- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਲੇ ਵਿੱਚ ਇਹ ਰਾਇ ਵੀ ਸਾਹਮਣੇ ਆ ਰਹੀ ਹੈ ਕਿ ਯੂਨੀਵਰਸਿਟੀ ਨੂੰ ਅੱਗੇ ਲਿਜਾਣ ਲਈ ਤਜਰਬੇਕਾਰ, ਖੇਤੀਬਾੜੀ ਖੋਜ ਅਤੇ ਸਿੱਖਿਆ ਨਾਲ ਜੁੜੇ ਅਤੇ ਪ੍ਰਸ਼ਾਸਨਿਕ ਸਮਰੱਥਾ ਵਾਲੇ ਵਾਈਸ ਚਾਂਸਲਰ ਦੀ ਲੋੜ ਹੈ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਦੀ ਭਾਲ ਦੀ ਪ੍ਰਕਿਰਿਆ ਜਾਰੀ ਹੈ। ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦਾ ਕਾਰਜਕਾਲ ਇਸੇ ਮਹੀਨੇ ਵਿੱਚ 18 ਅਗਸਤ ਨੂੰ ਸਮਾਪਤ ਹੋਣ ਜਾ ਰਿਹਾ ਹੈ।
ਉਧਰ ਦੂਜੇ ਪਾਸੇ ਯੂਨੀਵਰਸਿਟੀ ਦੇ ਸਮੁੱਚੇ ਅਮਲੇ ਵਿੱਚ ਡਾ. ਗੋਸਲ ਦੀ ਅਗਵਾਈ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਤਰੱਕੀ ਨੂੰ ਲੈ ਕੇ ਭਰੋਸੇ ਦੀ ਭਾਵਨਾ ਸਪੱਸ਼ਟ ਤੌਰ ’ਤੇ ਸਾਹਮਣੇ ਆ ਰਹੀ ਹੈ। ਪੀਏਯੂ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਨਾਲ ਜੁੜੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਡਾ. ਗੋਸਲ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਨੇ ਕਈ ਪੱਖਾਂ ਤੋਂ ਤਰੱਕੀ ਕੀਤੀ ਹੈ। ਅਮਲੇ ਵਿੱਚ ਇਹ ਰਾਇ ਵੀ ਸਾਹਮਣੇ ਆ ਰਹੀ ਹੈ ਕਿ ਯੂਨੀਵਰਸਿਟੀ ਨੂੰ ਅੱਗੇ ਲਿਜਾਣ ਲਈ ਤਜਰਬੇਕਾਰ, ਖੇਤੀਬਾੜੀ ਖੋਜ ਅਤੇ ਸਿੱਖਿਆ ਨਾਲ ਜੁੜੇ ਅਤੇ ਪ੍ਰਸ਼ਾਸਨਿਕ ਸਮਰੱਥਾ ਵਾਲੇ ਵਾਈਸ ਚਾਂਸਲਰ ਦੀ ਲੋੜ ਹੈ।
---
ਡਾ. ਗੋਸਲ ਨੂੰ ਦਿੱਤੀ ਜਾਵੇ ਐਕਸਟੈਂਸ਼ਨ : ਵਾਲੀਆ
ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ, ਰਾਜਪਾਲ ਪੰਜਾਬ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕੀਤੀ ਹੈ ਕਿ ਕਿ ਡਾ. ਸਤਿਬੀਰ ਸਿੰਘ ਗੋਸਲ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਗਲੇ ਚਾਰ ਸਾਲਾਂ ਲਈ ਵਾਧਾ ਦਿੱਤਾ ਜਾਵੇ। ਉਨ੍ਹਾਂ ਕਿਹਾ ਇਸ ਸਬੰਧੀ ਉਹ ਕੇਜਰੀਵਾਲ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾ ਰਹੇ ਹਨ। ਪੀਏਯੂ ਦੇ ਮੁਲਾਜ਼ਮਾਂ ਨੂੰ ਇਹ ਉਮੀਦ ਸੀ ਕਿ ਡਾ. ਗੋਸਲ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨਾਂ ਨੂੰ ਅਗਲੇ ਚਾਰ ਸਾਲਾਂ ਲਈ ਹੋਰ ਐਕਸਟੈਂਸ਼ਨ ਦਿੱਤੀ ਜਾਵੇਗੀ ਪਰ ਪੰਜਾਬ ਸਰਕਾਰ ਵੱਲੋ ਉਨਾਂ ਨੂੰ ਹਾਲੇ ਤੱਕ ਐਕਸਟੈਸ਼ਨ ਨਹੀ ਦਿੱਤੀ ਗਈ।
---
ਡਾ. ਗੋਸਲ ਨੇ 19 ਅਗਸਤ 2022 ਨੂੰ ਵੀਸੀ ਵਜੋਂ ਸੰਭਾਲੀ ਸੀ ਜ਼ਿੰਮੇਵਾਰੀ
ਡਾ. ਗੋਸਲ ਨੇ 19 ਅਗਸਤ 2022 ਨੂੰ ਵੀਸੀ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਾਗਡੋਰ ਸੰਭਾਲੀ ਸੀ। ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀ ਅਗਵਾਈ ਹੇਠ ਪੀਏਯੂ ਨੇ ਕਈ ਖੇਤਰਾਂ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ। ਪਿਛਲੇ ਤਿੰਨ ਸਾਲਾਂ ਤੋਂ ਪੀਏਯੂ ਰਾਸ਼ਟਰੀ ਸੰਸਥਾਗਤ ਰੈਂਕਿੰਗ ਵਿੱਚ ਖੇਤੀਬਾੜੀ ਸੰਸਥਾਵਾਂ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਰੈਂਕਿੰਗ ਵਿੱਚ ਦੁਨੀਆ ਦੀਆਂ ਸਰਵੋਤਮ 100 ਸੰਸਥਾਵਾਂ ਵਿੱਚ ਆਪਣੀ ਥਾਂ ਬਣਾਈ। ਖੇਤੀ ਮਸ਼ੀਨਰੀ ਦੇ ਖੇਤਰ ਵਿੱਚ ਸਵੈ-ਸੰਚਾਲਿਤ ਟਰੈਕਟਰ ਦੇ ਸਫਲ ਤਜਰਬੇ ਨੂੰ ਵੀ ਯੂਨੀਵਰਸਿਟੀ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਵਿੱਚ ਗਿਣਿਆ ਜਾਂਦਾ ਹੈ। ਸਿੱਖਿਆ ਦੇ ਖੇਤਰ ਵਿੱਚ ਸੈਂਸਰ ਆਧਾਰਿਤ ਖੇਤੀਬਾੜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਵਿੱਚ ਏਆਈ ਦੀ ਵਰਤੋਂ ਬਾਰੇ ਸਕੂਲ ਸਥਾਪਤ ਕੀਤਾ ਗਿਆ। ਪਿਛਲੇ ਸਾਲ ਹੜ੍ਹਾਂ ਦੌਰਾਨ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਯੂਨੀਵਰਸਿਟੀ ਵੱਲੋਂ ਕੀਤੇ ਗਏ ਕਾਰਜਾਂ ਵਿੱਚ ਵੀ ਵਾਈਸ ਚਾਂਸਲਰ ਦੀ ਅਗਵਾਈ ਅਤੇ ਪ੍ਰੇਰਨਾ ਨੂੰ ਅਹਿਮ ਮੰਨਿਆ ਗਿਆ। ਵਿਦੇਸ਼ਾਂ ਵਿੱਚ ਪ੍ਰਸਿੱਧ ਟਿਊਲਿਪ ਫੁੱਲਾਂ ਦੀ ਕਾਸ਼ਤ ਨੂੰ ਵੀ ਯੂਨੀਵਰਸਿਟੀ ਕੈਂਪਸ ਵਿੱਚ ਉਤਸ਼ਾਹਿਤ ਕੀਤਾ ਗਿਆ।