- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ, ਮਾਝਾ ਤੇ ਦੁਆਬਾ ਖੇਤਰ ਦੇ ਕਈ ਪੁਰਾਣੇ ਆਗੂਆਂ ਦਾ ਆਪੋ-ਆਪਣੇ ਹਲਕਿਆਂ ਵਿੱਚ ਸਿਆਸੀ ਤੇ ਜਥੇਬੰਦਕ ਪ੍ਰਭਾਵ ਰਿਹਾ ਹੈ। ਜੇ ਇਹ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਪਰਤਦੇ ਹਨ ਤਾਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਆਧਾਰ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੇਜ਼ ਹੋਣ ਨਾਲ ਪਾਰਟੀ ਛੱਡ ਕੇ ਗਏ ਆਗੂਆਂ ਦੀ ਘਰ ਵਾਪਸੀ ਦੀ ਚਰਚਾ ਵੀ ਭਖ ਗਈ ਹੈ। ਅਕਾਲੀ ਦਲ (ਬਾਦਲ) ਤੋਂ ਵੱਖ ਹੋ ਕੇ ਅਕਾਲੀ ਦਲ ਪੁਨਰ-ਸੁਰਜੀਤ ਬਣਾਉਣ ਵਾਲੇ ਅਤੇ ਹੋਰ ਧਿਰਾਂ ਵਿੱਚ ਸ਼ਾਮਲ ਹੋਏ ਆਗੂਆਂ ਦੇ ਮੁੜ ਸੁਖਬੀਰ ਸਿੰਘ ਬਾਦਲ ਨਾਲ ਆਉਣ ਦੀਆਂ ਸੰਭਾਵਨਾਵਾਂ ਨੇ ਸਿਆਸੀ ਸਮੀਕਰਨਾਂ ਬਾਰੇ ਚਰਚਾ ਛੇੜ ਦਿੱਤੀ ਹੈ।
ਮਾਲਵਾ, ਮਾਝਾ ਤੇ ਦੁਆਬਾ ਖੇਤਰ ਦੇ ਕਈ ਪੁਰਾਣੇ ਆਗੂਆਂ ਦਾ ਆਪੋ-ਆਪਣੇ ਹਲਕਿਆਂ ਵਿੱਚ ਸਿਆਸੀ ਤੇ ਜਥੇਬੰਦਕ ਪ੍ਰਭਾਵ ਰਿਹਾ ਹੈ। ਜੇ ਇਹ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਪਰਤਦੇ ਹਨ ਤਾਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਆਧਾਰ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਸ ਦੌਰਾਨ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗਠਜੋੜ ਦੀਆਂ ਚਰਚਾਵਾਂ ਵੀ ਜਾਰੀ ਹਨ। ਸੁਖਬੀਰ ਬਾਦਲ ਵੱਲੋਂ ਵਿਚਾਰਧਾਰਾ ਨਾਲ ਸਹਿਮਤ ਧਿਰਾਂ ਨਾਲ ਗਠਜੋੜ ਦੀ ਸੰਭਾਵਨਾ ਖੁੱਲ੍ਹੀ ਰੱਖਣ ਅਤੇ ਭਾਜਪਾ ਨਾਲ ਸੰਭਾਵੀ ਸਾਂਝ ਤੋਂ ਸਪੱਸ਼ਟ ਇਨਕਾਰ ਨਾ ਕਰਨ ਕਾਰਨ ਕਿਆਸਅਰਾਈਆਂ ਜਾਰੀ ਹਨ। ਹਾਲਾਂਕਿ, ਅਜੇ ਕਿਸੇ ਰਸਮੀ ਗਠਜੋੜ ਦਾ ਐਲਾਨ ਨਹੀਂ ਹੋਇਆ।
