ਬਿਜਲੀ ਮੰਤਰੀ ਸੋਂਦ ਦੀ ਰਿਹਾਇਸ਼ ਬਾਹਰ ਸੂਬਾ ਪੱਧਰੀ ਧਰਨਾ
ਬਿਜਲੀ ਮੰਤਰੀ ਸੋਂਦ ਦੀ ਰਿਹਾਇਸ਼ ਬਾਹਰ ਸੂਬਾ ਪੱਧਰੀ ਧਰਨਾ, ਸਰਕਾਰ ਮੁਰਦਾਬਾਦ ਦੇ ਗੂੰਜੇ ਨਾਅਰੇ
Publish Date: Sat, 20 Jun 2026 10:49 PM (IST)
Updated Date: Sun, 21 Jun 2026 04:15 AM (IST)

ਕਿਸਾਨਾਂ, ਮਜਦੂਰਾਂ, ਮੁਲਾਜਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਭਰਵਾਂ ਸਮਰਥਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ: ਖੰਨਾ ਦੇ ਵਿਧਾਇਕ ਤੇ ਪੰਜਾਬ ਬਿਜਲੀ ਮੰਤਰੀ ਤਰੁਨਪ੍ਰੀਤ ਸੋਂਦ ਦੀ ਰਿਹਾਇਸ਼ ਖੰਨਾ ਵਿਖ਼ੇ ਪਾਵਰਕੋਮ ਅਤੇ ਟ੍ਰਾਂਸਕੋ ਆਊਟਸੋਰਸ ਮੁਲਾਜ਼ਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਇੱਕ ਵਿਸ਼ਾਲ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਜਿਸ ’ਚ ਬਿਜਲੀ ਮੁਲਾਜਮਾਂ ਤੋਂ ਇਲਾਵਾ ਕਿਸਾਨਾਂ, ਮਜਦੂਰਾਂ ਤੇ ਮੁਲਾਜਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਭਰਵੀਂ ਸਮੂਲੀਅਤ ਕੀਤੀ ਗਈ। ਧਰਨੇ ਕਾਰਨ ਅਮਲੋਹ ਰੋਡ ’ਤੇ ਰਾਹਗੀਰਾਂ ਤੇ ਸਨ ਸਿਟੀ ਕਾਲੋਨੀ ਦੇ ਰਹਿਣ ਵਾਲਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਹੀ ਅਮਲੋਹ ਰੋਡ ’ਤੇ ਭਾਰੀ ਜਾਮ ਵੀ ਲੱਗਿਆ। ਪ੍ਰਸਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਬਾਹਰੀ ਜ਼ਿਲ੍ਹਿਆਂ ਤੋਂ ਵੀ ਪੁਲਿਸ ਬੁਲਾਈ ਗਈ। ਤਾਲਮੇਲ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ ਲਹਿਰਾ, ਸਿਮਰਨਜੀਤ ਨੀਲੋਂ, ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ’ਚ ਤਾਇਨਾਤ ਆਊਟਸੋਰਸ ਮੁਲਾਜ਼ਮ ਲਗਭੱਗ ਪਿਛਲੇ ਇੱਕ ਦਹਾਕੇ ਤੋਂ ਅਪਣੇ ਪੱਕੇ ਰੋਜਗਾਰ ਅਤੇ ਘਟੋ ਘੱਟ ਉਜਰਤ ਦੇ ਕਾਨੂੰਨ ਮੁਤਾਬਿਕ ਤਨਖਾਹ ਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ। ਸੰਘਰਸ਼ ਦੇ ਇਸ ਦੌਰ ’ਚ ਮਿਤੀ 24/05/2026 ਨੂੰ ਬਿਜਲੀ ਮੰਤਰੀ ਤਰੁਨਪ੍ਰੀਤ ਸੋਂਦ ਤੇ ਬਿਜਲੀ ਨਿਗਮ ਦੀ ਪ੍ਰਬੰਧਕੀ ਕਮੇਟੀ ਵੱਲੋਂ ਤਾਲਮੇਲ ਕਮੇਟੀ ਨਾਲ ਇੱਕ ਲਿਖਤੀ ਸਮਝੌਤਾ ਕੀਤਾ ਗਿਆ ਸੀ, ਇਸ ਲਿਖਤੀ ਸਮਝੌਤੇ ਮੁਤਾਬਿਕ 29/05/2026 ਤੱਕ ਨੋਟੀਫਿਕੇਸ਼ਨ ਜਾਰੀ ਕਰਨ ਅਤੇ 15/06/2026 ਤੱਕ ਬਿਜਲੀ ਨਿਗਮ ਦੇ ਸਮੂਹ ਮੁਲਾਜਮਾਂ ਨੂੰ ਸਿੱਧਾ ਵਿਭਾਗ ’ਚ ਠੇਕੇ ’ਤੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਕੁਝ ਹੀ ਦਿਨਾਂ ਮਗਰੋਂ ਬਿਜਲੀ ਨਿਗਮ ਦੀ ਪ੍ਰਬੰਧਕੀ ਕਮੇਟੀ ਨੇ ਕੀਤੇ ਸਮਝੌਤੇ ਲਾਗੂ ਕਰਨ ਤੋਂ ਇਨਕਾਰੀ ਹੋ ਗਈ ਅਤੇ ਇਸਦੀ ਜਗ੍ਹਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਆਰਡੀਨੈਂਸ ਦਾ ਕਾਨੂੰਨ ਬਣਨ ਉਪਰੰਤ ਲਾਗੂ ਕਰਨ ਦਾ ਐਲਾਨ ਕਰਕੇ ਕੀਤੇ ਲਿਖਤੀ ਸਮਝੌਤੇ ਤੋਂ ਕਿਨਾਰਾ ਕਰ ਲਿਆ। ਇਸ ਹਾਲਤ ’ਚ ਤਾਲਮੇਲ ਕਮੇਟੀ ਨੂੰ ਮਜਬੂਰੀ ਵੱਸ ਪੰਜਾਬ ਭਰ ਵਿਚ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ। ਆਗੂਆਂ ਵੱਲੋਂ ਇਸ ਰੈਲੀ ’ਚ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਇੱਕ ਜ਼ੋਰਦਾਰ ਅਪੀਲ ਕੀਤੀ ਗਈ ਕਿ ਇਹ ਸੰਘਰਸ਼ ਸਾਡਾ ਸ਼ੋਂਕ ਨਹੀਂ ਸਕੋਂ ਮਜਬੂਰੀ ਹੈ ਜੋ ਸਰਕਾਰ ਵਲੋਂ ਪੈਦਾ ਕੀਤੀ ਗਈ ਹੈ, ਇਸ ਲਈ ਬਿਜਲੀ ਸਬੰਧੀ ਜੋ ਵੀ ਔਕੜਾਂ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਹਨ, ਉਹਨਾਂ ਲਈ ਨਿਗਮ ਦੀ ਕਮੇਟੀ ਤੇ ਪੰਜਾਬ ਸਰਕਾਰ ਪੂਰਨ ਤੌਰ ’ਤੇ ਜਿੰਮੇਵਾਰ ਹੈ। ਇਸ ਲਈ ਇਸ ਸੰਘਰਸ਼ ’ਚ ਸਰਕਾਰ ਵਿਰੁੱਧ ਬਿਜਲੀ ਮੁਲਾਜਮਾਂ ਨੂੰ ਪੂਰਨ ਸਹਿਯੋਗ ਦਿਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਗਈ ਕਿ ਅਗਰ ਕੀਤੇ ਸਮਝੌਤੇ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਤਾਲਮੇਲ ਕਮੇਟੀ ਦੀ ਮਜਬੂਰੀ ਹੋਵੇਗੀ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਅੱਜ ਦੀ ਰੈਲੀ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਸੂਬਾ ਸਕੱਤਰ ਜਗਤਾਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਲੋਕ ਮੋਰਚਾ ਪੰਜਾਬ ਤੋਂ ਜਗਮੇਲ ਸਿੰਘ, ਟੀਐੱਸ ਯੂ (ਭੰਗਲ) ਤੋਂ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ, ਮੋਲਡਰ ਸਟੀਲ ਵਰਕਰ ਯੂਨੀਅਨ ਤੋਂ ਹਰਜਿੰਦਰ ਸਿੰਘ, ਪਾਵਰਕੌਮ ਅਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਤੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ, ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਤੋਂ ਸੂਬਾ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਡੀਟੀਐੱਫ ਤੋਂ ਸੂਬਾ ਸਕੱਤਰ ਰੇਸ਼ਮ ਸਿੰਘ, ਫਰਦ ਕੇਂਦਰ ਯੂਨੀਅਨ ਤੋਂ ਰਮਨਦੀਪ ਸਿੰਘ, ਸੀਟੀਯੂ ਪੰਜਾਬ ਤੋਂ ਮੀਤ ਪ੍ਰਧਾਨ ਜਗਦੀਸ਼ ਚੰਦ ਸਮੇਤ ਵੰਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।