ਸਮਰਾਲਾ ਨਗਰ ਕੌਂਸਲ ਦੀ ਚੋਣ, ‘ਆਪ’ ਦੇ ਲਾਲਾ ਮੰਗਤ ਰਾਏ ਬਣੇ ਪ੍ਰਧਾਨ
ਸਮਰਾਲਾ ਨਗਰ ਕੌਂਸਲ ਦੀ ਹੋਈ ਚੋਣ ‘ਆਪ’ ਦੇ ਲਾਲਾ ਮੰਗਤ ਰਾਏ ਬਣੇ ਨਵੇਂ ਪ੍ਰਧਾਨ
Publish Date: Tue, 23 Jun 2026 07:09 PM (IST)
Updated Date: Wed, 24 Jun 2026 04:04 AM (IST)

ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਨਗਰ ਕੌਂਸਲ ਸਮਰਾਲਾ ਦੇ ਦਫਤਰ ਵਿਖੇ ਹੋਈ। ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਾ ਮੰਗਤ ਰਾਏ ਨੇ 15 ਵਿੱਚੋਂ 9 ਵੋਟਾਂ ਹਾਸਲ ਕਰਕੇ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਵਜੋਂ ਜਿੱਤ ਦਰਜ ਕੀਤੀ। ਇਸ ਦੇ ਨਾਲ ਡਾ. ਸਿਕੰਦਰ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਕੁਲਦੀਪ ਕੌਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਨਤੀਜੇ ਐਲਾਨੇ ਜਾਣ ਮਗਰੋਂ ‘ਆਪ’ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਮਰਥਕਾਂ ਨੇ ਜਸ਼ਨ ਮਨਾਇਆ। ਇਸ ਮੌਕੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਨਵੇਂ ਚੁਣੇ ਪ੍ਰਧਾਨ ਲਾਲਾ ਮੰਗਤ ਰਾਏ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਜਾਵੇਗੀ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਸੀਵਰੇਜ ਪ੍ਰੋਜੈਕਟ ਸਮੇਤ ਹੋਰ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਚੋਣ ਉਪਰੰਤ ਹਲਕਾ ਵਿਧਾਇਕ ਵੱਲੋਂ ਨਵੇਂ ਚੁਣੇ ਪ੍ਰਧਾਨ ਲਾਲਾ ਮੰਗਤ ਰਾਏ, ਵਾਈਸ ਪ੍ਰਧਾਨ ਸਿਕੰਦਰ ਸਿੰਘ ਅਤੇ ਵਾਈਸ ਪ੍ਰਧਾਨ ਕੁਲਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਰਾਲਾ ਸ਼ਹਿਰ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਜਿਸ ਨੇ ਉਹ ਸ਼ਹਿਰ ਵਾਸੀਆਂ ਨਾਲ ਮੁੜ ਵਾਅਦਾ ਕਰਦੇ ਹਨ, ਕਿ ਅੱਜ ਤੋਂ ਬਾਅਦ ਸਮਰਾਲਾ ਦੀ ਤਸਵੀਰ ਬਦਲ ਦਿੱਤੀ ਜਾਵੇਗੀ, ਜੋ ਵਿਕਾਸ ਦੇ ਕੰਮਾਂ ਸਾਲਾਂਬੱਧੀ ਰੁਕੇ ਪਏ ਸਨ, ਉਨ੍ਹਾਂ ਨੂੰ ਜਲਦੀ ਹੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਉਪਰੰਤ ਵੱਡੇ ਕਾਫਲੇ ਵਿੱਚ ਇੱਕਤਰ ਹੋਏ ਆਮ ਆਦਮੀ ਪਾਰਟੀ ਦੇ ਸਮਰੱਥਕਾਂ ਵੱਲੋਂ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਜੇਤੂ ਜਲੂਸ ਕੱਢਿਆ ਗਿਆ। ਇਸ ਦੌਰਾਨ ਸ਼ਹਿਰ ਨਿਵਾਸੀਆਂ ਨੇ ਲਾਲ ਮੰਗਤ ਰਾਏ ਅਤੇ ਹਲਕਾ ਵਿਧਾਇਕ ਦਾ ਭਾਵਭਿੰਨਾ ਸਵਾਗਤ ਕਰਕੇ, ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੇਜਰ ਸਿੰਘ ਬਾਲਿਓਂ ਚੇਅਰਮੈਨ ਮਾਰਕੀਟ ਕਮੇਟੀ, ਕਸ਼ਮੀਰੀ ਲਾਲ ਪ੍ਰਧਾਨ ਬੁੱਧੀਜੀਵੀ ਸੈੱਲ ਲੁਧਿਆਣਾ, ਬਲਪ੍ਰੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਤੇਜਵੀਰ ਸਿੰਘ ਤੇਜੀ ਵਾਈਸ ਚੇਅਰਮੈਲ ਬਲਾਕ ਸੰਮਤੀ, ਨਵਜੀਤ ਸਿੰਘ ਪੀ. ਏ., ਜਸਪ੍ਰੀਤ ਸਿੰਘ ਜੱਸਾ ਹਲਕਾ ਸੰਗਠਨ ਇੰਚਾਰਜ, ਸੁਖਵਿੰਦਰ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਮਾਛੀਵਾੜਾ ਸਾਹਿਬ, ਸਤਵੀਰ ਸਿੰਘ ਸੇਖੋਂ, ਯਾਦਵਿੰਦਰ ਸਿੰਘ ਯਾਦੂ ਭੰਗਲਾਂ। ਹਰਗੁਰਮੁੱਖ ਸਿੰਘ ਦਿਆਲਪੁਰਾ ਚੇਅਰਮੈਨ ਪੀ. ਏ. ਡੀ. ਬੀ., ਨਛੱਤਰ ਸਿੰਘ ਬੌਂਦਲੀ ਬਲਾਕ ਸੰਮਤੀ ਮੈਂਬਰ, ਤੇਜਿੰਦਰ ਸਿੰਘ ਗਰੇਵਾਲ, ਮਨੀ ਸਰਪੰਚ ਬਾਲਿਓਂ, ਹਨੀਸ਼ ਕੌਸ਼ਲ, ਰੁਪਿੰਦਰ ਕੌਰ ਐਮ. ਸੀ., ਅਮ੍ਰਿਤਾ ਪੁਰੀ ਐਮ. ਸੀ., ਜਸਪ੍ਰੀਤ ਕੌਰ ਐਮ. ਸੀ., ਰਜਿੰਦਰ ਕੌਰ ਐਮ. ਸੀ. ਆਦਿ ਤੋਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਲਾਲਾ ਮੰਗਤ ਰਾਏ ਅੱਜ ਦੂਜੀ ਵਾਰ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਬਣੇ ਹਨ ਅਤੇ ਸ਼ਹਿਰ ਨਿਵਾਸੀਆਂ ਨੂੰ ਉਨ੍ਹਾਂ ਤੋਂ ਵੱਡੀਆਂ ਆਸਾਂ ਹਨ। ਡੱਬੀ ਲਈ: ਅਕਾਲੀ ਦਲ ਤੇ ਭਾਜਪਾ ਸਮਰਥਕਾਂ ਨੇ ਲਾਇਆ ਧਰਨਾ ਵਾਰਡ ਨੰਬਰ 2 ਤੋਂ ਕੌਂਸਲਰ ਅਮਨਦੀਪ ਸਿੰਘ ਰਾਜੂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਂਸਲਰ ਬਣਿਆ ਹੈ, ਜਿਸ ’ਤੇ ਦੋਸ਼ ਲਾਇਆ ਗਿਆ ਕਿ ਉਹ ਦੂਜੇ ਕੌਂਸਲਰਾਂ ਦੀ ਖਰੀਦੋ ਫਰੋਖਤ ਕਰ ਕੇ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪਾਉਣ ਲਈ ਉਕਸਾ ਰਿਹਾ ਸੀ। ਕਥਿਤ ਕੌਂਸਲਰ ਅਮਨਦੀਪ ਸਿੰਘ ਰਾਜੂ ਨੂੰ ਸਥਾਨਕ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਗ੍ਰਿਫਤਾਰੀ ਦੀ ਖਬਰ ਮਿਲਦੇ ਸਾਰ ਹੀ ਅਕਾਲੀ ਦਲ ਅਤੇ ਭਾਜਪਾ ਦੇ ਦਰਜਨਾਂ ਸਮਰਥਕਾਂ ਵੱਲੋਂ ਨਗਰ ਕੌਂਸਲ ਦੇ ਦਫਤਰ ਅੱਗੇ ਇਕਠੇ ਹੋ ਕੇ ਅਤੇ ਪੁਲਿਸ ਦੀ ਗੱਡੀ ਅੱਗੇ ਪੈ ਕੇ ਧਰਨਾ ਲਗਾ ਦਿੱਤਾ। ਧਰਨੇ ’ਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ। ਕਰੀਬ 40 ਮਿੰਟ ਚੱਲੇ ਧਰਨੇ ਦੌਰਾਨ ਮਹੌਲ ਤਣਾਅਪੂਰਨ ਹੋ ਗਿਆ, ਬਾਅਦ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ ਅਤੇ ਕੌਂਸਲਰ ਅਮਨਦੀਪ ਸਿੰਘ ਰਾਜੂ ਨੂੰ ਪੁਲਿਸ ਆਪਣੀ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਈ, ਕੁਝ ਘੰਟਿਆਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।