
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਸੀਟੀਵੀ 'ਚ ਇਹ ਵੀ ਦਿਖਾਈ ਦਿੰਦਾ ਹੈ ਕਿ ਟੋਪੀ ਪਹਿਨੇ ਹਮਲਾਵਰ ਵੱਲੋਂ ਵੀ ਆਪਣੀ ਪਿਸਤੌਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਸ ਦਾ ਹਥਿਆਰ ਫਾਇਰ ਨਹੀਂ ਹੁੰਦਾ । ਇਸ ਤੋਂ ਬਾਅਦ ਦੋਵੇਂ ਹਮਲਾਵਰ ਬਾਹਰ ਨਿਕਲਦੇ ਹਨ ਅਤੇ ਉੱਥੇ ਖੜ੍ਹੀ ਸਪਲੈਂਡਰ ਮੋਟਰਸਾਈਕਲ ’ਤੇ ਆਪਣੇ ਤੀਜੇ ਸਾਥੀ ਨਾਲ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ 'ਚ ਫਾਇਰਿੰਗ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੁਝ ਦਿਨ ਪਹਿਲਾਂ ਟਿੱਬਾ ਰੋਡ ’ਤੇ ਪੰਜ ਗੋਲ਼ੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸੋਮਵਾਰ ਰਾਤ ਰੇਲਵੇ ਸਟੇਸ਼ਨ ਦੇ ਨੇੜੇ ਇਕ ਨੌਜਵਾਨ ਨੂੰ ਉਸ ਦੀ ਕਾਰ ਵਿਚ ਤਾਬੜਤੋੜ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੁਣ ਸ਼ਹਿਰ ਦੇ ਪੌਸ਼ ਇਲਾਕੇ ਬੀਆਰਐੱਸ ਨਗਰ ਦੇ ਜੇ-ਬਲਾਕ 'ਚ ਪਿੱਜ਼ਾ ਫ੍ਰਾਮ ਮੈਕਸੀਕੋ ਦੇ ਆਊਟਲੈਟ ’ਤੇ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ ਨੇ ਪੁਲਿਸ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਵਾਰਦਾਤ ਤੋਂ ਬਾਅਦ ਇੰਸਟਾਗ੍ਰਾਮ ’ਤੇ ‘ਗੋਪੀ ਲਹੌਰੀਆ ਗਰੁੱਪ’ ਦੇ ਨਾਮ ਨਾਲ ਚੱਲ ਰਹੇ ਪੇਜ ਤੋਂ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਸਾਹਮਣੇ ਆਉਣ ਨਾਲ ਮਾਮਲਾ ਹੋਰ ਗੰਭੀਰ ਬਣ ਗਿਆ ਹੈ।
ਬੀਆਰਐੱਸ ਨਗਰ ਦੇ ਜੇ-ਬਲਾਕ ਸਥਿਤ ਪਿੱਜ਼ਾ ਆਊਟਲੈਟ 'ਚ ਦੇਰ ਰਾਤ ਵਾਪਰੀ ਇਸ ਘਟਨਾ ਨੇ ਉੱਥੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਸਾਹਮਣੇ ਆਈ ਸੀਸੀਟੀਵੀ ਫੁਟੇਜ 'ਚ ਵਾਰਦਾਤ ਦਾ ਪੂਰਾ ਦ੍ਰਿਸ਼ ਕੈਦ ਹੋਇਆ ਹੈ। ਫੁਟੇਜ ਮੁਤਾਬਕ ਆਊਟਲੈਟ ਦੇ ਅੰਦਰ ਦੋ ਵਿਅਕਤੀ ਬੈਠੇ ਹੋਏ ਸਨ। ਇਸੇ ਦੌਰਾਨ ਟੋਪੀ ਪਹਿਨਿਆ ਇਕ ਨੌਜਵਾਨ ਆਪਣੇ ਸਾਥੀ ਨਾਲ ਅੰਦਰ ਦਾਖਲ ਹੁੰਦਾ ਹੈ। ਅੰਦਰ ਪਹੁੰਚਦਿਆਂ ਹੀ ਇੱਕ ਹਮਲਾਵਰ ਪਿਸਤੌਲ ਕੱਢਦਾ ਹੈ ਅਤੇ ਬੇਹੱਦ ਤੇਜ਼ੀ ਨਾਲ ਲਗਾਤਾਰ ਤਿੰਨ ਫਾਇਰ ਕਰ ਦਿੰਦਾ ਹੈ। ਪੂਰੀ ਵਾਰਦਾਤ ਮਹਿਜ਼ ਤਿੰਨ ਸਕਿੰਟਾਂ ਦੇ ਅੰਦਰ ਹੋ ਜਾਂਦੀ ਹੈ।
ਸੀਸੀਟੀਵੀ ਵਿੱਚ ਇਹ ਵੀ ਦਿਖਾਈ ਦਿੰਦਾ ਹੈ ਕਿ ਟੋਪੀ ਪਹਿਨੇ ਹਮਲਾਵਰ ਵੱਲੋਂ ਵੀ ਆਪਣੀ ਪਿਸਤੌਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਸ ਦਾ ਹਥਿਆਰ ਫਾਇਰ ਨਹੀਂ ਹੁੰਦਾ । ਇਸ ਤੋਂ ਬਾਅਦ ਦੋਵੇਂ ਹਮਲਾਵਰ ਬਾਹਰ ਨਿਕਲਦੇ ਹਨ ਅਤੇ ਉੱਥੇ ਖੜ੍ਹੀ ਸਪਲੈਂਡਰ ਮੋਟਰਸਾਈਕਲ ’ਤੇ ਆਪਣੇ ਤੀਜੇ ਸਾਥੀ ਨਾਲ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਪੁਲਿਸ ਨੇ ਮੌਕੇ ਤੋਂ ਤਿੰਨ ਖਾਲੀ ਖੋਲ ਬਰਾਮਦ ਕੀਤੇ ਹਨ, ਜਿਸ ਨਾਲ ਸੀਸੀਟੀਵੀ ਵਿੱਚ ਨਜ਼ਰ ਆ ਰਹੀ ਫਾਇਰਿੰਗ ਦੀ ਪੁਸ਼ਟੀ ਵੀ ਹੁੰਦੀ ਹੈ।
ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇੱਕ ਪੋਸਟ ਨੇ ਪੁਲਿਸ ਦੀ ਜਾਂਚ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇੰਸਟਾਗ੍ਰਾਮ ’ਤੇ ‘ਗੋਪੀ ਲਹੌਰੀਆ ਗਰੁੱਪ’ ਦੇ ਨਾਮ ਨਾਲ ਬਣੇ ਪੇਜ ਤੋਂ ਪਿੱਜ਼ਾ ਫ੍ਰਾਮ ਮੈਕਸੀਕੋ, ਜੇ-ਬਲਾਕ ਲੁਧਿਆਣਾ ਵਿੱਚ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੋਸਟ ਵਿੱਚ ਗਰੁੱਪ ਦੇ ਨਾਮ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਲਿਖੀ ਗਈ ਹੈ। ਹਾਲਾਂਕਿ ਪੁਲਿਸ ਇਸ ਪੋਸਟ ਨੂੰ ਫਿਲਹਾਲ ਸਿਰਫ਼ ਦਾਅਵੇ ਵਜੋਂ ਦੇਖ ਰਹੀ ਹੈ ਅਤੇ ਇਸ ਦੀ ਸੱਚਾਈ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਵਿਖੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦੀ ਧਾਰਾ 109 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਦਵਿੰਦਰ ਸਿੰਘ ਮੁਤਾਬਕ ਮੌਕੇ ਤੋਂ ਤਿੰਨ ਖਾਲੀ ਖੋਲ ਮਿਲੇ ਹਨ। ਪੁਲਿਸ ਵੱਲੋਂ ਆਊਟਲੈਟ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਬਾਰੇ ਪਤਾ ਲੱਗ ਸਕੇ।
