- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 3 ਕਿਲੋ 134 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ 80 ਖਾਲੀ ਲਿਫਾਫੇ, ਚਾਰ ਡਿਜੀਟਲ ਕੰਡੇ, 1.05 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਨੀਲੇ ਰੰਗ ਦਾ ਪਿੱਠੂ ਬੈਗ ਵੀ ਮਿਲਿਆ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ 3 ਕਿਲੋ 134 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਡਾਬਾ ਕਲੋਨੀ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਤੋਂ ਇਲਾਵਾ 1.05 ਲੱਖ ਰੁਪਏ ਦੀ ਡਰੱਗ ਮਨੀ, 80 ਖਾਲੀ ਲਿਫਾਫੇ ਅਤੇ ਚਾਰ ਡਿਜੀਟਲ ਕੰਡੇ ਬਰਾਮਦ ਕੀਤੇ ਹਨ। ਵੱਡੀ ਮਾਤਰਾ ਵਿੱਚ ਹੈਰੋਇਨ ਦੀ ਬਰਾਮਦਗੀ ਨੂੰ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਅਹਿਮ ਕਾਰਵਾਈ ਮੰਨਿਆ ਜਾ ਰਿਹਾ ਹੈ।
ਪੁਲਿਸ ਅਨੁਸਾਰ ਸਪੈਸ਼ਲ ਸੈੱਲ ਦੇ ਐੱਸਆਈ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਗਲੀ ਨੰਬਰ 04, ਡਾਬਾ ਕਲੋਨੀ ਵੱਲ ਪਹੁੰਚੀ ਤਾਂ ਘਰ ਦੇ ਬਾਹਰ ਕੁਝ ਵਿਅਕਤੀ ਇੱਕ-ਦੂਜੇ ਨੂੰ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਾਉਂਦੇ ਨਜ਼ਰ ਆਏ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 3 ਕਿਲੋ 134 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ 80 ਖਾਲੀ ਲਿਫਾਫੇ, ਚਾਰ ਡਿਜੀਟਲ ਕੰਡੇ, 1.05 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਨੀਲੇ ਰੰਗ ਦਾ ਪਿੱਠੂ ਬੈਗ ਵੀ ਮਿਲਿਆ।
ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਡਾਬਾ ਕਲੋਨੀ ਦੇ ਵਾਸੀ ਨਿਤਿਨ , ਉਸ ਦਾ ਭਰਾ ਪਵਨ ਰਾਏ ਅਤੇ ਸੂਰਜ ਨਗਰ ਦੇ ਵਾਸੀ ਅੰਕਿਤ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਪੈਸ਼ਲ ਸੈੱਲ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21ਸੀ/61/85 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।