ਗੁਰਪ੍ਰੀਤ ਨਗਰ ’ਚ ਨਸ਼ਿਆਂ ਸਬੰਧੀ ਲੋਕਾਂ ਨੇ ਜਤਾਈ ਚਿੰਤਾ
ਗੁਰਪ੍ਰੀਤ ਨਗਰ ਵਿੱਚ ਨਸ਼ਿਆਂ ਨੂੰ ਲੈ ਕੇ ਵਸਨੀਕਾਂ ਦੀ ਜਤਾਈ ਚਿੰਤਾ
Publish Date: Fri, 26 Jun 2026 09:17 PM (IST)
Updated Date: Sat, 27 Jun 2026 04:11 AM (IST)

-ਪੁਲਿਸ ਨੇ ਜਾਂਚ ਸ਼ੁਰੂ ਕਰਕੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ 29) ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਗੁਰਪ੍ਰੀਤ ਨਗਰ ਦੇ ਵਸਨੀਕਾਂ ਨੇ ਇਲਾਕੇ ਵਿੱਚ ਕਥਿਤ ਨਸ਼ਿਆਂ ਦੀ ਗਤੀਵਿਧੀ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਕਾਰਨ ਇਲਾਕੇ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਬਣ ਰਹੀ ਹੈ। ਇਸ ਮੌਕੇ ਤੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਨਸ਼ੇ ਵਿਚ ਲਿਪਤ ਲੋਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ। ਇਸ ਮੌਕੇ ਸਤਿੰਦਰ, ਦਲਜੀਤ, ਮਨਜਿੰਦਰ, ਨੀਰਜ, ਸ਼ਿਵਮ, ਯਾਦਵਿੰਦਰ, ਭੁਪਿੰਦਰ, ਅਤੁਲ, ਰਿਸ਼ੂ, ਹੈਪੀ, ਹਰਵਿੰਦਰ, ਪ੍ਰੇਮ, ਹਨੀ, ਬਲਜਿੰਦਰ, ਰਜਨੀ, ਸੋਨਾ, ਰੀਤੂ, ਸੰਦੀਪ ਕੌਰ ਅਤੇ ਅਮਰਜੀਤ ਕੌਰ ਸਮੇਤ ਹੋਰ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੀਆਂ ਚਿੰਤਾਵਾਂ ਪੁਲਿਸ ਦੇ ਧਿਆਨ ਵਿੱਚ ਲਿਆਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਵੇਰੇ ਤੋਂ ਦੇਰ ਰਾਤ ਤੱਕ ਕੁਝ ਸ਼ੱਕੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਗਲੀ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਤੇ ਮੁਹੱਲਾ ਵਾਸੀਆਂ ਨੂੰ ਆਉਣ ਜਾਣ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਤੇ ਪੂਰੀ ਤਰ੍ਹਾਂ ਰੋਕ ਲੱਗੇ ਤਾਂ ਜੋ ਬੱਚਿਆਂ ਤੇ ਪਰਿਵਾਰਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਮਾਹੌਲ ਮਿਲ ਸਕੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਨਿਯਮਤ ਨਿਗਰਾਨੀ ਵਧਾਉਣ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਲਾਕਾ ਵਾਸੀਆਂ ਨੇ ਇਸ ਮਾਮਲੇ ਨੂੰ ਲੈ ਕੇ ਥਾਣਾ ਡਾਬਾ ਦੇ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੇ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਪੁਲਿਸ ਵੱਲੋਂ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਵੀ ਵਿਅਕਤੀ ਨਸ਼ਿਆਂ ਦੀ ਤਸਕਰੀ ਜਾਂ ਨਸ਼ਿਆਂ ਨਾਲ ਸਬੰਧਤ ਗ਼ੈਰ-ਕਾਨੂੰਨੀ ਸਰਗਰਮੀ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਲਾਕੇ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਿਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।