ਇਸ ਦੇ ਨਾਲ ਹੀ ਸਾਈਬਰ ਸੈੱਲ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਇੰਸਟਾਗ੍ਰਾਮ ’ਤੇ ‘ਗੋਪੀ ਲਹੌਰੀਆ ਗਰੁੱਪ’ ਦੇ ਨਾਮ ਨਾਲ ਚੱਲ ਰਿਹਾ ਪੇਜ ਅਸਲ ਵਿੱਚ ਕਿਸੇ ਗੈਂਗ ਨਾਲ ਜੁੜਿਆ ਹੋਇਆ ਹੈ ਜਾਂ ਕਿਸੇ ਸ਼ਰਾਰਤੀ ਤੱਤ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਫਰਜ਼ੀ ਪੇਜ ਬਣਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ। ਪੇਜ ਕਿਸ ਥਾਂ ਤੋਂ ਚਲਾਇਆ ਜਾ ਰਿਹਾ ਹੈ, ਇਸ ਲਈ ਵਰਤੇ ਜਾ ਰਹੇ ਆਈਪੀ ਐਡਰੈੱਸ ਅਤੇ ਹੋਰ ਤਕਨੀਕੀ ਜਾਣਕਾਰੀਆਂ ਵੀ ਪੁਲਿਸ ਵੱਲੋਂ ਖੰਗਾਲੀਆਂ ਜਾ ਰਹੀਆਂ ਹਨ।
ਟਿੱਬਾ ਰੋਡ ’ਤੇ ਨੌਜਵਾਨ ਦੀ ਹੱਤਿਆ, ਰੇਲਵੇ ਸਟੇਸ਼ਨ ਨੇੜੇ ਕਾਰ ਸਵਾਰ ਨੌਜਵਾਨ ’ਤੇ ਜਾਨਲੇਵਾ ਹਮਲੇ ਤੋਂ ਬਾਅਦ ਹੁਣ ਬੀਆਰਐੱਸ ਨਗਰ ਵਰਗੇ ਪੌਸ਼ ਇਲਾਕੇ ਵਿੱਚ ਇਸ ਤਰ੍ਹਾਂ ਖੁੱਲ੍ਹੇਆਮ ਫਾਇਰਿੰਗ ਹੋਣੀ ਲੁਧਿਆਣਾ ਵਿੱਚ ਕਾਨੂੰਨ-ਵਿਵਸਥਾ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਸ ਘਟਨਾ ਵਿੱਚ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਦੇ ਚਿਹਰੇ ਅਤੇ ਉਨ੍ਹਾਂ ਦੀ ਹਰਕਤ ਸੀਸੀਟੀਵੀ ਵਿੱਚ ਕੈਦ ਹੋਣ ਕਾਰਨ ਪੁਲਿਸ ਨੂੰ ਜਾਂਚ ਵਿੱਚ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਸੀਸੀਟੀਵੀ ਅਤੇ ਸਾਈਬਰ ਜਾਂਚ ਦੇ ਆਧਾਰ ’ਤੇ ਹਮਲਾਵਰਾਂ ਤੱਕ ਕਿੰਨੀ ਜਲਦੀ ਪਹੁੰਚਦੀ ਹੈ ਅਤੇ ਇੰਸਟਾਗ੍ਰਾਮ ’ਤੇ ‘ਗੋਪੀ ਲਹੌਰੀਆ ਗਰੁੱਪ’ ਵੱਲੋਂ ਲਈ ਗਈ ਜ਼ਿੰਮੇਵਾਰੀ ਦੇ ਦਾਅਵੇ ਦੀ ਅਸਲੀਅਤ ਕੀ ਸਾਹਮਣੇ ਆਉਂਦੀ ਹੈ।