ਸਿੱਖ ਦਾ ਆਧਾਰ ਬਾਣੀ ਹੈ : ਸੰਤ ਬਾਬਾ ਅਮੀਰ ਸਿੰਘ
ਸਿੱਖ ਦਾ ਆਧਾਰ ਬਾਣੀ ਹੈ-ਸੰਤ ਬਾਬਾ ਅਮੀਰ ਸਿੰਘ
Publish Date: Sun, 21 Jun 2026 08:54 PM (IST)
Updated Date: Mon, 22 Jun 2026 04:15 AM (IST)

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਗੁਰਬਾਣੀ ਗੁਰ ਇਤਿਹਾਸ ਅਤੇ ਪੁਰਾਤਨ ਗੁਰਮਰੀਤ ਸੰਗੀਤ ਦੇ ਪ੍ਰਚਾਰ ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਐਤਵਾਰ ਨੂੰ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ। ਸਮਾਗਮ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਨਾਲ ਹੋਈ। ਸਮਾਗਮ ਦੌਰਾਨ ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਦਿੱਤਾ ਜਾਂ ਉਸ ਬਾਣੀ ਦੇ ਲੜ ਲਾਇਆ ਜੋ ਰੱਬੀ ਹੈ। ਸ਼ਬਦ ਹੀ ਬ੍ਰਹਮ ਅਤੇ ਸ਼ਬਦ ਹੀ ਗੁਰੂ ਹੈ। ਰੱਬੀ ਸ਼ਬਦ ਗੁਰੂ ਨੂੰ ਧੁਰੋਂ ਪ੍ਰਾਪਤ ਹੁੰਦਾ ਹੈ ਅਤੇ ਉਸ ਰਾਹੀਂ ਹੀ ਉਹ ਮਨੁੱਖੀ ਕਲਿਆਣ ਕਰਦਾ ਹੈ। ਬ੍ਰਹਮ ਅਤੇ ਗੁਰੂ ਸ਼ਬਦ ਰਾਹੀਂ ਹੀ ਸਰਬ ਵਿਆਪਕ ਹੈ। ਗੁਰੂ ਸਰੀਰ ਨਹੀਂ, ਸ਼ਬਦ ਹੈ। ਸ਼ਬਦ ਹਰ ਸਮੇਂ ਅਤੇ ਹਰ ਥਾਂ ਸਾਡੀ ਅਗਵਾਈ ਕਰਦਾ ਹੈ। ਸ਼ਬਦ ਹੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਸੀ ਅਤੇ ਉਸੇ ਸ਼ਬਦ ਗੁਰੂ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਜੋੜਿਆ। ਬਾਬਾ ਜੀ ਨੇ ਸ਼ਬਦ ਗੁਰੂ ਦੀ ਮਹੱਤਤਾ ਨੂੰ ਸਮਝਾਉਂਦਿਆਂ ਵੱਖ ਵੱਖ ਸ਼ਬਦਾਂ ਦੇ ਹਵਾਲੇ ਦਿੱਤੇ ਅਤੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਸਮਝਾਇਆ ਕਿ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਹੜਾ ਸ਼ਬਦ ਜਾਂ ਜਿਹੜੀ ਬਾਣੀ ਉਹ ਕਹਿ ਰਹੇ ਨੇ, ਦੇ ਅਸਲ ਉਹ ਸ਼ਬਦ ਤਾਂ ਅਗੰਮੀ ਹੈ ਜੋ ਉਹਨਾਂ ਨੇ ਵਾਹਿਗੁਰੂ ਦੇ ਨੇੜੇ ਹੋ ਕੇ ਸੁਣਿਆ ਹੈ। ਸ਼ਬਦ ਵਾਹਿਗੁਰੂ ਦਾ ਹੈ, ਉਹ ਤਾਂ ਕੇਵਲ ਮਾਧਿਅਮ ਹੀ ਬਣੇ ਹਨ। ਬਾਬਾ ਜੀ ਨੇ ਸਪੱਸ਼ਟ ਕੀਤਾ ਕਿ ਜੁਗੋ ਜੁਗ ਅਟੱਲ, ਨਾਮ ਦੇ ਬੋਹਿਥ, ਹਲਤ ਪਲਤ ਦੇ ਰਾਖੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਵੀ ਹੋਰ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਜਾਣਾ ਮਨਮਤ ਹੈ, ਸਿੱਖੀ ਦੇ ਵਿਰੁੱਧ ਕਰਮ ਹੈ। ਕਿਉਕਿ ਸਿੱਖ ਦਾ ਆਧਾਰ ਬਾਣੀ ਹੈ, ਸਿੱਖ ਨੂੰ ਸੁੱਖ ਜਾਂ ਸ਼ਾਂਤੀ ਬਾਣੀ ਵਿੱਚੋਂ ਹੀ ਮਿਲਦੀ ਹੈ, ਜੇ ਸਿੱਖ ਬਾਣੀ ਤੋਂ ਅਗਵਾਈ ਨਹੀਂ ਲੈਂਦਾ ਜਾਂ ਬਾਣੀ ਅਨੁਸਾਰ ਨਹੀਂ ਚੱਲਦਾ ਤਾਂ ਉਹ ਦੁਖੀ ਹੀ ਹੋਵੇਗਾ। ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।