ਘਰ ਵਾਪਸੀ ਦੇ ਰਾਹ ਵਿੱਚ ਸਭ ਤੋਂ ਵੱਡਾ ਸਵਾਲ ਲੀਡਰਸ਼ਿਪ ਅਤੇ ਸਿਆਸੀ ਸਨਮਾਨ ਦਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਕੁਝ ਆਗੂ ਸੰਕੇਤ ਦੇ ਚੁੱਕੇ ਹਨ ਕਿ ਸੁਖਬੀਰ ਬਾਦਲ ਦੀ ਮੌਜੂਦਾ ਅਗਵਾਈ ਹੇਠ ਬਿਨਾਂ ਬਦਲਾਅ ਦੇ ਵਾਪਸੀ ਆਸਾਨ ਨਹੀਂ ਹੋਵੇਗੀ। ਵਡਾਲਾ ਨੇ ਸੁਖਬੀਰ ਬਾਦਲ ਦੇ ਪਾਰਟੀ ਪ੍ਰਧਾਨਗੀ ਛੱਡ ਕੇ ਆਮ ਵਰਕਰ ਵਜੋਂ ਚੋਣ ਲੜਨ ਦੀ ਸ਼ਰਤ ਵੀ ਰੱਖੀ ਸੀ। ਇਸ ਤੋਂ ਇਲਾਵਾ ਟਿਕਟਾਂ ਦੀ ਵੰਡ, ਜਥੇਬੰਦਕ ਅਹੁਦਿਆਂ, ਸ਼੍ਰੋਮਣੀ ਕਮੇਟੀ ਚੋਣਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਵਰਗੇ ਮੁੱਦਿਆਂ ’ਤੇ ਸਹਿਮਤੀ ਬਣਾਉਣੀ ਵੀ ਚੁਣੌਤੀ ਹੋਵੇਗੀ।
ਸੂਤਰਾਂ ਅਨੁਸਾਰ ਅਕਾਲੀ ਦਲ ਪੁਨਰ-ਸੁਰਜੀਤ ਦੇ ਕਈ ਆਗੂ ਸੁਖਬੀਰ ਬਾਦਲ ਦੇ ਸੰਪਰਕ ਵਿੱਚ ਹਨ। ਉਹ ਆਪਣੇ ਮਨਪਸੰਦ ਹਲਕਿਆਂ ਤੋਂ ਚੋਣ ਲੜਨ ਅਤੇ ਆਪਣੇ ਸਾਥੀਆਂ ਲਈ ਟਿਕਟਾਂ ਦੀ ਮੰਗ ਕਰ ਰਹੇ ਹਨ। ਜੇ ਸੁਖਬੀਰ ਬਾਦਲ ਮੌਜੂਦਾ ਹਲਕਾ ਇੰਚਾਰਜਾਂ ਦੀ ਥਾਂ ਇਨ੍ਹਾਂ ਆਗੂਆਂ ਨੂੰ ਤਰਜੀਹ ਦਿੰਦੇ ਹਨ ਤਾਂ ਕੁਝ ਆਗੂਆਂ ਦੀ ਵਾਪਸੀ ਦਾ ਰਾਹ ਖੁੱਲ੍ਹ ਸਕਦਾ ਹੈ।
ਤਿੰਨਾਂ ਖੇਤਰਾਂ ਵਿੱਚ ਅਕਾਲੀ ਦਲ ਨੂੰ ਮਿਲ ਸਕਦਾ ਹੈ ਲਾਭ
ਮਾਲਵਾ : ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੌਂਗੋਵਾਲ, ਸੰਤਾ ਸਿੰਘ ਉਮੈਦਪੁਰ, ਗਗਨਜੀਤ ਸਿੰਘ ਬਰਨਾਲਾ, ਜੱਜ ਨਿਰਮਲ ਸਿੰਘ, ਰਣਧੀਰ ਸਿੰਘ ਰੱਖੜਾ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਵਰਗੇ ਆਗੂਆਂ ਦਾ ਪ੍ਰਭਾਵ ਮਾਲਵਾ ਦੇ ਵੱਖ-ਵੱਖ ਹਲਕਿਆਂ ਨਾਲ ਜੁੜਿਆ ਰਿਹਾ ਹੈ। ਸੰਗਰੂਰ, ਸੁਨਾਮ, ਲਹਿਰਾਗਾਗਾ, ਬਰਨਾਲਾ, ਪਟਿਆਲਾ ਤੇ ਸਾਹਨੇਵਾਲ ਵਿੱਚ ਇਨ੍ਹਾਂ ਦੀ ਸਰਗਰਮੀ ਪਾਰਟੀ ਲਈ ਲਾਹੇਵੰਦ ਹੋ ਸਕਦੀ ਹੈ। ਢੀਂਡਸਾ ਪਰਿਵਾਰ ਅਤੇ ਲੌਂਗੋਵਾਲ ਦੀ ਪਛਾਣ ਸੰਗਰੂਰ ਖੇਤਰ ਵਿੱਚ ਪੁਰਾਣੇ ਅਕਾਲੀ ਵੋਟ ਬੈਂਕ ਨੂੰ ਮੁੜ ਇਕੱਠਾ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।
ਮਾਝਾ : ਡਾ. ਰਤਨ ਸਿੰਘ ਅਜਨਾਲਾ, ਸੁੱਚਾ ਸਿੰਘ ਛੋਟੇਪੁਰ ਅਤੇ ਅਜੈਪਾਲ ਸਿੰਘ ਮੀਰਕੋਟ ਵਰਗੇ ਆਗੂਆਂ ਦਾ ਸਬੰਧ ਮਾਝੇ ਦੀ ਸਿਆਸਤ ਨਾਲ ਰਿਹਾ ਹੈ। ਅਜਨਾਲਾ, ਡੇਰਾ ਬਾਬਾ ਨਾਨਕ ਅਤੇ ਅੰਮ੍ਰਿਤਸਰ ਦੇ ਆਸ-ਪਾਸ ਇਨ੍ਹਾਂ ਦੀ ਪੁਰਾਣੀ ਪਛਾਣ ਅਕਾਲੀ ਦਲ ਨੂੰ ਆਧਾਰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੀ ਹੈ।
ਦੁਆਬਾ : ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ ਅਤੇ ਭਾਈ ਮਨਜੀਤ ਸਿੰਘ ਨਕੋਦਰ, ਫਿਲੌਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਅਹਿਮ ਹੋ ਸਕਦੇ ਹਨ।
ਇਨ੍ਹਾਂ ਤੋਂ ਇਲਾਵਾ ਰਵੀਇੰਦਰ ਸਿੰਘ, ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ, ਹਰਬੰਸ ਸਿੰਘ ਕੰਧੋਲਾ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਵਰਗੇ ਆਗੂ ਵੀ ਪੰਥਕ ਤੇ ਜਥੇਬੰਦਕ ਸਿਆਸਤ ਵਿੱਚ ਸਰਗਰਮ ਰਹੇ ਹਨ।
10 ਨਵੰਬਰ ਦੀ ਮੀਟਿੰਗ ਨੇ ਬਦਲਿਆ ਚਰਚਾ ਦਾ ਰੁਖ
10 ਨਵੰਬਰ ਨੂੰ ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ ਵਿਖੇ ਅਕਾਲੀ ਦਲ ਪੁਨਰ-ਸੁਰਜੀਤ ਦੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਜਿਹੇ ਕਿਸੇ ਪ੍ਰਬੰਧ ਦਾ ਹਿੱਸਾ ਨਹੀਂ ਬਣੇਗੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ਼ਾਮਲ ਹੋਵੇ। ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੰਭਾਵੀ ਗਠਜੋੜ ਦਾ ਵਿਰੋਧ ਕਰਨ ਦੀ ਗੱਲ ਵੀ ਕਹੀ।
ਸੁਖਬੀਰ ਬਾਦਲ ਲਈ ਦੋਹਰੀ ਚੁਣੌਤੀ
ਸੁਖਬੀਰ ਬਾਦਲ ਸਾਹਮਣੇ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਜਥੇਬੰਦਕ ਆਧਾਰ ਮਜ਼ਬੂਤ ਕਰਨ ਦੇ ਨਾਲ ਪਾਰਟੀ ਛੱਡ ਕੇ ਗਏ ਸੀਨੀਅਰ ਆਗੂਆਂ ਨੂੰ ਵਾਪਸ ਲਿਆਉਣ ਦੀ ਚੁਣੌਤੀ ਹੈ। ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਨੂੰ ਸਿਆਸੀ ਤਜਰਬੇ ਅਤੇ ਵੱਖ-ਵੱਖ ਹਲਕਿਆਂ ਵਿੱਚ ਸਮਰਥਨ ਦਾ ਲਾਭ ਮਿਲ ਸਕਦਾ ਹੈ, ਪਰ ਲੀਡਰਸ਼ਿਪ, ਟਿਕਟਾਂ ਦੀ ਵੰਡ ਤੇ ਪੰਥਕ ਮੁੱਦਿਆਂ ’ਤੇ ਸਹਿਮਤੀ ਨਾ ਬਣੀ ਤਾਂ ਇਹ ਆਗੂ ਆਪਣੀ ਵੱਖਰੀ ਸਿਆਸੀ ਪਛਾਣ ਕਾਇਮ ਰੱਖ ਸਕਦੇ ਹਨ।
ਇਸ ਲਈ ਘਰ ਵਾਪਸੀ ਮੁਹਿੰਮ ਦੀ ਸਫ਼ਲਤਾ ਸਿਰਫ਼ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਨਿਰਭਰ ਨਹੀਂ ਕਰੇਗੀ। ਅਗਵਾਈ, ਜਥੇਬੰਦਕ ਢਾਂਚੇ ਅਤੇ ਪੰਥਕ ਏਜੰਡੇ ਬਾਰੇ ਸਹਿਮਤੀ ਬਣਾਉਣਾ ਵੀ ਅਹਿਮ ਹੋਵੇਗਾ।