ਲੁਧਿਆਣਾ ਤੋਂ ਮੰਦਭਾਗੀ ਖ਼ਬਰ: ਬਜ਼ੁਰਗ ਬਾਪ ਨੇ ਪੁੱਤਾਂ ਤੋਂ ਤੰਗ ਆ ਕੇ ਲਾਇਆ ਫਾਹਾ, ਘਰ ਨੂੰ ਅੱਗ ਲਾ ਕੇ ਸਾੜਨ ਦੀ ਦੇ ਰਹੇ ਸਨ ਧਮਕੀ
ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਮ੍ਰਿਤਕ ਗੁਰਦੇਵ ਸਿੰਘ ਦੀ ਪਤਨੀ ਦੇ ਬਿਆਨ ’ਤੇ ਮ੍ਰਿਤਕ ਦੇ ਦੋਨਾਂ ਪੁੱਤਰਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ। ਗੁਰਦੇਵ ਸਿੰਘ ਦੀ ਪਤਨੀ ਕਿਰਨ ਦੇਵੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਗੁਰਦੇਵ ਸਿੰਘ ਦੇ ਪਹਿਲੇ ਵਿਆਹ ਤੋਂ 2 ਪੁੱਤਰ ਲਵਪ੍ਰੀਤ ਅਤੇ ਹਰਪ੍ਰੀਤ ਸਿੰਘ ਹਨ।
Publish Date: Mon, 08 Jun 2026 08:44 AM (IST)
Updated Date: Mon, 08 Jun 2026 08:48 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਸਥਾਨਕ ਭਾਮੀਆਂ ਖੁਰਦ ਮਹਾਂਵੀਰ ਕਾਲੋਨੀ ਇਲਾਕੇ ’ਚ ਇਕ 70 ਸਾਲਾ ਬਜ਼ੁਰਗ ਨੇ ਆਪਣੇ 2 ਪੁੱਤਰਾਂ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਾ ਲਿਆ। ਬਜ਼ੁਰਗ ਨੇ ਆਪਣੇ ਘਰ ’ਚ ਹੀ ਫਾਹਾ ਲਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਮ੍ਰਿਤਕ ਗੁਰਦੇਵ ਸਿੰਘ ਦੀ ਪਤਨੀ ਦੇ ਬਿਆਨ ’ਤੇ ਮ੍ਰਿਤਕ ਦੇ ਦੋਨਾਂ ਪੁੱਤਰਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ। ਗੁਰਦੇਵ ਸਿੰਘ ਦੀ ਪਤਨੀ ਕਿਰਨ ਦੇਵੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਗੁਰਦੇਵ ਸਿੰਘ ਦੇ ਪਹਿਲੇ ਵਿਆਹ ਤੋਂ 2 ਪੁੱਤਰ ਲਵਪ੍ਰੀਤ ਅਤੇ ਹਰਪ੍ਰੀਤ ਸਿੰਘ ਹਨ।
ਇਹ ਦੋਨੋਂ ਲੜਕੇ ਪਹਿਲਾਂ ਉਨ੍ਹਾਂ ਦੇ ਮਕਾਨ ਦੀ ਉੱਪਰ ਵਾਲੀ ਮੰਜ਼ਿਲ ’ਚ ਰਹਿੰਦੇ ਸਨ ਪਰ ਗੁਰਦੇਵ ਸਿੰਘ ਨੇ ਉਨ੍ਹਾਂ ਦੀਆਂ ਗਲਤ ਹਰਕਤਾਂ ਕਾਰਨ ਦੋਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਕੁੱਝ ਸਮਾਂ ਪਹਿਲਾਂ ਜੀਵਨ ਸਿੰਘ ਨਗਰ ਪੱਟੀ ਤਰਨਤਾਰਨ ਰਹਿਣ ਵਾਲੇ ਲਵਪ੍ਰੀਤ ਤੇ ਹਰਪ੍ਰੀਤ ਸਿੰਘ ਵਾਪਸ ਆਏ ਤੇ ਮਕਾਨ ਖਾਲੀ ਕਰਵਾਉਣ ਲਈ ਘਰ ’ਚ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਸਮਾਂ ਪਹਿਲਾਂ ਉਨ੍ਹਾਂ ਆਪਣੇ ਪਿਤਾ ਨੂੰ ਘਰ ਨੂੰ ਅੱਗ ਲਾ ਕੇ ਸਾੜ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ, ਜਿਸ ਕਾਰਨ ਬਜੁਰਗ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਗੁਰਦੇਵ ਸਿੰਘ ਨੇ 6 ਜੂਨ ਨੂੰ ਮਕਾਨ ਦੀ ਛੱਤ ਦੇ ਗਾਡਰ ਨਾਲ ਫਾਹਾ ਲਾ ਕੇ ਮੌਤ ਨੂੰ ਗਲੇ ਲਾ ਲਿਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਕਿਰਨ ਦੇਵੀ ਦੇ ਬਿਆਨ ’ਤੇ ਮ੍ਰਿਤਕ ਦੇ ਦੋਨਾਂ ਪੁੱਤਰਾਂ ਲਵਪ੍ਰੀਤ ਤੇ ਹਰਪ੍ਰੀਤ ਸਿੰਘ ਖਿਲਾਫ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।