- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Honey Sethi ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਗਲਤ ਦੱਸਦਿਆਂ ਦਾਅਵਾ ਕੀਤਾ ਕਿ ਉਹ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਜ ਕਾਰਨ ਲਈਆਂ ਜਾ ਰਹੀਆਂ ਦਵਾਈਆਂ ਕਾਰਨ ਡੋਪ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੰਵਾਦ ਸੂਤਰ, ਖੰਨਾ: ਦੋਰਾਹਾ ਇਲਾਕੇ 'ਚ ਇੰਟਰਨੈੱਟ ਮੀਡੀਆ 'ਤੇ ਚਰਚਿਤ ਇਨਫਲੂਐਂਸਰ, ਸੋਸ਼ਲ ਵਰਕਰ ਅਤੇ ਜੁੱਤੀਆਂ ਦੇ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ਼ ਹਨੀ ਸੇਠੀ ਨੂੰ ਨਸ਼ੇ ਦੇ ਸੇਵਨ ਦੇ ਦੋਸ਼ 'ਚ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ। ਮੈਡੀਕਲ ਜਾਂਚ ਦੌਰਾਨ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਨੇ ਉਸ ਵਿਰੁੱਧ ਐੱਨਡੀਪੀਐੱਸ (NDPS) ਐਕਟ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ, ਜ਼ਮਾਨਤੀ ਧਾਰਾਵਾਂ ਹੋਣ ਕਾਰਨ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਪੁਲਿਸ ਸੂਤਰਾਂ ਅਨੁਸਾਰ ਹਨੀ ਸੇਠੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਪਹਿਲਾਂ ਹੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਇਨਪੁਟਸ ਦੇ ਆਧਾਰ 'ਤੇ ਦੋਰਾਹਾ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਮੈਡੀਕਲ ਟੈਸਟ ਕਰਵਾਇਆ। ਰਿਪੋਰਟ 'ਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਣ 'ਤੇ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਦੋਰਾਹਾ ਥਾਣੇ ਦੇ ਐੱਸਐੱਚਓ ਅਕਾਸ਼ ਦੱਤ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਜਾਂਚ ਅਜੇ ਜਾਰੀ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਹਨੀ ਸੇਠੀ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਗਲਤ ਦੱਸਦਿਆਂ ਦਾਅਵਾ ਕੀਤਾ ਕਿ ਉਹ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਜ ਕਾਰਨ ਲਈਆਂ ਜਾ ਰਹੀਆਂ ਦਵਾਈਆਂ ਕਾਰਨ ਡੋਪ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਨੀ ਸੇਠੀ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਦਾ ਸਮਰਥਨ ਕਰਦਾ ਹੈ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤੀ ਜ਼ਰੂਰੀ ਹੈ।
ਹਨੀ ਸੇਠੀ ਇੰਟਰਨੈੱਟ ਮੀਡੀਆ 'ਤੇ ਲੱਖਾਂ ਫਾਲੋਅਰਜ਼ ਦੇ ਨਾਲ ਇਕ ਜਾਣਿਆ-ਪਛਾਣਿਆ ਨਾਂ ਹੈ। ਆਪਣੇ ਬੇਬਾਕ ਅੰਦਾਜ਼ ਅਤੇ ਵੱਖਰੀ ਸ਼ੈਲੀ ਦੀਆਂ ਵੀਡੀਓਜ਼ ਕਾਰਨ ਉਹ ਅਕਸਰ ਚਰਚਾ 'ਚ ਰਹਿੰਦਾ ਹੈ, ਹਾਲਾਂਕਿ ਕਈ ਵਾਰ ਵਿਵਾਦਾਂ ਦਾ ਸਾਹਮਣਾ ਵੀ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਉਸ ਦੇ ਨਿੱਜੀ ਜੀਵਨ ਨਾਲ ਜੁੜੇ ਮੁੱਦੇ ਇੰਟਰਨੈੱਟ ਮੀਡੀਆ ਦੀਆਂ ਸੁਰਖੀਆਂ ਬਣੇ ਸਨ। ਦੋਰਾਹਾ ਦੇ ਨੇੜੇ ਜੀਟੀ ਰੋਡ 'ਤੇ ਉਸ ਦਾ ਜੁੱਤੀਆਂ ਦਾ ਵੱਡਾ ਸ਼ੋਅਰੂਮ ਹੈ, ਜਦਕਿ ਪਾਇਲ ਇਲਾਕੇ ਵਿੱਚ ਵੀ ਉਸ ਦਾ ਕਾਰੋਬਾਰ ਫੈਲਿਆ ਹੋਇਆ ਹੈ।