ਲੁਧਿਆਣਾ ’ਚੋਂ ਕਈ ਕੁੜੀਆਂ ਲਾਪਤਾ, ਮਹਿਲਾ ਕਮਿਸ਼ਨ ਨੇ ਮਾਮਲੇ ਦਾ ਲਿਆ ਨੋਟਿਸ; ਲਾਲੀ ਗਿੱਲ ਨੇ ਕਿਹਾ-ਕਿਸੇ ਵਿਅਕਤੀ ਜਾਂ ਸੰਗਠਿਤ ਗਿਰੋਹ ਨੇ...
ਗਿੱਲ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ’ਚ ਦਸ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਨੂੰ ਕਿਸੇ ਵਿਅਕਤੀ ਜਾਂ ਸੰਗਠਿਤ ਗਿਰੋਹ ਵੱਲੋਂ ਅਗਵਾ ਨਹੀਂ ਕੀਤਾ ਗਿਆ ਸੀ। ਕਈ ਮਾਮਲਿਆਂ ’ਚ ਉਹ ਨਿੱਜੀ ਜਾਂ ਪਰਿਵਾਰਕ ਕਾਰਨਾਂ ਕਰ ਕੇ ਆਪਣੀ ਮਰਜ਼ੀ ਨਾਲ ਘਰ ਛੱਡ ਗਈਆਂ ਸਨ।
Publish Date: Sat, 06 Jun 2026 08:40 AM (IST)
Updated Date: Sat, 06 Jun 2026 08:48 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚੋਂ ਕਈ ਕੁੜੀਆਂ ਦੇ ਲਾਪਤਾ ਹੋਣ ਸਬੰਧੀ ਸੋਸ਼ਲ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਨੋਟਿਸ ਲਿਆ ਹੈ। ਉਨ੍ਹਾਂ ਨੇ ਪੁਲਿਸ ਕਮਿਸ਼ਨਰ, ਲੁਧਿਆਣਾ ਤੋਂ ਇਸ ਸਬੰਧੀ ਵਿਸਥਾਰਿਤ ਰਿਪੋਰਟ ਮੰਗੀ ਤੇ ਤੱਥਾਂ ਦਾ ਪਤਾ ਲਗਾਉਣ ਲਈ ਪੁਲਿਸ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਗਿੱਲ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ’ਚ ਦਸ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਨੂੰ ਕਿਸੇ ਵਿਅਕਤੀ ਜਾਂ ਸੰਗਠਿਤ ਗਿਰੋਹ ਵੱਲੋਂ ਅਗਵਾ ਨਹੀਂ ਕੀਤਾ ਗਿਆ ਸੀ। ਕਈ ਮਾਮਲਿਆਂ ’ਚ ਉਹ ਨਿੱਜੀ ਜਾਂ ਪਰਿਵਾਰਕ ਕਾਰਨਾਂ ਕਰ ਕੇ ਆਪਣੀ ਮਰਜ਼ੀ ਨਾਲ ਘਰ ਛੱਡ ਗਈਆਂ ਸਨ। ਪੁਲਿਸ ਟੀਮਾਂ ਵੱਲੋਂ ਤਕਨੀਕੀ ਨਿਗਰਾਨੀ, ਫੀਲਡ ਪੁੱਛਗਿੱਛ ਤੇ ਅੰਤਰ-ਏਜੰਸੀ ਤਾਲਮੇਲ ਰਾਹੀਂ ਲਾਪਤਾ ਕੁੜੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਕਈ ਕੁੜੀਆਂ ਨੂੰ ਪਹਿਲਾਂ ਹੀ ਲੱਭ ਲਿਆ ਗਿਆ ਹੈ ਤੇ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਮਾਲਪੁਰ ਪੁਲਿਸ ਸਟੇਸ਼ਨ ਵਿਖੇ ਦਰਜ ਇਕ ਮਾਮਲੇ ’ਚ, ਉੱਤਰ ਪ੍ਰਦੇਸ਼ ਦੀਆਂ ਤਿੰਨ ਕੁੜੀਆਂ ਉਨ੍ਹਾਂ ਦੇ ਹੀ ਜੱਦੀ ਪਿੰਡ ਤੋਂ ਬਰਾਮਦ ਕੀਤੀਆਂ ਗਈਆਂ ਹਨ, ਜਿੱਥੇ ਉਹ ਕਿਸੇ ਜ਼ੋਰ-ਜ਼ਬਰਦਸਤੀ ਤਹਿਤ ਨਹੀਂ ਬਲਕਿ ਕੁਝ ਪਰਿਵਾਰਕ ਕਾਰਨਾਂ ਕਰ ਕੇ ਆਪਣੀ ਮਰਜ਼ੀ ਨਾਲ ਗਈਆਂ ਸਨ।
ਇਸ ਸਮੇਂ ਕਿਸੇ ਸੰਗਠਿਤ ਅਗਵਾ ਰੈਕੇਟ ਜਾਂ ਅਪਰਾਧਿਕ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਹੈ। ਹਾਲਾਂਕਿ, ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸਾਰੇ ਸੰਭਾਵਿਤ ਪਹਿਲੂਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।