿੰਘ ਮਾਦਪੁਰੀ, ਅਮਰੀਕ ਸਿੰਘ ਖੀਰਨੀਆਂ, ਅਮਨਜੋਤ ਸਿੰਘ ਕੋਟਾਲਾ, ਜਸਪਾਲ ਕੌਰ ਅਤੇ ਜਸਵਿੰਦਰ ਕੌਰ ਆਦਿ ਨੇ ਵੀ ਭਾਗ ਲਿਆ। ਮੀਟਿੰਗ ਦੌਰਾਨ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਉੱਘੇ ਉਰਦੂ ਗ਼ਜ਼ਲਗੋ ਬਸੀਰ ਬਦਰ ਅਤੇ ਸਿੱਖਿਆ ਨਾਲ਼ ਜੁੜੇ ਪ੍ਰਸਿੱਧ ਚਿੰਤਕ, ਤਰਕਸ਼ੀਲ, ਪੱਤਰਕਾਰ ਸਵਰਨ ਸਿੰਘ ਭੰਗੂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਮੀਟਿੰਗ ਦੇ ਅਖ਼ੀਰ ਵਿਚ ਸਾਹਿਤ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਨੇ ਸਾਰੇ ਪਹੁੰਚੇ ਹੋਏ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਕਹਾਣੀਕਾਰ ਸੰਦੀਪ ਸਮਰਾਲਾ ਦੀ ਕਿਤਾਬ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਉਪਰ ਕੀਤੀ ਜਾ ਰਹੀ ਵਿਸ਼ੇਸ਼ ਗੋਸ਼ਟੀ ਮੌਕੇ ਪੁੱਜਣ ਦੀ ਅਪੀਲ ਕੀਤੀ। ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ।