- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਵਿਕਾਸਦੀਪ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਚੰਡੀਗੜ੍ਹ ਤੋਂ ਇਨੋਵਾ ਕਾਰ ’ਚ ਫ਼ਰੀਦਕੋਟ ਪਰਤ ਰਹੇ ਸਨ। ਸਵੇਰੇ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਦੀ ਪੁੱਤਰ ਨਾਲ ਫੋਨ 'ਤੇ ਗੱਲ ਹੋ ਰਹੀ ਸੀ। ਇਸੇ ਦੌਰਾਨ ਪਿੱਛੋਂ ਕਿਸੇ ਨੌਜਵਾਨ ਦੀ ਆਵਾਜ਼ ਆਈ ਕਿ ਟੱਕਰ ਹੋ ਗਈ ਹੈ।

ਜਾਗਰਣ ਸੰਵਾਦਦਾਤਾ, ਮਾਛੀਵਾੜਾ/ਸਮਰਾਲਾ : ਮਾਛੀਵਾਡਾ ਨੇੜੇ ਵਹਿੰਦੀ ਸਰਹਿੰਦ ਨਹਿਰ ’ਚ ਸ਼ੁੱਕਰਵਾਰ ਸਵੇਰੇ ਸ਼ੱਕੀ ਹਾਲਾਤ ’ਚ ਇਕ ਇਨੋਵਾ ਕਾਰ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿੱਖਾਂਵਾਲਾ ਵਾਸੀ ਵਿਕਾਸਦੀਪ (19) ਤੇ ਆਕਾਸ਼ਦੀਪ (20) ਵਜੋਂ ਹੋਈ ਹੈ। ਸ਼ਾਮ ਸਮੇਂ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ, ਜਿਸ ’ਚ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਕਾਸਦੀਪ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਚੰਡੀਗੜ੍ਹ ਤੋਂ ਇਨੋਵਾ ਕਾਰ ’ਚ ਫ਼ਰੀਦਕੋਟ ਪਰਤ ਰਹੇ ਸਨ। ਸਵੇਰੇ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਦੀ ਪੁੱਤਰ ਨਾਲ ਫੋਨ 'ਤੇ ਗੱਲ ਹੋ ਰਹੀ ਸੀ। ਇਸੇ ਦੌਰਾਨ ਪਿੱਛੋਂ ਕਿਸੇ ਨੌਜਵਾਨ ਦੀ ਆਵਾਜ਼ ਆਈ ਕਿ ਟੱਕਰ ਹੋ ਗਈ ਹੈ। ਇਸ ਤੋਂ ਬਾਅਦ ਦੋਵੇਂ ਨੌਜਵਾਨਾਂ ਦੇ ਮੋਬਾਈਲ ਫੋਨ ਬੰਦ ਹੋ ਗਏ। ਕਾਫੀ ਭਾਲ ਪਿੱਛੋਂ ਪਰਿਵਾਰ ਸਰਹਿੰਦ ਨਹਿਰ ਨੇੜੇ ਪਹੁੰਚਿਆ, ਜਿੱਥੇ ਪਤਾ ਲੱਗਾ ਕਿ ਸਵੇਰੇ ਇਕ ਇਨੋਵਾ ਕਾਰ ਨਹਿਰ ’ਚ ਡਿੱਗ ਗਈ ਸੀ। ਜਾਣਕਾਰੀ ਮਿਲਣ 'ਤੇ ਗੋਤਾਖੋਰਾਂ ਦੀ ਮਦਦ ਨਾਲ ਭਾਲ ਮੁਹਿੰਮ ਚਲਾਈ ਗਈ। ਸ਼ਾਮ ਸਮੇਂ ਕਾਰ ਦਾ ਪਤਾ ਲੱਗਣ 'ਤੇ ਹਾਈਡ੍ਰੋਲਿਕ ਮਸ਼ੀਨ ਦੀ ਮਦਦ ਨਾਲ ਇਸ ਨੂੰ ਬਾਹਰ ਕੱਢਿਆ ਗਿਆ। ਕਾਰ ਦੇ ਅੰਦਰ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਰਿੰਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤੇ ਭਤੀਜਾ ਚੰਡੀਗੜ੍ਹ ਤੋਂ ਗ਼ੈਰ ਕਾਨੂੰਨੀ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਈ ਵਾਰੀ ਉਨ੍ਹਾਂ ਨੂੰ ਇਹ ਕੰਮ ਛੱਡਣ ਲਈ ਸਮਝਾਇਆ ਸੀ, ਪਰ ਦੋਹਾਂ ਨੇ ਨਹੀਂ ਸੁਣਿਆ। ਉਨ੍ਹਾਂ ਦੀ ਮੌਤ ਵੀ ਇਸੇ ਕੰਮ ਨਾਲ ਜੁੜੀ ਹੋਈ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗ਼ੈਰ ਕਾਨੂੰਨੀ ਸ਼ਰਾਬ ਨਾਲ ਭਰੀ ਇਨੋਵਾ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਸ਼ਰਾਬ ਦੇ ਠੇਕੇਦਾਰ ਦੀ ਇਕ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ, ਜਿਸ ਕਾਰਨ ਇਹ ਸਰਹਿੰਦ ਨਹਿਰ’ਚ ਡਿੱਗ ਗਈ। ਹਾਲਾਂਕਿ ਇਸ ਸਬੰਧੀ ਪੁਲਿਸ ਨੇ ਹੁਣ ਤੱਕ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।
ਥਾਣਾ ਸਮਰਾਲਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ। ਗੋਤਾਖੋਰਾਂ ਦੀ ਮਦਦ ਨਾਲ ਕਾਰ ਤੇ ਦੋਵੇਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਾਰ ’ਚ ਭਾਰੀ ਮਾਤਰਾ ਵਿਚ ਸ਼ਰਾਬ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।