- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਵਾਇਰਲ ਵੀਡੀਓ ਦੇ ਆਧਾਰ ’ਤੇ ਇਕ ਵਿਅਕਤੀ ਵੱਲੋਂ ਬੇਜ਼ੁਬਾਨ ਕੁੱਤੇ ਨੂੰ ਸੋਟੀਆਂ ਮਾਰਨ ’ਤੇ ਜੋ ਤਸ਼ੱਦਦ ਹੋਇਆ ਹੈ, ਉਸ ਕਾਰਨ ਕਾਫ਼ੀ ਲੋਕਾਂ ’ਚ ਰੋਸ ਹੈ। ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ’ਚ ਆਵਾਰਾ ਕੁੱਤੇ ਨੂੰ ਲੈ ਕੇ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਰਿਵਾਰ ਨੂੰ ਇਹ ਆਵਾਰਾ ਕੁੱਤਾ ਪਰੇਸ਼ਾਨ ਕਰਦਾ ਸੀ ਤੇ ਜਦੋਂ ਉਨ੍ਹਾਂ ਨੇ ਇਸ ਨੂੰ ਕੁੱਟਿਆ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ। ਮਾਛੀਵਾੜਾ ਦੇ ਪ੍ਰੇਮ ਨਗਰ ਵਾਸੀ ਸਾਹਿਲ ਨੇ ਦੱਸਿਆ ਇਕ ਆਵਾਰਾ ਕੁੱਤਾ ਗਲੀ ’ਚ ਘੁੰਮਦਾ ਰਹਿੰਦਾ ਸੀ ਤੇ ਉਹ ਪਰਿਵਾਰ ਦੇ ਬੱਚਿਆਂ ਨੂੰ ਕਈ ਵਾਰ ਵੱਢਣ ਤਕ ਪੈਂਦਾ ਸੀ। ਇੱਥੋਂ ਤਕ ਕਿ ਉਸ ਦੀ ਕਾਰ ਜੋ ਗਲੀ ’ਚ ਖੜ੍ਹੀ ਹੁੰਦੀ ਸੀ, ਦੀ ਕਈ ਵਾਰ ਉਸ ਉੱਪਰ ਪਾਈ ਤਰਪਾਲ ਪਾੜ ਦਿੱਤੀ ਤੇ ਛੱਤ ’ਤੇ ਵੀ ਝਰੀਟਾਂ ਮਾਰ ਕੇ ਕਾਰ ਖ਼ਰਾਬ ਕਰ ਦਿੱਤੀ।
ਅਖੀਰ ਉਸ ਨੇ ਪਰੇਸ਼ਾਨ ਹੋ ਕੇ ਆਵਾਰਾ ਕੁੱਤੇ ਨੂੰ ਬੰਨ੍ਹ ਕੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸੂਚਿਤ ਕਰ ਦਿੱਤਾ ਕਿ ਇਸ ਨੂੰ ਲੈ ਜਾਓ। ਸਾਹਿਲ ਨੇ ਦੱਸਿਆ ਜਦੋਂ ਉਸ ਨੇ ਆਵਾਰਾ ਕੁੱਤੇ ਨੂੰ ਬੰਨ੍ਹਿਆ ਸੀ ਤਾਂ ਉਹ ਉਸ ਨੂੰ ਵੱਢਣ ਪੈ ਗਿਆ, ਜਿਸ ਕਾਰਨ ਉਸ ਨੇ ਉਸ ਦੇ ਕੁਝ ਸੋਟੀਆਂ ਮਾਰੀਆਂ। ਸਾਹਿਲ ਅਨੁਸਾਰ ਕੁਝ ਹੀ ਮਿੰਟਾਂ ’ਚ ਨਗਰ ਕੌਂਸਲ ਦਾ ਮੁਲਾਜ਼ਮ ਆ ਗਿਆ, ਜਿਸ ਨੇ ਕੁੱਤੇ ਨੂੰ ਕਾਰ ਦੀ ਡਿੱਗੀ ’ਚ ਬਿਠਾ ਕੇ ਸ਼ਹਿਰ ਤੋਂ ਬਾਹਰ ਕਈ ਕਿਲੋਮੀਟਰ ਦੂਰ ਛੱਡ ਦਿੱਤਾ, ਜਿਸ ਦੀ ਉਸ ਕੋਲ ਵੀਡੀਓ ਵੀ ਹੈ। ਉਸ ਨੇ ਕਿਹਾ ਸੋਸ਼ਲ ਮੀਡੀਆ ’ਤੇ ਉਸ ਉੱਪਰ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਨੇ ਕੁੱਤੇ ਨੂੰ ਮਾਰ ਦਿੱਤਾ ਹੈ ਜੋ ਕਿ ਅਧੂਰੀ ਵੀਡੀਓ ਹੈ ਜਦਕਿ ਉਸ ਕੋਲ ਪੂਰੀ ਵੀਡੀਓ ਹੈ ਜਿਸ ’ਚ ਕੁੱਤੇ ਨੂੰ ਕਾਬੂ ਕਰ ਕੇ ਦੂਰ ਪਿੰਡ ’ਚ ਛੱਡਣ ਦੇ ਸਾਰੇ ਸਬੂਤ ਹਨ ਜਿਸ ਨਾਲ ਨਗਰ ਕੌਂਸਲ ਦਾ ਕਰਮਚਾਰੀ ਵੀ ਮੌਜੂਦ ਸੀ।
ਸਾਹਿਲ ਵਲੋਂ ਜਦੋਂ ਇਸ ਆਵਾਰਾ ਕੁੱਤੇ ਨੂੰ ਕਾਬੂ ਕਰਕੇ ਸੋਟੀਆਂ ਮਾਰੀਆਂ ਜਾ ਰਹੀਆਂ ਸਨ ਤਾਂ ਉਸ ਦੀ ਵੀਡੀਓ ਇਕ ਗੁਆਂਢੀ ਨੇ ਬਣਾ ਲਈ ਜਿਸ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਜਾਨਵਰ ਪ੍ਰੇਮੀਆਂ ਨੂੰ ਸੁਨੇਹਾ ਦਿੱਤਾ ਕਿ ਕੁੱਤੇ ’ਤੇ ਤਸ਼ੱਦਦ ਕੀਤਾ ਗਿਆ। ਪੁਲਿਸ ਕੋਲ ਜਦੋਂ ਇਸ ਸਬੰਧੀ ਵੀਡੀਓ ਪੁੱਜੀ ਤਾਂ ਉਨ੍ਹਾਂ ਨੇ ਸਾਹਿਲ ’ਤੇ ਪਰਚਾ ਦਰਜ ਕਰ ਦਿੱਤਾ। ਇਸ ਸਬੰਧੀ ਡੀਐੱਸਪੀ ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਵਾਇਰਲ ਵੀਡੀਓ ਦੇ ਆਧਾਰ ’ਤੇ ਇਕ ਵਿਅਕਤੀ ਵੱਲੋਂ ਬੇਜ਼ੁਬਾਨ ਕੁੱਤੇ ਨੂੰ ਸੋਟੀਆਂ ਮਾਰਨ ’ਤੇ ਜੋ ਤਸ਼ੱਦਦ ਹੋਇਆ ਹੈ, ਉਸ ਕਾਰਨ ਕਾਫ਼ੀ ਲੋਕਾਂ ’ਚ ਰੋਸ ਹੈ। ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।